Headlines

ਬੀਬੀ ਗੁਲਾਬ ਕੌਰ ਨੂੰ ਸਮਰਪਿਤ ਹੋਵੇਗਾ ਅਗਲੇ ਵਰ੍ਹੇ ਦਾ ਗ਼ਦਰੀ ਬਾਬਿਆਂ ਦਾ ਮੇਲਾ

ਡਾ. ਸਵਰਾਜਬੀਰ ਦੇ ਨਾਟਕ ‘ਧਰਤੀ ਦੀ ਧੀ’ ਨੇ ਦਰਸ਼ਕਾਂ ਨੂੰ ਕੀਲਿਆ

ਪਾਲ ਸਿੰਘ ਨੌਲੀ

ਜਲੰਧਰ, 11 ਨਵੰਬਰ

ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦਾ ਮੇਲਾ ਜੋਸ਼ ਭਰੇ ਨਾਅਰਿਆਂ ਨਾਲ ਸਮਾਪਤ ਹੋ ਗਿਆ। ਇਸ ਦੌਰਾਨ ਕਈ ਨਾਟਕ ਖੇਡੇ ਗਏ। ਇਸ ਮੇਲੇ ਵਿੱਚ ਉੱਘੀ ਲੇਖਿਕਾ ਅਰੁੰਧਤੀ ਰਾਏ, ਫ਼ਿਲਮਸਾਜ਼ ਸੰਜੈ ਕਾਕ, ਡਾ. ਸਵਰਾਜਬੀਰ ਸਮੇਤ ਰੰਗਕਰਮੀ ਸ਼ਾਮਲ ਹੋਏ। ਮੇਲੇ ਦੇ ਅਖੀਰਲੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਗ਼ਦਰੀ ਬਾਬਿਆਂ ਦੇ ਸਾਮਰਾਜਵਾਦ ਅਤੇ ਫ਼ਿਰਕਾਪ੍ਰਸਤੀ ਵਿਰੁੱਧ ਵਿੱਢੇ ਸੰਘਰਸ਼ ਤੋਂ ਸਿੱਖਣ ਦੀ ਅਪੀਲ ਕੀਤੀ। ਸਮਾਗਮ ਦੀ ਸ਼ੁਰੂਆਤ ਡਾ. ਸ਼ੰਕਰ ਸ਼ੇਸ਼ ਦੇ ਲਿਖੇ ਅਤੇ ਚਕਰੇਸ਼ ਵੱਲੋਂ ਨਿਰਦੇਸ਼ਤ ਨਾਟਕ ‘ਪੋਸਟਰ’ ਨਾਲ ਹੋਈ ਜੋ ਅਲੰਕਾਰ ਥੀਏਟਰ ਚੰਡੀਗੜ੍ਹ ਵੱਲੋਂ ਖੇਡਿਆ ਗਿਆ।

ਇਸ ਮੌਕੇ ਡਾ. ਸਵਰਾਜਬੀਰ ਦਾ ਲਿਖਿਆ ਨਾਟਕ ‘ਧਰਤੀ ਦੀ ਧੀ: ਐਨਟਿਗਨੀ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਰੰਗ ਮੰਚ ਵੱਲੋਂ ਖੇਡਿਆ ਗਿਆ। ਇਹ ਨਾਟਕ ਇਟਲੀ, ਫਰਾਂਸ ਆਦਿ ਦੇਸ਼ਾਂ ਦੀ ਕਹਾਣੀ ਨੂੰ ਸਾਡੇ ਮੁਲਕ ਦੀ ਮਿੱਟੀ ਨਾਲ ਜੋੜਨ ’ਚ ਸਫ਼ਲ ਰਿਹਾ। ਇਸ ਨਾਟਕ ਨੇ ਦਰਸਾਇਆ ਕਿ ਔਰਤ ਨੂੰ ਕਿਵੇਂ ਆਪਣੇ ਸਵੈਮਾਣ ਅਤੇ ਜ਼ਿੰਦਗੀ ਦੇ ਮਾਰਗ ਖ਼ੁਦ ਘੜਨੇ ਪੈਂਦੇ ਹਨ।

ਸ਼ਬਦੀਸ਼ ਦੇ ਲਿਖੇ ‘ਗੁਮਸ਼ੁਦਾ ਔਰਤ’ ਨਾਟਕ ਨੂੰ ਉਨ੍ਹਾਂ ਦੀ ਜੀਵਨ ਸਾਥਣ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ’ਚ ਸੁਚੇਤਕ ਰੰਗਮੰਚ ਮੁਹਾਲੀ ਨੇ ਪੇਸ਼ ਕੀਤਾ। ਸੈਮੂਅਲ ਜੌਹਨ ਦੀ ਕਹਾਣੀ ’ਤੇ ਆਧਾਰਿਤ ਤੇ ਨੌਜਵਾਨ ਨਿਰਦੇਸ਼ਕ ਬਲਰਾਜ ਸਾਗਰ ਦੀ ਕਲਮ ਤੋਂ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਰਾਖਾ’ ਸੋਲ ਮੇਟ ਥੀਏਟਰ, ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਫ਼ਿਰੋਜ਼ਪੁਰ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ। ਇਸ ਮੌਕੇ ਕੁਲਵੰਤ ਕੌਰ ਨਗਰ ਦਾ ਲਿਖਿਆ ਤੇ ਜਸਵਿੰਦਰ ਪੱਪੀ ਵੱਲੋਂ ਨਿਰਦੇਸ਼ਿਤ ਨਾਟਕ ‘ਹਨੇਰ ਨਗਰੀ’ ਖੇਡਿਆ ਗਿਆ। ਮੰਚ ਸੰਚਾਲਕ ਅਮੋਲਕ ਸਿੰਘ ਨੇ ਕਿਹਾ ਕਿ ਅਗਲੇ ਵਰ੍ਹੇ 2025 ਦਾ ਮੇਲਾ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੇ 100ਵੇਂ ਵਰ੍ਹੇ ਨੂੰ ਸਲਾਮ ਕਰਦਿਆਂ ਵਿਸ਼ੇਸ਼ ਕਰਕੇ ਔਰਤਾਂ ਦੀ ਸਮਾਜ, ਇਤਿਹਾਸ, ਸੰਘਰਸ਼ ਅਤੇ ਨਵੇਂ ਸਮਾਜ ਦੀ ਸਿਰਜਣਾ ਵਿੱਚ ਭੂਮਿਕਾ ਨੂੰ ਕਲਾਵੇ ਵਿੱਚ ਲੈਣ ਦਾ ਯਤਨ ਹੋਵੇਗਾ।

ਬਾਬਾ ਨਜ਼ਮੀ ਤੇ ਨਜ਼ੀਰ ਜ਼ੋਇਆ ਨੂੰ ਰੂਬਰੂ ਕਰਵਾਇਆ

ਅਮੋਲਕ ਸਿੰਘ ਨੇ ਕਵੀ ਬਾਬਾ ਨਜ਼ਮੀ ਨੂੰ ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਤੋਂ ਅਤੇ ਰੰਗਕਰਮੀ ਨਜ਼ੀਰ ਜ਼ੋਇਆ ਨੂੰ ਕਸੂਰ ਤੋਂ ਲਾਈਵ ਕਰਵਾ ਕੇ ਦਰਸ਼ਕਾਂ ਦੇ ਰੂਬਰੂ ਕਰਵਾਇਆ। ਬਾਬਾ ਨਜ਼ਮੀ ਨੇ ਚੜ੍ਹਦੇ ਪੰਜਾਬ ਅਤੇ ਦੇਸ਼-ਪ੍ਰਦੇਸ਼ ਤੋਂ ਮੇਲੇ ’ਚ ਜੁੜੇ ਲੋਕਾਂ ਦੇ ਨਾਂ ਆਪਣੇ ਸੁਨੇਹੇ ਵਿੱਚ ਕਿਹਾ ਕਿ ਮਨ ਜਜ਼ਬਾਤੀ ਯਾਦਾਂ ਦੀਆਂ ਛੱਲਾਂ ਅਤੇ ਦਰਦ ਨਾਲ ਭਰਿਆ ਪਿਆ ਹੈ। ਕੋਈ ਵੀ ਪੰਜਾਬੀ ਮਾਂ-ਬੋਲੀ ਦਾ ਵਾਲ ਵਿੰਗਾ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਕਸੂਰ (ਲਹਿੰਦਾ ਪੰਜਾਬ) ਤੋਂ ਰੰਗ ਕਰਮੀ ਨਜ਼ੀਰ ਜ਼ੋਇਆ ਨੇ ਕਿਹਾ ਕਿ ਸਾਂਝੇ ਪੰਜਾਬ ਦੀ ਪੀੜ ਵੀ ਸਾਂਝੀ ਹੈ ਅਤੇ ਰੰਗ ਮੰਚ ਵੀ ਸਾਂਝਾ ਹੈ।