Headlines

ਸੰਪਾਦਕੀ- ਕੈਨੇਡਾ ਵਿਚ ਫਿਰਕੂ ਨਫਰਤ ਦੀਆਂ ਘਟਨਾਵਾਂ ਨਿੰਦਾਜਨਕ ਤੇ ਅਤਿ ਸ਼ਰਮਨਾਕ ਵੀ….

ਸੁਖਵਿੰਦਰ ਸਿੰਘ ਚੋਹਲਾ-

ਪਿਛਲੇ ਦਿਨੀਂ ਬਰੈਂਪਟਨ ਤੇ ਸਰੀ ਵਿਚ ਵਾਪਰੀਆਂ ਫਿਰਕੂ ਨਫਰਤ ਵਾਲੀਆਂ ਘਟਨਾਵਾਂ ਨੇ ਇੰਡੋ -ਕੈਨੇਡੀਅਨ ਭਾਈਚਾਰੇ ਨਾਲ ਸਬੰਧਿਤ ਹਰ ਆਮ ਤੇ ਖਾਸ ਵਿਅਕਤੀ ਨੂੰ ਪ੍ਰੇਸ਼ਾਨ ਕੀਤਾ ਹੈ। ਧਰਮ, ਭਾਸ਼ਾ, ਖੇਤਰ ਤੇ ਜਾਤ-ਪਾਤ ਦੀਆਂ ਵਲਗਣਾਂ ਵਿਚ ਫਸੇ ਭਾਰਤੀ ਲੋਕਾਂ ਵਿਚਾਲੇ ਅਜਿਹੀਆਂ ਫਿਰਕੂ ਨਫਰਤ ਵਾਲੀਆਂ ਘਟਨਾਵਾਂ ਵਾਪਰਨ ਦਾ ਇਤਿਹਾਸ ਕੋਈ ਨਵਾਂ ਨਹੀਂ ਪਰ ਕੈਨੇਡਾ ਵਰਗੇ ਵਿਕਸਿਤ ਮੁਲਕ ਵਿਚ ਅਜਿਹੀ ਫਿਰਕੂ ਨਫਰਤ ਦਾ ਪਸਾਰਾ ਜਿਥੇ  ਹੈਰਾਕੁੰਨ ਤੇ ਨਿੰਦਾਜਨਕ ਹੈ ਉਥੇ ਇਹ ਅਤਿ ਸ਼ਰਮਨਾਮ ਵੀ ਹੈ। ਬਰੈਂਪਟਨ ਅਤੇ ਸਰੀ ਦੇ ਦੋ ਧਾਰਮਿਕ ਸਥਾਨਾਂ ਦੀਆਂ ਬਰੂਹਾਂ ਉਪਰ ਖਾਲਿਸਤਾਨੀ ਝੰਡੇ ਤੇ ਤਿਰੰਗੇ ਲਹਿਰਾਉਣ ਦੇ ਨਾਲ ਨਫਰਤੀ ਨਾਅਰੇਬਾਜੀ ਤੇ ਇਕ ਦੂਸਰੇ ਨੂੰ ਗਾਲੀਗਲੋਚ, ਮੰਦੀ ਸ਼ਬਦਾਵਲੀ ਤੇ ਡਾਂਗੋ- ਸੋਟੀ ਹੋਣ ਦੇ ਮੰਜ਼ਰ ਜੇ ਭਿਆਨਕ ਨਹੀਂ ਤਾਂ ਇੰਡੋ-ਕੈਨੇਡੀਅਨ ਭਾਈਚਾਰੇ ਦੀ ਅਜ਼ਮਤ ਦਾ ਜ਼ਨਾਜਾ ਕੱਢਣ ਲਈ ਕਾਫੀ ਹਨ। ਫਿਰਕੂ ਨਫਰਤ ਦੇ ਇਹ ਦ੍ਰਿਸ਼ ਇਹ ਦੱਸਣ ਲਈ ਕਾਫੀ ਹਨ ਕਿ ਅਸੀਂ ਕਿੰਨੇ ਕੁ ਸਭਿਅਕ ਹਾਂ ? ਪਰ ਸਭਿਅਕ ਸੂਝ ਰੱਖਣ ਵਾਲਿਆਂ ਲਈ ਇਹ ਦ੍ਰਿਸ਼ ਸਚਮੁੱਚ ਪੀੜਾਦਾਇਕ ਹਨ।

ਖਬਰਾਂ ਹਨ ਕਿ ਬਰੈਂਪਟਨ ਦੇ ਹਿੰਦੂ ਮੰਦਿਰ ਵਿਚ ਭਾਰਤੀ ਕੌਂਸਲੇਟ ਦਫਤਰ ਦੇ ਅਧਿਕਾਰੀਆਂ ਵਲੋਂ ਸਾਬਕਾ ਭਾਰਤੀ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਕੌਂਸਲਰ ਸੇਵਾਵਾਂ ਦਾ ਕੈਂਪ ਲਗਾਇਆ ਗਿਆ ਸੀ। ਕੌਂਸਲੇਟ ਦਫਤਰ ਦੇ ਇਸ ਕਾਰਜ ਦਾ ਖਾਲਿਸਤਾਨੀ ਸਮਰਥਕਾਂ ਵਲੋਂ ਵਿਰੋਧ ਕਰਦਿਆਂ ਮੰਦਿਰ ਦੇ ਬਾਹਰ ਰੋਸ ਮੁਜਾਹਰਾ ਕੀਤਾ ਜਾ ਰਿਹਾ ਸੀ। ਮੁਜਾਹਰਾਕਾਰੀਆਂ ਵਲੋਂ ਨਾਅਰੇਬਾਜੀ ਦੇ ਨਾਲ ਕੈਂਪ ਵਿਚ ਆਉਣ ਵਾਲੇ ਲੋਕਾਂ ਖਿਲਾਫ ਵੀ ਮੰਦੀ ਸ਼ਬਦਾਵਲੀ ਦੀ ਵਰਤੋਂ  ਮੰਦਿਰ ਵਿਚ ਪੁੱਜੇ ਕੁਝ ਹੋਰ ਨੌਜਵਾਨਾਂ ਨਾਲ ਤਕਰਾਰ ਦਾ ਕਾਰਣ ਬਣੀ ਤੇ ਫਿਰ ਇਹ ਤਕਰਾਰ ਹੱਥੋ ਪਾਈ ਤੇ ਡਾਂਗ ਸੋਟੇ ਦੀ ਵਰਤੋਂ ਦੇ ਨਾਲ ਹਿੰਸਕ ਝੜਪ ਦਾ ਰੂਪ ਧਾਰ ਗਈ। ਦੋ ਧੜਿਆਂ ਵਿਚਾਲੇ ਝੜਪ ਨੂੰ ਧਾਰਮਿਕ ਸਥਾਨ ਉਪਰ ਹਮਲੇ ਦੇ ਪ੍ਰਚਾਰ ਨਾਲ ਭਾਰੀ ਭੀੜ ਦਾ ਜਮਾਂ ਹੋਣਾ ਤੇ ਫਿਰ ਪੁਲਿਸ ਦਾ ਦਖਲ ਸ਼ਹਿਰ ਵਿਚ ਤਣਾਅ ਵਾਲੀ ਸਥਿਤੀ ਪੈਦਾ ਕਰ ਗਿਆ। ਪੁਲਿਸ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਕੁਝ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।

ਇਸੇ ਤਰਾਂ ਦੀ ਦੂਸਰੀ ਘਟਨਾ ਸਰੀ ਦੇ ਹਿੰਦੂ ਮੰਦਿਰ ਦੇ ਬਾਹਰ ਵਾਪਰੀ। ਇਥੇ ਵੀ ਕੌਸਲਰ ਕੈਂਪ ਦਾ ਵਿਰੋਧ ਕਰਦੇ ਖਾਲਿਸਤਾਨੀ ਸਮਰਥਕਾਂ ਨੂੰ ਮੰਦਿਰ ਕਮੇਟੀ ਦੇ ਸੱਦੇ ਤੇ ਪੁੱਜੇ ਨੌਜਵਾਨਾਂ ਨੇ ਵੰਗਾਰਿਆ। ਇਥੇ ਸਥਾਨਕ ਪੁਲਿਸ ਦੇ ਦਖਲ ਉਪਰੰਤ ਮੰਦਿਰ ਨਾਲ ਸਬੰਧਿਤ ਕੁਝ ਨੌਜਵਾਨਾਂ ਨੇ ਸਰੀ ਪੁਲਿਸ ਨੂੰ ਮੁਜ਼ਹਰਾਕਾਰੀਆਂ ਦੇ ਸਮਰਥਕ ਦਸਦਿਆਂ ਉਹਨਾਂ ਉਪਰ ਹੀ ਖਾਲਿਸਤਾਨੀ ਹੋਣ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਸਰੀ ਪੁਲਿਸ ਨੇ ਭੜਕਾਹਟ ਪੈਦਾ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਮੰਦਿਰ ਕਮੇਟੀ ਦਾ ਦੋਸ਼ ਸੀ ਕਿ ਪੁਲਿਸ ਨੇ ਮੁਜਾਹਰਾਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਬਿਜਾਏ ਮੰਦਿਰ ਨਾਲ ਸਬੰਧਿਤ ਨੌਜਵਾਨਾਂ ਨੂੰ ਹੀ ਗ੍ਰਿਫਤਾਰ ਕਿਊਂ ਕੀਤਾ। ਮੰਦਿਰ ਕਮੇਟੀ ਦੇ ਸੱਦੇ ਉਪਰ ਪੁਲਿਸ ਹੈਡਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਬਰੈਂਪਟਨ ਰੋਸ ਪ੍ਰਦਰਸ਼ਨ ਦੌਰਾਨ ਇਕ ਪੁਲਿਸ ਅਫਸਰ ਦੀ ਸ਼ੱਕੀ ਭੂਮਿਕਾ ਉਪਰੰਤ ਉਸਨੂੰ ਮੁਅੱਤਲ ਵੀ ਕੀਤਾ ਗਿਆ ਹੈ।  ਭਾਰਤੀ ਭਾਈਚਾਰੇ ਦੀ ਵੱਡੀ ਵਸੋਂ ਵਾਲੇ ਦੋਵਾਂ ਸ਼ਹਿਰਾਂ ਵਿਚ ਇਸ ਫਿਰਕੂ ਤਣਾਅ ਭਰੇ ਮਾਹੌਲ ਦੌਰਾਨ ਇਕ ਦੂਸਰੇ ਦੇ ਧਾਰਮਿਕ ਸਥਾਨਾਂ ਉਪਰ ਸੰਭਾਵੀ ਹਮਲਿਆਂ ਦੀਆਂ ਅਫਵਾਹਾਂ, ਆਪੋ-ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਜਥੇ ਤਿਆਰ ਕਰਨ, ਪਹਿਰੇ ਲਗਾਉਣ ਤੇ  ਖਾਲਿਸਤਾਨ ਪੱਖੀ ਕਾਰੋਬਾਰਾਂ ਦੇ ਬਾਈਕਾਟ ਦੇ ਸੱਦੇ ਤੇ ਹੋਰ ਫਿਰਕੂ ਨਫਰਤ ਫੈਲਾਉਣ ਦੀਆਂ ਖਬਰਾਂ ਆਵਾਜਾਰ ਕਰਨ ਵਾਲੀਆਂ ਰਹੀਆਂ। ਇਹਨਾਂ ਘਟਨਾਵਾਂ ਦੌਰਾਨ ਕੌਮਾਂਤਰੀ ਵਿਦਿਆਰਥੀ ਖਾਸ ਕਰਕੇ ਹਰਿਆਣਵੀ ਨੌਜਵਾਨਾਂ ਦੀ ਸ਼ਮੂਲੀਅਤ ਦੀਆਂ ਖਬਰਾਂ ਅਤਿ ਚਿੰਤਾਜਨਕ ਰਹੀਆਂ। ਸੋਸ਼ਲ ਮੀਡੀਆ ਉਪਰ ਹਰਿਆਣਾ ਦੀਆਂ ਜਾਟ ਖਾਪਾਂ ਵਲੋਂ ਕੈਨੇਡਾ ਵਿਚ ਉਚੇਰੀ ਪੜਾਈ ਲਈ ਆਏ ਹਰਿਆਣਵੀ ਨੌਜਵਾਨਾਂ ਤੇ ਉਹਨਾਂ ਨੂੰ ਧਾਰਮਿਕ ਜਨੂੰਨੀਆਂ ਵਲੋਂ ਵਰਤੇ ਜਾਣ ਉਪਰ ਖੇਦ ਪ੍ਰਗਟ ਕਰਨ ਅਤੇ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੋਣ ਦੀਆਂ ਨਸੀਹਤਾਂ ਕੁਝ ਕੁ ਰਾਹਤ ਪਹੁੰਚਾਉਣ ਵਾਲੀਆਂ ਵੀ ਰਹੀਆਂ।

ਇਹਨਾਂ ਫਿਰਕੂ ਘਟਨਾਵਾਂ ਉਪਰ ਦੁਖ ਪ੍ਰਗਟ ਕਰਦਿਆਂ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਬਿਆਨ ਜਾਰੀ ਕੀਤੇ ਹਨ ਪਰ ਇਸ ਦੌਰਾਨ ਜਿਥੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਬਰੈਂਪਟਨ ਘਟਨਾ ਉਪਰ ਚਿੰਤਾ ਪ੍ਰਗਟ ਕਰਦਿਆਂ ਇਸਨੂੰ ਮੰਦਿਰ ਉਪਰ ਹਮਲਾ ਕਰਾਰ ਦਿੱਤਾ ਜਦੋਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਘਟਨਾ ਉਪਰ ਚਿੰਤਾ ਪ੍ਰਗਟਾਵੇ ਉਪਰੰਤ ਦਿੱਤਾ ਗਿਆ ਇਹ ਬਿਆਨ ਧਿਆਨਯੋਗ ਹੈ  ਕਿ ਕੈਨੇਡਾ ਵਿਚ ਸਾਰੇ ਖਾਲਿਸਤਾਨੀ ਸਮਰਥਕ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਨਹੀ ਕਰਦੇ ਤੇ ਇਵੇਂ ਹੀ ਮੋਦੀ ਸਮਰਥਕ ਕੈਨੇਡੀਅਨ ਹਿੰਦੂ ਭਾਈਚਾਰੇ ਦੀ ਪ੍ਰਤੀਨਿਧਤਾ ਨਹੀ ਕਰਦੇ। ਕੰਸਰਵੇਟਿਵ ਆਗ ਪੀਅਰ ਪੋਲੀਵਰ ਦਾ ਇਹ ਬਿਆਨ ਕਿ ਪ੍ਰਧਾਨ ਮੰਤਰੀ ਟਰੂਡੋ ਦੀ ਵੰਡਪਾਊ ਨੀਤੀ ਹੀ ਫਿਰਕੂ ਮਾਹੌਲ ਪੈਦਾ ਕਰਨ ਲਈ ਜਿੰਮੇਵਾਰ ਹੈ-ਵਿਚਾਰਨਯੋਗ ਹੈ। ਸਿਆਸੀ ਆਗੂਆਂ ਦੇ ਬਿਆਨ ਆਪੋ ਆਪਣੀ ਰਾਜਨੀਤੀ ਤੋਂ ਪ੍ਰੇਰਿਤ ਹੋ ਸਕਦੇ ਹਨ ਪਰ ਇਸ ਦੌਰਾਨ ਉਹਨਾਂ ਸ਼ਰਾਰਤੀ ਲੋਕਾਂ ਦੀਆਂ ਸਰਗਰਮੀਆਂ ਨੂੰ ਅੱਖੋ ਪਰੋਖਾ ਨਹੀ ਕੀਤਾ ਜਾ ਸਕਦਾ ਜੋ ਭਾਈਚਾਰਕ ਸਾਂਝ ਵਿਚ ਤਰੇੜੇ ਪੈਦਾ ਕਰਨ ਨੂੰ ਹੀ ਆਪਣੇ ਮਕਸਦ ਦੀ ਪੂਰਤੀ ਸਮਝਦੇ ਹਨ। ਬਰੈਂਪਟਨ ਦੇ ਮੇਅਰ ਨੇ ਧਾਰਮਿਕ ਸਥਾਨਾਂ ਉਪਰ ਕਿਸੇ ਵੀ ਤਰਾਂ ਦੇ ਰੋਸ ਪ੍ਰਦਰਸ਼ਨ ਜਾਂ ਮੁਜਾਹਰੇ ਉਪਰ ਪਾਬੰਦੀ ਲਗਾਏ ਜਾਣ ਦੀ ਗੱਲ ਕੀਤੀ ਹੈ। ਫਿਰਕੂ ਤਣਾਅ ਦੀਆਂ ਘਟਨਾਵਾਂ ਉਪਰੰਤ ਭਾਰਤੀ ਕੌਂਸਲੇਟ ਨੇ ਆਪਣੇ ਕੌਂਸਲਰ ਸੇਵਾਵਾਂ ਵਾਲੇ ਕੈਂਪ ਰੱਦ ਕਰਨ ਦਾ ਐਲਾਨ ਕੀਤਾ ਹੈ। ਭਾਵੇਂਕਿ ਇਹ ਕੈਂਪ ਕੌਂਸਲੇਟ ਦਫਤਰ ਤੋਂ ਬਾਹਰ ਲਗਾਏ ਜਾਣ ਦੀ ਪਰੰਪਰਾ ਕਾਫੀ ਪੁਰਾਣੀ ਦੱਸੀ ਜਾਂਦੀ ਹੈ ਪਰ ਕੈਨੇਡੀਅਨ ਏਜੰਸੀਆਂ ਵਲੋਂ ਖਾਲਿਸਤਾਨੀ ਆਗੂ ਨਿੱਝਰ ਦੀ ਹੱਤਿਆ ਵਿਚ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੇ ਕਥਿਤ ਖੁਲਾਸੇ ਉਪਰੰਤ ਭਾਰਤੀ ਕੌਂਸਲੇਟ ਦਫਤਰ ਖਿਲਾਫ ਰੋਸ ਪ੍ਰਦਰਸ਼ਨ ਫਿਰਕੂ ਤਣਾਅ ਦੀ ਜੜ ਵਿਚ ਸਾਮਿਲ ਹਨ। ਅਜਿਹੀ ਸਥਿਤੀ ਵਿਚ ਭਾਰਤੀ ਕੌਂਸਲੇਟ ਨੂੰ ਆਪਣੀਆਂ ਸਰਗਰਮੀਆਂ ਕੌਂਸਲੇਟ ਦਫਤਰ ਤੱਕ ਸੀਮਿਤ ਕਰ ਲੈਣੀਆਂ ਹੀ ਬੇਹਤਰ ਹਨ।

ਬਰੈਂਪਟਨ ਦੇ ਮੇਅਰ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਧਾਰਮਿਕ ਸਥਾਨਾਂ ਦੇ ਬਾਹਰ ਰੋਸ ਪ੍ਰਦਰਸ਼ਨ ਜਾਂ ਮੁਜਾਹਰੇ ਉਪਰ ਮੁਕੰਮਲ ਪਾਬੰਦੀ ਨਾਲ ਹੀ ਅਜਿਹੀਆਂ ਫਿਰਕੂ ਨਫਰਤ ਦੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ। ਕੈਨੇਡਾ ਆਮ ਲੋਕਾਂ ਦੇ ਬੇਹਤਰ ਜੀਵਨ ਪੱਧਰ ਅਤੇ ਸੁਖ- ਸ਼ਾਂਤੀ ਵਾਲਾ ਸੋਹਣਾ ਮੁਲਕ ਹੈ ਪਰ ਇਥੇ ਪਰਵਾਸੀ ਵਸੋਂ ਦੇ ਭਾਰੀ ਵਾਧੇ ਦੇ ਨਾਲ ਅਪਰਾਧ ਦਰ ਵਿਚ ਲਗਾਤਾਰ ਵਾਧਾ ਵੀ ਚਿੰਤਾਜਨਕ ਹੈ।  ਇਸ ਮੁਲਕ ਦੀ ਆਭਾ ਨੂੰ ਬਣਾਈ ਰੱਖਣ ਲਈ ਸ਼ਰਾਰਤੀ ਤੇ ਅਪਰਾਧਿਕ ਬਿਰਤੀ ਵਾਲੇ ਲੋਕਾਂ ਖਿਲਾਫ ਸਖਤ ਕਨੂੰਨ ਬਣਾਉਣਾ ਤੇ ਉਹਨਾਂ ਨੂੰ ਲਾਗੂ ਕਰਨਾ ਸਮੇਂ ਦੀ ਵੱਡੀ ਲੋੜ ਹੈ।