Headlines

ਪੁਸਤਕ ਸਮੀਖਿਆ-ਚਰਨਜੀਤ ਸਿੰਘ ਪੰਨੂ ਦਾ ‘ਨਾਰਥ ਪੋਲ (ਧਰਤੀ ਦਾ ਮੁਕਟ)’ ਦੇ ਵਿਭਿੰਨ ਪਾਸਾਰ

ਸਮੀਖਿਆਕਾਰ- ਡਾ.ਭੀਮ ਇੰਦਰ ਸਿੰਘ-
ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਰਹਿਣ ਵਾਲਾ ਚਰਨਜੀਤ ਸਿੰਘ ਪੰਨੂ ਪੰਜਾਬੀ ਸਾਹਿੱਤ ਦੇ ਖੇਤਰ ਵਿਚ ਅਦੁੱਤੀ ਮੱਲਾਂ ਮਾਰਨ ਵਾਲਾ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਉਹ ਕੇਵਲ ਉਤਮ ਕਹਾਣੀਕਾਰ, ਕਵੀ ਜਾਂ ਨਾਵਲਕਾਰ ਹੀ ਨਹੀਂ ਸਗੋਂ ਉਸ ਨੇ ਉੱਚ ਕੋਟੀ ਦੇ ਸਫ਼ਰਨਾਮੇ ਲਿਖ ਕੇ ਪੰਜਾਬੀ ਸਾਹਿੱਤ ਦੇ ਖੇਤਰ ਵਿਚ ਨਵੇਂ ਮੀਲ-ਪੱਥਰ ਸਥਾਪਤ ਕੀਤੇ ਹਨ। ਇਹਨਾਂ ਸਫ਼ਰਨਾਮਿਆਂ ਵਿਚਲੀ ਨਰੋਈ ਤੇ ਖਿੱਚ ਪਾਊ ਵਾਰਤਕ ਦੀ ਸਿਰਜਣਾ ਕਰਕੇ ਉਸ ਨੇ ਪੰਜਾਬੀ ਸਫ਼ਰਨਾਮਾ ਸਾਹਿੱਤ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ। ਉਹ ਲਗਭਗ ਅੱਧੀ ਸਦੀ ਤੋਂ ਵੱਧ ਪੰਜਾਬੀ ਸਾਹਿੱਤ ਦੇ ਖੇਤਰ ਵਿਚ ਅਨੁਸ਼ਾਸਨਬੱਧ ਸਿਪਾਹੀ ਵਾਂਗ ਕਿਰਿਆਸ਼ੀਲ ਹੈ। ਉਸ ਨੇ ਅਨੇਕਾਂ ਥਾਵਾਂ ਤੇ ਘਟਨਾਵਾਂ ਨੂੰ ਆਧਾਰ ਬਣਾ ਕੇ ਆਪਣੀਆਂ ਸਾਹਿੱਤਿਕ ਰਚਨਾਵਾਂ ਦੀ ਰਚਨਾ ਕੀਤੀ ਹੈ। ਆਪਣੇ ਕਲਾਤਮਕ ਤੇ ਵਿਸ਼ਾ-ਵਸਤੂ ਦੀ ਵਿਲੱਖਣਤਾ ਕਾਰਨ  ਇਹ ਰਚਨਾਵਾਂ ਸਮੇਂ-ਸਮੇਂ ‘ਤੇ ਚਰਚਾ ਦਾ ਕੇਂਦਰ ਰਹੀਆਂ ਹਨ। ਇਹਨਾਂ ਵਿਚ ਉਸ ਦੇ ਵੱਖਰੇ ਤੇ ਵਿਸ਼ੇਸ਼ ਥਾਵਾਂ ਨਾਲ ਸਬੰਧਿਤ ਸਫ਼ਰਨਾਮੇ ਵੀ ਸ਼ਾਮਲ ਹਨ। ਇਹਨਾਂ ਵਿਚ ‘ਸਫ਼ਰਨਾਮਾ ਅਲਾਸਕਾ’, ਮੇਰੀ ਵਾਈਟ ਹਾਊਸ ਫੇਰੀ’, ‘ਹਵਾਈ’, ‘ਕੀਨੀਆ ਦੀ ਸਫ਼ਾਰੀ’, ‘ਤਨਜ਼ਾਨੀਆ ਦੀ ਸਫ਼ਾਰੀ’, ‘ਮਿੱਟੀ ਦੀ ਮਹਿਕ’, ‘ਯੂਟਾਹ ਦੇ ਪ੍ਰਾਕ੍ਰਿਤਕ ਅਚੰਭੇ’ ਆਦਿ ਸ਼ਾਮਲ ਹਨ।
‘ਨਾਰਥ ਪੋਲ’ (ਧਰਤੀ ਦਾ ਮੁਕਟ) ਚਰਨਜੀਤ ਸਿੰਘ ਪੰਨੂ ਦਾ ਸਾਲ (2024) ਵਿਚ ਪ੍ਰਕਾਸ਼ਿਤ ਹੋਇਆ ਨਵਾਂ ਸਫ਼ਰਨਾਮਾ ਹੈ, ਜਿਸ ਵਿਚ ਉਸ ਨੇ ਧਰਤੀ ਦੇ ਉੱਤਰੀ ਧਰੁਵ ਭਾਵ ਨਾਰਥ ਪੋਲ ਨੂੰ ‘ਧਰਤੀ ਦਾ ਮੁਕਟ’ ਕਿਹਾ ਹੈ। ਇਸ ਸਫ਼ਰਨਾਮੇ ਰਾਹੀਂ ਉਸ ਨੇ ਧਰਤੀ ਦੇ ਉੱਤਰੀ ਧਰੁਵ ਦੇ ਪ੍ਰਤੀਬਿੰਬ ਨੂੰ ਆਪਣੇ ਜ਼ਿਹਨ ਵਿਚ ਉਤਾਰ ਕੇ ਪਾਠਕਾਂ ਨਾਲ ਸਾਹਿੱਤਿਕ ਗੁਫ਼ਤਗੂ ਰਚਾ ਕੇ ਸਮਝਣ-ਸਮਝਾਉਣ ਦਾ ਯਤਨ ਕੀਤਾ ਹੈ। ਉਸ ਦਾ ਮੰਨਣਾ ਹੈ ਕਿ ਨਾਰਥ ਪੋਲ ਤੇ ਇਸ ਨਾਲ ਸੰਬੰਧਿਤ ਆਰਕਟਿਕ ਮਹਾਂਦੀਪ ਬਾਰੇ ਲਿਖਣਾ ਓਨਾ ਹੀ ਔਖਾ ਹੈ ਜਿੰਨਾ ਇਸ ਮਹਾਂਦੀਪ ਦੀ ਡੂੰਘੀ ਬਰਫ਼ਾਨੀ ਤਹਿ ਨਾਲ ਟੱਕਰ ਲੈਣੀ। ਉਸ ਦੀ ਚਿੰਤਾ ਇਹ ਵੀ ਹੈ ਕਿ ਏਨੀ ਭਾਰੀ ਬਰਫ਼ ਦੀ ਮੀਲਾਂ ਤੱਕ ਹੇਠਾਂ ਜੰਮੀ ਤਹਿ ਅਜੋਕੀ ਗਲੋਬਲ ਤਪਸ਼ ਕਾਰਨ ਤੇਜ਼ੀ ਨਾਲ ਪਿਘਲਣੀ ਸ਼ੁਰੂ ਹੋ ਚੁੱਕੀ ਹੈ ਜੋ ਧਰਤੀ ਅਤੇ ਕੁਦਰਤ ਦੀ ਹੋਂਦ ਲਈ ਇਕ ਵੱਡਾ ਖ਼ਤਰਾ ਸਿੱਧ ਹੋ ਸਕਦੀ ਹੈ। ਭੂਗੋਲਿਕ ਸਥਿਤੀ ਦੀ ਅਹਿਮੀਅਤ ਸਦਕਾ ਹੀ ਇਸ ਸਫ਼ਰਨਾਮੇ ਨੂੰ ਉਸ ਨੇ ਨਾਰਥ ਪੋਲ ਨੂੰ ਸਮਰਪਿਤ ਕੀਤਾ ਹੈ ਜੋ ਇਸ ਨਿਮਾਣੀ ਧਰਤ ਨੂੰ ਆਪਣੇ ਬਲਵਾਨ ਸਿੰਗਾਂ ‘ਤੇ ਉਠਾਈ, ਘੁਮਾਈ, ਭਵਾਂਟਣੀਆਂ ਦੇਈ ਜਾਂਦਾ ਨਿਤਾਪ੍ਰਤੀ ਨਿਯਮਬੱਧ ਹੋ ਕੇ ਇਹ ਦਿਨ, ਰਾਤ, ਰੁੱਤਾਂ ਆਦਿ ਬਣਾਈ ਜਾਂਦਾ, ਸਾਰੇ ਬ੍ਰਹਿਮੰਡ ਦੀ ਹੋਂਦ ਨੂੰ ਵੀ ਬਣਾਈ ਰੱਖਦਾ ਹੈ।
ਹਥਲੇ ਸਫ਼ਰਨਾਮੇ ਨੂੰ ਪੰਨੂ ਨੇ ਵੀਹ ਚੈਪਟਰਾਂ ਵਿਚ ਵੰਡਿਆ ਹੈ ਜਿਨ੍ਹਾਂ ਵਿਚਲੀ ਲੇਖਣੀ ਵਿਚ ਵਾਰਤਕ, ਕਥਾ, ਕਵਿਤਾ, ਨਾਟਕੀਅਤਾ, ਇਤਿਹਾਸਕਾਰੀ, ਸਿਆਸਤ, ਸਭਿਆਚਾਰ ਆਦਿ ਦੇ ਨਮੂਨੇ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਤੋਂ ਇਲਾਵਾ ਭੂਗੋਲ ਨਾਲ ਸੰਬੰਧਿਤ ਹਵਾਲੇ ਵੀ ਇਸ ਸਫ਼ਰਨਾਮੇ ਦੀ ਅਹਿਮ ਕੜੀ ਹਨ। ਉੱਤਰੀ ਧਰੁਵ ਦੀ ਯਾਤਰਾ ਦੇ ਖ਼ਤਰਨਾਕ ਸਿੱਟਿਆਂ ਬਾਰੇ ਰਿਚਾਰਡ ਨਿੰਜਾ ਦੀ ਗੱਲਬਾਤ ਤੋਂ ਗਿਆਤ ਹੁੰਦਾ ਹੈ। ਉਸ ਦੇ ਸ਼ਬਦ ਹਨ :
ਉੱਤਰੀ ਧਰੁਵ ਖੇਤਰ ਦਾ ਤਫ਼ਰੀਹ ਮਨੋਰੰਜਕ ਸੈਰ-ਸਪਾਟਾ ਬਹੁਤ ਖ਼ਤਰਨਾਕ ਤੇ ਮੁਸ਼ਕਲ ਹੈ। ਉੱਤਰੀ ਮਹਾਂਦੀਪ ਘੁੰਮਣ ਵਾਸਤੇ ਘੱਟੋ-ਘੱਟ ਤੀਹ ਹਜ਼ਾਰ ਡਾਲਰ ਪੱਲੇ ਬੰਨ੍ਹਣਾ ਪੈਂਦਾ ਹੈ। ਧੁਰ ਅਖੀਰ ਤੱਕ ਜਾਣ ਵਾਸਤੇ ਮਹੀਨਿਆਂ ਬੱਧੀ ਸਮਾਂ ਕੱਢਣਾ ਪੈਂਦਾ ਹੈ ਤੇ ਜਾਂਦੀ ਵਾਰੀ ਆਪਣੇ ਸਕੇ ਸੰਬੰਧੀਆ ਨੂੰ ਆਖ਼ਰੀ ਸਲਾਮ ਵੀ ਕਹਿਣੀ ਪੈਂਦੀ ਹੈ ਕਿਉਂਕਿ ਕੋਈ ਕਰਮਾ ਵਾਲਾ ਹੀ ਜਿਉਂਦਾ ਵਾਪਸ ਮੁੜਦਾ ਹੈ।(ਪੰਨਾ 16)
ਸਪਸ਼ਟ ਹੈ ਕਿ ਨਾਰਥ ਪੋਲ ਇੱਕ ਅਜਿਹੀ ਬੇ-ਆਬਾਦ ਥਾਂ ਹੈ ਜਿੱਥੇ ਲਗਾਤਾਰ ਬੇਇੰਤਹਾ ਠੰਢ ਕਾਰਨ ਧਰਤੀ ਦੀ ਸਤਹ ਹੇਠਲਾ ਹਿੱਸਾ ਜੰਮਿਆ ਰਹਿੰਦਾ ਹੈ। ਭੂਗੋਲ-ਵਿਗਿਆਨੀਆਂ ਨੇ ਇਸ ਨੂੰ ਆਰਕਟਿਕ ਟੁੰਡਰਾ, ਅਲਪਾਈਨ, ਐਂਟਾਰਕਟਿਕ ਟੁੰਡਰਾ ਆਦਿ ਤਿੰਨ ਤਰ੍ਹਾਂ ਦੇ ਗਰੁੱਪਾਂ ਵਿਚ ਵੰਡਿਆ ਹੋਇਆ ਹੈ। ਆਪਣੇ ਅਗਲੇ ਅਧਿਆਇ ਵਿਚ ਸਫ਼ਰਨਾਮਾਕਾਰ ਨੇ ਨਾਰਥ ਪੋਲ ਮਹਾਂਦੀਪ ਦੀ ਗੋਦ ਵਿਚ ਵੱਸੇ ਅਲਾਸਕਾ ਸਟੇਟ ਦੇ ਉੱਤਰੀ-ਪੂਰਬ ਵਿਚਲੇ ਸ਼ਹਿਰ ਬੈਰੋ ਨੂੰ ਧਰਤੀ ਦੀ ‘ਧੌਣ ਦਾ ਤਿਲ’ ਕਿਹਾ ਹੈ। ਕੁਦਰਤ ਦੀ ਇੱਕ ਨਿਵੇਕਲੀ ਸ਼ਾਹਕਾਰ ਹੋਣ ਕਰਕੇ ਇਸ ਦੀ ਸੁੰਦਰਤਾ ਮੂੰਹੋਂ ਬੋਲਦੀ ਹੈ। ਬੈਰੋ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ‘ਦ ਵੇਲ ਬੋਨ ਆਰਕ’ ਬਾਰੇ ਵੀ ਵਿਸਥਾਰ ਵਿਚ ਚਰਚਾ ਕੀਤੀ ਗਈ ਹੈ, ਜਿਸ ਨੂੰ ‘ਗੇਟ ਵੇ ਟੂ ਆਰਕਟਿਕ’ ਵੀ ਕਿਹਾ ਜਾਂਦਾ ਹੈ। ਪੰਨੂ ਨੇ ਇਸ ਸ਼ਹਿਰ ਨੂੰ ਸੈਰ ਸਪਾਟਾ ਵਜੋਂ ਵਿਕਸਤ ਕਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਵੀ ਸਾਡੇ ਧਿਆਨ ਵਿਚ ਲਿਆਂਦਾ ਹੈ। ਇੱਥੋਂ ਦੇ ਮਨਮੋਹਕ ਦ੍ਰਿਸ਼ਾਂ ਨੂੰ ਵੇਖ ਕੇ ਕੁਦਰਤ ਦਾ ਸ਼ੁਕਰਾਨਾ ਕਰਨ ਹਿਤ ਸਫ਼ਰਨਾਮਾਕਾਰ ਦੇ ਹੱਥ ਆਪ-ਮੁਹਾਰੇ ਜੁੜ ਜਾਂਦੇ ਹਨ ਤੇ ਉਹ ਪ੍ਰਮਾਤਮਾ ਦਾ ਗੁਣ-ਗਾਣ ਇੰਜ ਕਰਦਾ ਹੈ :
ਤੂੰ ਇਕੱਲਾ ਇਕਲੌਤਾ ਗਾਡ!
ਤੂੰ ਧਰਤ ਅਸਮਾਨ ਬਣਾਏ।
      ਤੂੰ ਹੀ ਸਵਰਗ ਤੂੰ ਹੀ ਨਰਕ,
                         ਤੂੰ ਹੀ ਸਭਨਾਂ ਜੀਆਂ ਦਾ ਪਾਲਕ,
        ਰਖਵਾਲਾ, ਮੇਜ਼ਬਾਨ !
                         ਸਭਨਾ ਵਿਚ ਤੇਰਾ ਵਾਸਾ।
                         ਤੂੰ ਸਭਨਾ ਨੂੰ ਜਾਨ ਜ਼ਿੰਦਗੀ ਬਖ਼ਸ਼ੇ,
                         ਸਾਰੀ ਵਿਭਿੰਨ ਜਨ-ਸਮੂਹ ਪ੍ਰਕਿਰਤੀ,
                        ਤੇਰੀ ਉਪਮਾ ਵਿਚ ਗੁਣ ਗਾਇਨ ਕਰਦੀ,
                      ਤੈਨੂੰ ਪੂਜਦੀ … ਨਮਸਕਾਰ ਨਮਸਕਾਰ।
ਸਫ਼ਰਨਾਮਾਕਾਰ ਨੇ ਇਸ ਨੂੰ ਭੂਗੋਲਿਕ ਜਾਂ ਚੁੰਬਕੀ ਉੱਤਰੀ ਧਰੁਵ ਵੀ ਕਿਹਾ ਹੈ। ਇੱਥੇ ਧਰਤੀ ਦੀ ਧੁਰੀ ਧਰਤੀ ਦੇ ਉੱਤਰੀ ਅਰਧ ਗੋਲੇ ਦੇ ਤਲ ਨੂੰ ਮਿਲਦੀ ਹੋਈ ਲੱਗਦੀ ਹੈ। ਇਹ ਧਰਤੀ ਲੰਮਾ ਸਮਾਂ ਸੂਰਜ ਦੀਆਂ ਕਿਰਨਾਂ ਤੋਂ ਅਪਹੁੰਚ ਰਹਿੰਦੀ ਹੈ। ਇਸ ਲਈ ਇੱਥੇ ਖ਼ੂਨ ਜਮ੍ਹਾ ਦੇਣ ਵਾਲੀ ਹੱਡ ਕੜਕਵੀਂ ਠੰਢ ਹੱਡਾਂ ਨੂੰ ਚੀਰਦੀ ਜਾਂਦੀ ਹੈ। ਬਰਫ਼ ਦੇ ਟੁੱਟਣ ਨਾਲ ਕਈ ਖੱਡੇ ਵੀ ਪੈ ਜਾਂਦੇ ਹਨ ਜੋ ਇੱਥੋਂ ਦੇ ਅਣਭੋਲ ਯਾਤਰੀਆਂ ਲਈ ਬਹੁਤ ਖ਼ਤਰਨਾਕ ਹੁੰਦੇ ਹਨ। ਆਪਣੇ ਅਗਲੇ ਮਜ਼ਮੂਨ ‘ਨਾਰਥ ਪੋਲ’ ਦੇ ਲੱਛਣ ਵਿਚ ਸਫ਼ਰਨਾਮਾਕਾਰ ਇਸ ਧਰੁਵ ਦੀ ਭੂਗੋਲਿਕ ਦਸ਼ਾ ਤੇ ਦਿਸ਼ਾ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਾ ਹੈ। ਉਸ ਅਨੁਸਾਰ ਇਸ ਵੇਲੇ ਪੈਂਦੀ ਅੱਤ ਦੀ ਗਰਮੀ ਕਾਰਨ, ਜੰਗਲ ਕਟਾਈ, ਭਿਆਨਕ ਜੰਗਾਂ ਦੇ ਬਾਰੂਦ, ਕਾਰਖ਼ਾਨਿਆਂ ਦੀਆਂ ਅਸਮਾਨੀ ਅੱਗ ਫੈਲਾਉਂਦੀਆਂ ਚਿਮਨੀਆਂ, ਜੰਗਲਾਂ ਵਿਚ ਲੱਗਦੀਆਂ ਅੱਗਾਂ ਦੇ ਸੇਕ ਕਾਰਨ ਨਾਰਥ ਪੋਲ ਦੇ ਪਿਘਲਣ ਦੀ ਰਫ਼ਤਾਰ ਪਹਿਲਾਂ ਨਾਲੋਂ ਕਿਤੇ ਵੱਧ ਗਈ ਹੈ। ਇਸ ਤੋਂ ਇਲਾਵਾ ਵੱਡੇ ਪੱਧਰ ਦੇ ਮਛੇਰੇ, ਮਲਟੀਨੇਸ਼ਨ ਗੈਸ ਕੰਪਨੀਆਂ, ਖਾਨਾਂ ਤੇ ਜਹਾਜ਼ਾਂ ਦੀ ਧੜਾ-ਧੜ ਟਰੈਫਿਕਿੰਗ ਇਸ ਧਰੁਵ ਦੀ ਸੁੰਦਰਤਾ ਨੂੰ ਹੋਰ ਵੀ ਵਿਗਾੜ ਰਹੀ ਹੈ।
ਸਫ਼ਰਨਾਮਾਕਾਰ ਆਪਣੀ ਯਾਤਰਾ ਦੇ ਵੱਖ-ਵੱਖ ਪ੍ਰਸੰਗਾਂ ਬਾਰੇ ਗੱਲ ਕਰਦਾ ਹੋਇਆ ਨਾਰਥ ਪੋਲ ਮਹਾਂਦੀਪ ਨੇੜਲੇ ਦੇਸ਼ਾਂ ਜਿਵੇਂ ਆਇਸਲੈਂਡ, ਨਾਰਵੇ, ਗਰੀਨਲੈਂਡ, ਨਿਊਜ਼ੀਲੈਂਡ, ਫਿਨਲੈਂਡ ਆਦਿ ਬਾਰੇ ਵੀ ਜ਼ਿਕਰ ਕਰਦਾ ਹੈ। ਨਾਰਥ ਪੋਲ ਸਰਕਲ ਦੇ ਜਾਨਵਰਾਂ ਤੇ ਪੰਛੀਆਂ ਬਾਰੇ ਜਾਣਕਾਰੀ ਦਿੰਦਾ ਹੋਇਆ ਵੇਲ ਮੱਛੀ, ਰੇਂਡੀਅਰ, ਮੂਜ਼, ਬਘਿਆੜ, ਚੀਤੇ, ਭੇਡਾਂ-ਬੱਕਰੀਆਂ, ਗੰਜੀ ਇੱਲ, ਬਰਫ਼ ਦੀ ਬੱਤਖ਼, ਪਰਵਾਸੀ ਬਾਜ਼-ਸ਼ਿਕਰਾ ਆਦਿ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦਾ ਹੈ। ਸਫ਼ਰਨਾਮਾਕਾਰ ਅਲਾਸਕਾ ਬਾਰੇ ਦੱਸਦਾ ਹੈ ਕਿ ਇਹ ਦਰਿਆਵਾਂ ਤੇ ਝੀਲਾਂ ਨਾਲ ਘਿਰਿਆ ਹੋਇਆ ਹੈ। ਇਕ ਲੱਖ ਗਲੇਸ਼ੀਅਰ ਤੇ ਤਿੰਨ ਲੱਖ ਝੀਲਾਂ ਇਸ ਦੀ ਸ਼ਾਨ ਨੂੰ ਚਾਰ ਚੰਨ ਲਗਾਉਂਦੀਆਂ ਹਨ। ਆਪਣੇ ਜਜ਼ਬਾਤਾਂ ਨੂੰ ਉਹ ਖੁੱਲ੍ਹੀ ਕਵਿਤਾ ਰਾਹੀਂ ਇੰਜ ਪ੍ਰਗਟ ਕਰਦਾ ਹੈ :
ਕਾਈਨਾਕ ਗਲੇਸ਼ੀਅਰ
ਕਿਰਪਾ ਕਰ ਦੇ ਮੁਆਫ਼ ਕਰੀਂ ਗਲੇਸ਼ੀਅਰ
ਤੇਰੇ ਦਰ ਤੇਰੀ ਸਰਦਲ ‘ਤੇ ਆਏ ਖੜੇ ਹਾਂ
ਮਿਹਰ ਕਰੀਂ ਬਰਫ਼ਾਨੀ ਬਾਬਾ
  ਤੇਰੇ ਜਬਾੜ੍ਹੇ ਹੇਠ ਖੜ੍ਹੇ ਹਾਂ ।
ਅਜਿਹੇ ਅਦਭੁਤ ਦ੍ਰਿਸ਼ਾਂ ਨੂੰ ਵੇਖ ਕੇ ਸਫ਼ਰਨਾਮਾਕਾਰ ਦੇ ਜ਼ਿਹਨ ਵਿਚ ਕਵਿਤਾ ਦਾ ਫੁਹਾਰਾ ਫੁੱਟ ਪੈਂਦਾ ਹੈ। ਠਾਠਾਂ ਮਾਰਦਾ ਅਥਾਹ ਸਮੁੰਦਰ, ਆਸੇ-ਪਾਸੇ ਦੇ ਪਹਾੜ ਅਤੇ ਲਿਸ਼ਕੋਰਾਂ ਮਾਰਦੇ ਬਰਫ਼ਾਨੀ ਮੈਦਾਨ ਇੱਕ ਵੱਖਰਾ ਨਜ਼ਾਰਾ ਪੇਸ਼ ਕਰਦੇ ਹਨ। ਲੇਖਕ ਅਨੁਸਾਰ ਅਲਾਸਕਾ ਵਿਚ ਹਰ ਸਾਲਾ ਪੰਜ ਤੋਂ ਛੇ ਹਜ਼ਾਰ ਤੱਕ ਭੂਚਾਲ ਆਉਂਦੇ ਹਨ, ਜਿਨ੍ਹਾਂ ਦਾ ਜੋੜ ਫਲ ਸਾਰੇ ਅਮਰੀਕਾ ਵਿਚ ਆਉਂਦੇ ਭੁਚਾਲਾਂ ਨਾਲੋਂ ਵੱਧ ਹੈ। ਇਹ ਭੂਚਾਲ ਕਈ ਵਾਰੀ ਅਸਲ ਵਿਚ ਅਲਾਸਕਾ ਦੇ ਲੋਕਾਂ ਨੂੰ ਜਗਾਉਣ ਤੇ ਭਵਿੱਖੀ ਖ਼ਤਰੇ ਪ੍ਰਤੀ ਸਾਵਧਾਨ ਰਹਿਣ ਵਾਸਤੇ ਬਹੁਤ ਉਸਾਰੂ ਤੇ ਕਾਰਗਰ ਨਸੀਹਤ ਹੋ ਨਿੱਬੜਦੇ ਹਨ। ਲੇਖਕ ਨੂੰ ਨਾਰਥ ਸਰਕਲ ਉੱਪਰੋਂ ਸਾਹਸ ਭਰੀਆਂ ਭਾਰਤੀ ਹਵਾਈ ਉਡਾਣਾਂ ਨੂੰ ਵੇਖਣ ਦਾ ਮੌਕਾ ਵੀ ਮਿਲਦਾ ਹੈ। ਇਨ੍ਹਾਂ ਚੈਪਟਰਾਂ ਤੋਂ ਇਲਾਵਾ ਸਫ਼ਰਨਾਮਾਕਾਰ ਨੇ ਨਵੀਂ ਪੁਲਾੜ ਖੋਜ, ਨਾਰਥਰਨ (ਅਰੋਰਾ) ਲਾਈਟਸ ਤੇ ਵਾਪਸੀ ਉਡਾਣ ਵਰਗੇ ਚੈਪਟਰਾਂ ਵਿਚ ਇਸ ਖੇਤਰ ਦੀਆਂ ਭੂਗੋਲਿਕ, ਵਿਗਿਆਨਕ ਜਾਂ ਹੋਰ ਵੱਖ-ਵੱਖ ਮਜ਼ਮੂਨਾਂ ਨੂੰ ਬਹੁਤ ਹੀ ਕਲਾਤਮਕ ਤੇ ਗੁਣਾਤਮਿਕ ਤਰੀਕੇ ਨਾਲ ਦਰਜ ਕੀਤਾ ਹੈ।
ਸਪਸ਼ਟ ਹੈ ਕਿ ਚਰਨਜੀਤ ਸਿੰਘ ਪੰਨੂ ਆਪਣੇ ਇਸ ਸਫ਼ਰਨਾਮੇ ਰਾਹੀਂ ਪੰਜਾਬੀ ਸਫ਼ਰਨਾਮਾ ਸਾਹਿੱਤ ਨੂੰ ਹੋਰ ਅਮੀਰ ਅਤੇ ਮਿਆਰੀ ਬਣਾਉਣ ਦੇ ਯਤਨ ਵਿਚ ਹੈ। ਉਹ ਪੰਜਾਬੀ ਸਫ਼ਰਨਾਮਾ ਸਾਹਿੱਤ ਦੇ ਕੈਨਵਸ ਵਿਚ ਲਗਾਤਾਰ ਕਾਰਜਸ਼ੀਲ ਹੋ ਕੇ ਆਪਣੇ ਸਿਰਜਕ ਹੋਣ ਦਾ ਧਰਮ ਨਿਭਾ ਰਿਹਾ ਹੈ। ਇਸੇ ਕਰਕੇ ਉਸ ਦੀ ਸਫ਼ਰਨਾਮਾ ਸਾਹਿੱਤ ਵਿਚ ਇਕ ਵੱਖਰੀ ਪਹਿਚਾਣ ਬਣ ਚੁੱਕੀ ਹੈ। ਸਫ਼ਰਨਾਮਾ ਸਾਹਿੱਤ ਤੋਂ ਬਿਨਾ ਕਹਾਣੀ, ਕਾਵਿ ਅਤੇ ਇਕਾਂਗੀ ਆਦਿ ਦੇ ਖੇਤਰ ਵਿਚ ਵੀ ਉਹ ਆਪਣੀ ਵੱਖਰੀ ਪਛਾਣ ਰੱਖਦਾ ਹੈ। ਆਪਣੇ ਇਸ ਸਫ਼ਰਨਾਮੇ ਵਿਚ ਉਸ ਨੇ ਭੂਗੋਲਿਕ ਪ੍ਰਸਥਿਤੀਆਂ ਦੇ ਨਾਲ-ਨਾਲ ਉਸ ਖੇਤਰ ਦੇ ਲੋਕਾਂ ਦੀਆਂ ਵਿਭਿੰਨ ਸੂਖਮ ਰਮਜ਼ਾਂ, ਪਾਸਾਰਾਂ ਤੇ ਸਰੋਕਾਰਾਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਹੈ। ਇਹ ਸਫ਼ਰਨਾਮਾ ਜਿਵੇਂ-ਜਿਵੇਂ ਪੜਾਅ-ਦਰ-ਪੜਾਅ ਅਗੇ ਵਧਦਾ ਹੈ ਤਿਉਂ-ਤਿਉਂ ਉਸ ਦੇ ਗਿਆਨ ਦੀ ਅੰਦਰੂਨੀ ਗੰਭੀਰਤਾ ਸਪਸ਼ਟ ਹੁੰਦੀ ਜਾਂਦੀ ਹੈ। ਇਸ ਗੰਭੀਰਤਾ ਕਰਕੇ ਹੀ ਉਸ ਦੀ ਸਮਾਜ ਤੇ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਤੇ ਫ਼ਿਕਰਮੰਦੀ ਦੀ ਝਲਕ ਆਪ ਮੁਹਾਰੇ ਸਾਡੇ ਸਾਹਮਣੇ ਪ੍ਰਗਟ ਹੋ ਜਾਂਦੀ ਹੈ। ਲੇਖਕ ਨੇ ਬੜੀ ਸ਼ਿੱਦਤ ਨਾਲ ਵਾਤਾਵਰਨ ਅੰਦਰਲੀ ਬੇਤਰਤੀਬੀ ਨੂੰ ਸੂਖਮਤਾ ਨਾਲ ਫੜਿਆ ਹੈ। ਇਹੋ ਕਾਰਨ ਹੈ ਕਿ ਇਹ ਸਫ਼ਰਨਾਮਾ ਵਰਤਮਾਨ ਦੀ ਦਹਿਲੀਜ਼ ‘ਤੇ ਖੜ੍ਹ, ਕੇ ਭਵਿੱਖ ਦੀ ਮਾਨਵੀ ਹੋਂਦ ਨਾਲ ਪੀਡੀ ਸਾਂਝ ਬਣਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਲੇਖਕ ਇਸ ਗੱਲੋਂ ਵੀ ਚੇਤਨ ਹੈ ਕਿ ਅਜੋਕਾ ਕਾਰਪੋਰੇਟ ਪੂੰਜੀਵਾਦ ਕਿਵੇਂ ਕੁਦਰਤੀ ਸੋਮਿਆਂ ਜੀਵ-ਜੰਤੂਆਂ ਤੇ ਆਮ ਲੋਕਾਂ ਦੇ ਭਵਿੱਖ ਨਾਲ ਖ਼ੂਨੀ ਖੇਡ, ਖੇਡ ਰਿਹਾ ਹੈ। ਇਸ ਤੋਂ ਇਲਾਵਾ ਲੇਖਕ ਨੇ ਵੱਖ-ਵੱਖ ਬਿਰਤਾਂਤਿਕ ਜੁਗਤਾਂ ਰਾਹੀਂ ਮਾਨਵੀ ਰਿਸ਼ਤਿਆਂ ਨੂੰ ਜਿਉਂਦੇ ਰੱਖਣ ਲਈ ਮੁਹੱਬਤ ਦੇ ਪੁਲਾਂ ਨੂੰ ਉਸਾਰਨ ਦਾ ਯਤਨ ਕੀਤਾ ਹੈ। ਉਸ ਦੁਆਰਾ ਉਸਾਰੀ ਗਈ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਖ਼ੂਬਸੂਰਤ ਵਾਰਤਕ ਸ਼ੈਲੀ ਰਾਹੀਂ ਰਚੇ ਇਸ ਸਫ਼ਰਨਾਮੇ ਦਾ ਸੁਆਗਤ ਕਰਨਾ ਬਣਦਾ ਹੈ। ਇਹ ਪਾਠਕਾਂ ਦੇ ਗਿਆਨ ਹਿਤ ਬਹੁਤ ਕੀਮਤੀ ਖਜਾਨਾ ਸਾਂਭੀ ਬੈਠਾ ਹੈ। ਪੰਜਾਬੀ ਸਫ਼ਰਨਾਮਾ ਸਾਹਿੱਤ ਨੂੰ ਉਸ ਤੋਂ ਹੋਰ ਵੱਡੀਆਂ ਉਮੀਦਾਂ ਹਨ।   ਆਮੀਨ!
ਡਾ. ਭੀਮਿੰਦਰ ਸਿੰਘ –
ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ,
ਪੰਜਾਬੀ ਯੂਨੀਵਰਸਿਟੀ,
ਪਟਿਆਲਾ।
ਫ਼ੋਨ – 9814902040