ਗਿੱਦੜਬਾਹਾ (ਮੁਕਤਸਰ), 11 ਨਵੰਬਰ
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਜ਼ਿਮਨੀ ਚੋਣਾਂ ਮਗਰੋਂ ਕਿਸਾਨ ਆਗੂਆਂ ਦੇ ਅਸਾਸਿਆਂ ਦੀ ਪੜਤਾਲ ਕਰਵਾਉਣ ਦੇ ਆਪਣੇ ਬਿਆਨ ਤੋਂ ਦੋ ਦਿਨਾਂ ਮਗਰੋਂ ਅੱਜ ਆਪਣੇ ਸਖ਼ਤ ਰੁਖ਼ ਵਿੱਚ ਥੋੜ੍ਹੀ ਨਰਮੀ ਲਿਆਉਂਦਿਆਂ ਕਿਸਾਨਾਂ ਤੇ ਉਨ੍ਹਾਂ ਦੇ ਆਗੂਆਂ ਨੂੰ ਕਿਹਾ ਕਿ ਉਹ ਧਰਨੇ ਮੁਜ਼ਾਹਰਿਆਂ ਤੋਂ ਪਰਹੇਜ਼ ਕਰਦਿਆਂ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣ। ਬਿੱਟੂ ਨੇ ਕਿਹਾ ਕਿ ਧਰਨੇ ਪ੍ਰਦਰਸ਼ਨ ਮੁਸ਼ਕਲਾਂ ਦਾ ਹੱਲ ਨਹੀਂ ਹੈ। ਬਿੱਟੂ ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਕੇਂਦਰੀ ਰੇਲ ਰਾਜ ਤੇ ਫੂਡ ਪ੍ਰੋਸੈਸਿੰਗ ਮੰਤਰੀ ਬਿੱਟੂ ਨੇ ਕਿਹਾ, ‘‘ਕਿਸਾਨਾਂ ਨੂੰ ਰੇਲਗੱਡੀਆਂ, ਹਾਈਵੇਜ਼ ਜਾਂ ਟੌਲ ਪਲਾਜ਼ੇ ਰੋਕ ਕੇ ਕੀ ਮਿਲਿਆ…ਇਸ ਕਰਕੇ ਸਿਰਫ਼ ਆਮ ਲੋਕਾਂ ਨੂੰ ਹੀ ਮੁਸ਼ਕਲਾਂ ਝੱਲਣੀਆਂ ਪਈਆਂ ਜਾਂ ਖੱਜਲ ਖੁਆਰ ਹੋਣਾ ਪਿਆ। ਆਉ ਸੂਬੇ ਦੀ ਬਿਹਤਰੀ ਲਈ ਅੱਗੇ ਹੋ ਕੇ ਗੱਲਬਾਤ ਕਰੀਏ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਹਿੱਤ ਵਿਚ ਹੈ ਅਤੇ ਸੂਬੇ ਨਾਲ ਜੁੜੇ ਕਿਸੇ ਵੀ ਮੁੱਦੇ ਨੂੰ ਮੁਖਾਤਿਬ ਹੋਣ ਲਈ ਤਿਆਰ ਹੈ।’’ ਬਿੱਟੂ ਨੇ ਆਪਣੇ ਭਾਸ਼ਣ ਵਿਚ ਕੇਂਦਰ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਦਾ ਵੀ ਜ਼ਿਕਰ ਕੀਤਾ।
ਕੇਂਦਰੀ ਮੰਤਰੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ ਕਿ ਸੱਤਾ ਤੇ ਪੈਸੇ ਦਾ ਨਸ਼ਾ ਵੜਿੰਗ ਦੇ ਸਿਰ ਚੜ੍ਹ ਗਿਆ ਹੈ। ਬਿੱਟੂ ਨੇ ਵੜਿੰਗ ਦੇ ਹਾਲੀਆ ਭਾਸ਼ਣ ਦੇ ਹਵਾਲੇ ਨਾਲ ਕਿਹਾ ਕਿ ਇਕ ਆਗੂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਰੀਬ ਲੋਕਾਂ ਤੋਂ ਕਿਵੇਂ ਵੋਟ ਮੰਗੀ ਦੀ ਹੈ।