ਬਾਰਿਸ਼ ਦੇ ਬਾਵਜੂਦ ਸੰਗਤਾਂ ਨੇ ਉਤਸ਼ਾਹ ਨਾਲ ਹਾਜ਼ਰੀ ਭਰੀ-
ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)-ਬੀਤੇ ਦਿਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂਦੁਆਰਾ ਦੁੂਖ ਨਿਵਾਰਨ ਸਰੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਏ ਗਏ । ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਏ|ਮੌਸਮ ਦੀ ਖਰਾਬੀ ਤੇ ਭਾਰੀ ਬਾਰਸ਼ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ | ਇਸ ਮੌਕੇ ਗਿਆਨੀ ਨਰਿੰਦਰ ਸਿੰਘ ਵਲੋਂ ” ਭਿਜਿਓ ਸਿਜਿਓ ਕੰਬਲੀ ਅਲਹੁ ਵਰਸਿਓ ਮੇਹੁ …” ਦਾ ਸ਼ਬਦ ਗਾਇਨ ਕਰਦਿਆਂ ਸੰਗਤਾਂ ਦੇ ਉਤਸ਼ਾਹ ਨੂੰ ਵਧਾਇਆ। ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਵਿਚ ਸ਼ਾਮਿਲ ਸਰੀ ਨੌਰਥ ਤੋਂ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਕੀਰਤਨ ਦੇ ਰਸਤੇ ਵਿਚ ਸ਼ਰਧਾਲੂਆਂ ਵਲੋਂ ਥਾਂ ਥਾਂ ਵੱਖ-ਵੱਖ ਪਕਵਾਨਾਂ ਤੇ ਲੰਗਰਾਂ ਦੇ ਸਟਾਲ ਲਗਾਏ ਗਏ ਸਨ ਜਿਹਨਾਂ ਦਾ ਸੰਗਤਾਂ ਨੇ ਨਾਮਬਾਣੀ ਜਪਦਿਆਂ ਭਰਪੂਰ ਆਨੰਦ ਮਾਣਿਆ। ਰਾਗੀ ਤੇ ਢਾਡੀ ਸਿੰਘਾਂ ਦੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਿਆ। ਸਕੂਲੀ ਬੱਚਿਆਂ ਵਲੋਂ ਵੀ ਰਸਭਿੰਨਾ ਕੀਰਤਨ ਕੀਤਾ ਗਿਆ। ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਖਾਸ ਗੱਲ ਇਹ ਰਹੀ ਨਗਰ ਕੀਰਤਨ ਦੌਰਾਨ ਡਿਊਟੀ ਕਰ ਰਹੀ ਸਰੀ ਪੁਲਿਸ ਦੀ ਟੁਕੜੀ ਵਿਚ ਸ਼ਾਮਿਲ ਸਿੱਖ ਨੌਜਵਾਨ ਪੁਲਿਸ ਅਫਸਰਾਂ ਨੇ ਗਤਕੇ ਦੇ ਜੌਹਰ ਵਿਖਾਏ ਜਿਹਨਾਂ ਦੀ ਸੰਗਤਾਂ ਨੇ ਭਰਪੂਰ ਸਰਾਹਨਾ ਕੀਤੀ। ਇਹ ਨਗਰ ਕੀਰਤਨ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਨਾਲ ਸਮਾਪਤ ਹੋਇਆ। ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਗਿਆਨੀ ਨਰਿੰਦਰ ਸਿੰਘ ਨੇ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਨਗਰ ਕੀਰਤਨ ਦੀ ਸਾਂਝਾ ਟੀਵੀ ਚੈਨਲ ਵਲੋਂ ਲਾਈਵ ਕਵਰੇਜ ਕੀਤੀ ਗਈ।