Headlines

ਧੂਆਂਖੀ ਧੁੰਦ ਦੀ ਚਾਦਰ ’ਚ ਲਿਪਟਿਆ ਚੰਡੀਗੜ੍ਹ, ਉਡਾਣਾਂ ’ਚ ਦੇਰੀ

ਚੰਡੀਗੜ੍ਹ, 13 ਨਵੰਬਰ

ਬੁੱਧਵਾਰ ਤੜਕੇ ਟ੍ਰਾਈਸਿਟੀ ਵਸਨੀਕਾਂ ਨੇ ਧੂਆਂਖੀ ਧੁੰਦ ਦੀ ਸੰਘਣੀ ਚਾਦਰ ਦਾ ਸਾਹਮਣਾ ਕੀਤਾ। ਇਸ ਦੌਰਾਨ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 339 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਧੂੰਏਂ ਨੇ ਚੰਡੀਗ੍ਹੜ ਅਤੇ ਇਸਦੇ ਆਸਪਾਸ ਖੇਤਰ ਵਿੱਚ ਦ੍ਰਿਸ਼ਟੀ ਨੂੰ ਕਾਫ਼ੀ ਘਟਾ ਦਿੱਤਾ ਹੈ।

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਸਵੇਰ ਦੀਆਂ ਸਾਰੀਆਂ ਉਡਾਣਾਂ ਦਾ ਆਗਮਨ ਅਤੇ ਰਵਾਨਗੀ ਅੱਧਾ ਘੰਟਾ ਦੇਰੀ ਨਾਲ ਰਿਹਾ ਹੈ। ਪੁਣੇ-ਚੰਡੀਗੜ੍ਹ ਫਲਾਈਟ ਵੀ ਸਮੇਂ ਤੋਂ 30 ਮਿੰਟ ਲੇਟ ਸੀ, ਹਾਲਾਂਕਿ ਹੁਣ ਤੱਕ ਕੋਈ ਵੀ ਫਲਾਈਟ ਰੱਦ ਨਹੀਂ ਹੋਈ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਰਾਤ ਕਰੀਬ 11:30 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਆਉਣ ਵਾਲੀ ਬੈਂਕਾਕ ਫਲਾਈਟ ਨੂੰ ਦਿੱਲੀ ਵੱਲ ਮੋੜਨਾ ਪਿਆ।

ਵੱਧ ਏਕਿਉਆਈ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਡੀਜ਼ਲ ਜਨਰੇਟਰ (ਡੀਜੀ) ਸੈੱਟਾਂ ਦੀ ਵਰਤੋਂ ’ਤੇ ਵੀ ਯੂਟੀ ਵਿੱਚ ਪਾਬੰਦੀ ਲਗਾਈ ਜਾ ਰਹੀ ਹੈ। ਇਸ ਦੀ ਵਰਤੋਂ ਦੀ ਇਜਾਜ਼ਤ ਹੁਣ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਦਿੱਤੀ ਜਾਵੇਗੀ। ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਦਾ ਪ੍ਰਬੰਧਨ ਕਰਨ ਲਈ ਇੱਕ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੀ ਵੀ ਮੰਗ ਕੀਤੀ ਗਈ ਹੈ।