Headlines

ਸਰੀ ਗਿਲਫੋਰਡ ਤੋਂ ਐਨਡੀਪੀ ਉਮੀਦਵਾਰ ਗੈਰੀ ਬੈਗ 22 ਵੋਟਾਂ ਨਾਲ ਜੇਤੂ ਕਰਾਰ

ਬੀ ਸੀ ਐਨ ਡੀ ਪੀ ਨੂੰ ਵਿਧਾਨ ਸਭਾ ਵਿਚ ਬਹੁਮਤ ਪ੍ਰਾਪਤ-

ਸਰੀ ( ਦੇ ਪ੍ਰ ਬਿ)-ਸਰੀ ਗਿਲਫੋਰਡ ਹਲਕੇ ਤੋਂ ਜੁਡੀਸ਼ੀਅਲ ਗਿਣਤੀ ਦੌਰਾਨ ਐਨ ਡੀ ਪੀ ਦੇ ਉਮੀਦਵਾਰ ਗੈਰੀ ਬੈਗ ਆਪਣੇ ਵਿਰੋਧੀ ਕੰਸਰਵੇਟਿਵ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ ਤੋਂ 22 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ।

ਇਸ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਨੂੰ ਮੁੜ ਗਿਣਤੀ ਦੌਰਾਨ ਅਧਿਕਾਰਿਤ ਤੌਰ ਤੇ ਜੇਤੂ ਕਰਾਰ ਦਿੱਤੇ ਜਾਣ ਨਾਲ ਬੀਸੀ ਵਿਚ ਡੇਵਿਡ ਈਬੀ ਦੀ ਅਗਵਾਈ ਵਾਲੀ ਪਾਰਟੀ ਨੂੰ ਬਹੁਮਤ ਹਾਸਲ ਹੋ ਗਿਆ ਹੈ। 93 ਮੈਂਬਰੀ ਵਿਧਾਨ ਸਭਾ ਵਿਚ ਸਰਕਾਰ ਬਣਾਉਣ ਲਈ ਉਸ ਕੋਲ ਆਪਣੀਆਂ 47 ਸੀਟਾਂ ਦਾ ਬਹੁਮਤ ਦਾ ਅੰਕੜਾ ਪ੍ਰਾਪਤ ਹੋ ਗਿਆ ਹੈ।
ਅੱਜ ਐਲਾਨ ਗਏ ਨਤੀਜੇ ਮੁਤਾਬਿਕ ਸਰੀ ਗਿਲਫੋਰਡ ਹਲਕੇ ਦੀ ਮੁੜ ਗਿਣਤੀ ਦੌਰਾਨ ਬੈਗ ਨੂੰ ਕੁਲ  8947 ਅਤੇ ਕੰਸਰਵੇਟਿਵ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ ਨੂੰ  8,925 ਵੋਟਾਂ ਮਿਲੀਆਂ। ਬੀਤੀ  28 ਅਕਤੂਬਰ ਨੂੰ ਚੋਣ ਨਤੀਜਿਆਂ ਦੀ ਆਪਣੀ ਅੰਤਿਮ ਗਿਣਤੀ ਪੂਰੀ ਕਰਨ ਤੋਂ ਬਾਅਦ, ਬੈਗ ਨੇ 27 ਵੋਟਾਂ ਦੀ ਲੀਡ ਹਾਸਲ ਕੀਤੀ ਸੀ। ਮੁੜ ਗਿਣਤੀ ਤੋਂ ਬਾਅਦ ਉਹਨਾਂ ਦੀ  22 ਵੋਟਾਂ ਨਾਲ ਲੀਡ ਨੂੰ ਮੰਨਦਿਆਂ ਜੇਤੂ ਕਰਾਰ ਦੇ ਦਿੱਤਾ ਗਿਆ ਹੈ।
ਦੋਨਾਂ ਉਮੀਦਵਾਰਾਂ ਦੇ ਵਕੀਲ ਮੁੜ ਗਿਣਤੀ ਦੌਰਾਨ  ਮੌਜੂਦ ਸਨ ਅਤੇ ਨਤੀਜਿਆਂ ਨਾਲ ਸਹਿਮਤ ਹਨ।