Headlines

ਬੀਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਦਾ ਸਦੀਵੀ ਵਿਛੋੜਾ

ਵਿਕਟੋਰੀਆ ( ਦੇ ਪ੍ਰ ਬਿ)-  ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਦਾ ਅੱਜ ਮੰਗਲਵਾਰ ਦੀ ਸਵੇਰ ਦੇਹਾਂਤ ਹੋ ਗਿਆ। ਉਹ 65 ਵਰਿਆਂ ਦੇ ਸਨ। ਉਹ ਪਿਛਲੇ ਸਮੇਂ ਤੋਂ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ। ਉਹਨਾਂ ਉਪਰ ਕੈਂਸਰ ਦਾ ਇਹ ਤੀਸਰਾ ਹਮਲਾ ਸੀ। ਉਹਨਾਂ ਨੇ ਆਪਣਾ ਆਖਰੀ ਸਾਹ ਵਿਕਟੋਰੀਆ ਹਸਪਤਾਲ ਵਿਚ ਲਿਆ।
ਹੌਰਗਨ, ਜੋ ਹਾਲ ਹੀ ਵਿੱਚ ਜਰਮਨੀ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਸੇਵਾਵਾਂ ਨਿਭਾਅ ਰਹੇ ਸਨ,  ਆਪਣੇ ਪਿੱਛੇ 45 ਸਾਲਾਂ ਦੀ ਪਤਨੀ, ਐਲੀ ਅਤੇ ਦੋ ਬਾਲਗ ਪੁੱਤਰ, ਈਵਾਨ ਅਤੇ ਨੇਟ ਛੱਡ ਗਏ ਹਨ।
ਪ੍ਰੀਮੀਅਰ ਡੇਵਿਡ ਏਬੀ ਨੇ ਬਿਆਨ ਰਾਹੀ ਉਹਨਾਂ ਦੇ ਦੇਹਾਂਤ ਤੇ ਗਹਿਰਾ ਦੁਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਸੂਬੇ ਅਤੇ ਸੂਬੇ ਦੇ ਲੋਕਾਂ ਨੂੰ ਬੇਹੱਦ ਪਿਆਰ ਕਰਦੇ ਸਨ। ਬੀਸੀ ਦੇ ਪ੍ਰੀਮੀਅਰ  ਵਜੋਂ  ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਵਲੋਂ ਯਾਦ ਕੀਤੀਆਂ ਜਾਣਗੀਆਂ।
ਡੇਵਿਡ ਈਬੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਹੌਰਗਨ ਇਸ ਪ੍ਰਾਂਤ ਦੇ ਇਤਿਹਾਸ ਵਿੱਚ ਇੱਕ ਕਮਾਲ ਦਾ ਆਦਮੀ ਸੀ। ਹੋਰਗਨ ਦੀਆਂ ਅਣਗਿਣਤ ਵਿਧਾਨਕ ਪ੍ਰਾਪਤੀਆਂ ਵਿੱਚੋਂ ਇੱਕ ਵਜੋਂ ਸਵਦੇਸ਼ੀ ਪੀਪਲਜ਼ ਐਕਟ ਦੇ ਅਧਿਕਾਰਾਂ ਬਾਰੇ ਘੋਸ਼ਣਾ ਪੱਤਰ ਦੇ ਪਾਸ ਹੋਣ ਦਾ ਖਾਸ ਜ਼ਿਕਰ ਹੈ।
ਹੌਰਗਨ ਪਹਿਲੀ ਵਾਰ 2005 ਵਿੱਚ  ਵੈਨਕੂਵਰ ਆਈਲੈਂਡ ਉੱਤੇ ਲੈਂਗਫੋਰਡ-ਜੌਨ ਡੀ ਫੁਕਾ ਤੋਂ ਵਿਧਾਇਕ ਚੁਣੇ ਗਏ ਸਨ।ਉਹਨਾਂ ਦੀ ਅਗਵਾਈ ਹੇਠ ਬੀਸੀ ਐਨ ਡੀ ਪੀ ਨੇ ਪਹਿਲੀ ਵਾਰ 87 ਮੈਂਬਰੀ ਵਿਧਾਨ ਸਭਾ ਵਿਚ 41 ਸੀਟਾਂ ਜਿੱਤੀਆਂ ਸਨ ਤੇ ਫਿਰ ਗਰੀਨ ਪਾਰਟੀ ਦੀਆਂ 3 ਸੀਟਾਂ ਦੀ ਮਦਦ ਨਾਲ ਉਹਨਾਂ ਨੇ ਸਰਕਾਰ ਬਣਾਈ ਸੀ। ਉਹ ਜੁਲਾਈ 2017 ਤੋਂ 21 ਅਕਤੂਬਰ 2022 ਤੱਕ ਬੀਸੀ ਦੇ ਪ੍ਰੀਮੀਅਰ ਰਹੇ।

 

One thought on “ਬੀਸੀ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਦਾ ਸਦੀਵੀ ਵਿਛੋੜਾ

  1. ਹੌਰਗਨ, ਧਰਤੀ ਨਾਲ਼ ਜੁੜੇ ਹੋਏ ਆਗੂ ਸਨ। ਮੈਨੂੰ, ਉਨ੍ਹਾਂ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਵਾਗਡੋਰ ਸੰਭਾਲਣ ਵੇਲੇ਼ ਵਿਕਟੋਰੀਆ ਵਿਖੇ ਉਨ੍ਹਾਂ ਨਾਲ਼ ਕੀਤੀ ਹੋਈ ਮੁਲਾਕਾਤ ਕਦੇ ਨਹੀਂ ਭੁਲੇਗੀ।

Comments are closed.