Headlines

‘ਮੁੱਖ ਮੰਤਰੀ’ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਮੁਲਾਜ਼ਮ ਮੁਅੱਤਲ

ਤਰਨ ਤਾਰਨ/ਸ੍ਰੀ ਗੋਇੰਦਵਾਲ ਸਾਹਿਬ, 12 ਨਵੰਬਰ

ਪਿੰਡ ਦੀਨੇਵਾਲ ਦੇ ਵਸਨੀਕ ਤੇ ਸੋਸ਼ਲ ਮੀਡੀਆ ਸਟਾਰ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਦੀ ਪੁਲੀਸ ਮੁਲਾਜ਼ਮਾਂ ਵੱਲੋਂ ਕੀਤੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਬੰਧਿਤ ਦੋਵਾਂ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਵੀਡੀਓ ਵਿੱਚ ਧਰਮਪ੍ਰੀਤ ਸਿੰਘ ਉਰਫ ‘ਮੁੱਖ ਮੰਤਰੀ’ ਨੂੰ ਪੁਲੀਸ ਮੁਲਾਜ਼ਮ ਵਾਲਾਂ ਤੋਂ ਫੜ ਕੇ ਜ਼ਮੀਨ ’ਤੇ ਘੜੀਸਦੇ ਤੇ ਡੰਡੇ ਮਾਰਦੇ ਦਿਖਾਈ ਦੇ ਰਹੇ ਹਨ।

ਨੌਂ ਨਵੰਬਰ ਨੂੰ ਪਿੰਡ ਦੀਨੇਵਾਲ ਵਾਸੀ ਰਮਨਜੀਤ ਕੌਰ, ਨਿਸ਼ਾਨ ਸਿੰਘ ਅਤੇ ਜੋਬਨ ਵੱਲੋਂ ਧਰਮਪ੍ਰੀਤ ਸਿੰਘ ਖ਼ਿਲਾਫ਼ ਉਨ੍ਹਾਂ ਦੀ ਕੁੱਟਮਾਰ ਕਰਨ ਅਤੇ ਰਸਤਾ ਰੋਕਣ ਦੀ 112 ਨੰਬਰ ਦੀ ਹੈਲਪਲਾਈਨ ’ਤੇ ਵੱਖ-ਵੱਖ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ। ਧਰਮਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਵਿੱਚ ਦੁੱਧ ਲੈਣ ਲਈ ਗਿਆ ਸੀ, ਜਿੱਥੇ ਉਸ ਨੂੰ ਕੁੱਤੇ ਪੈ ਗਏ, ਜਿਨ੍ਹਾਂ ਨੂੰ ਮਾਰਨ ਲਈ ਉਸ ਨੇ ਘਰੋਂ ਕਿਰਪਾਨ ਲਿਆ ਕੇ ਕੁੱਤਿਆਂ ਤੋਂ ਆਪਣਾ ਬਚਾਅ ਕੀਤਾ| ਕੁੱਤਿਆਂ ਦੇ ਮਾਲਕਾਂ ਨੇ ਮੌਕੇ ’ਤੇ ਪੁਲੀਸ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਕਰਵਾਈ। ਪੁਲੀਸ ਉਸ ਨੂੰ ਗੋਇੰਦਵਾਲ ਸਾਹਿਬ ਥਾਣਾ ਲੈ ਗਈ, ਜਿੱਥੇ ਉਸ ਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਵਾਪਸ ਘਰ ਲਿਆਂਦਾ| ਪੈਟਰੋਲਿੰਗ ਵਾਹਨ ਦੇ ਇੰਚਾਰਜ ਏਐੱਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਜਦੋਂ ਪੁਲੀਸ ਪਾਰਟੀ ਦਰਖ਼ਾਸਤ ਦੇ ਆਧਾਰ ’ਤੇ ਮੌਕੇ ’ਤੇ ਪੁੱਜੀ ਤਾਂ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਵੱਲੋਂ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ ਗਿਆ। ਇਲਾਕੇ ਦੇ ਸਮਾਜਸੇਵੀ ਕਸ਼ਮੀਰ ਸਿੰਘ ਸੰਘਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਕਾਲ ਤਖ਼ਤ ਦੇ ਜਥੇਦਾਰ ਤੱਕ ਲੈ ਕੇ ਜਾਣਗੇ|

ਧਰਮਪ੍ਰੀਤ ਖ਼ਿਲਾਫ਼ ਇੱਟਾਂ ਵੱਟੇ ਮਾਰਨ ਦਾ ਲੱਗਿਆ ਸੀ ਦੋਸ਼: ਐੱਸਪੀ

ਐੱਸਪੀ (ਇਨਵੈਸਟੀਗੇਸ਼ਨ) ਅਜੈਰਾਜ ਸਿੰਘ ਨੇ ਕਿਹਾ ਕਿ ਧਰਮਪ੍ਰੀਤ ਸਿੰਘ ਖ਼ਿਲਾਫ਼ ਪਿੰਡ ਦੇ ਲੋਕਾਂ ਨੇ 112 ਨੰਬਰ ’ਤੇ ਸ਼ਿਕਾਇਤ ਕਰ ਕੇ ਉਨ੍ਹਾਂ ਦੇ ਘਰਾਂ ’ਤੇ ਇੱਟਾਂ ਵੱਟੇ ਮਾਰਨ ਦਾ ਦੋਸ਼ ਲਗਾਇਆ ਸੀ| ਇਸ ਸ਼ਿਕਾਇਤ ’ਤੇ ਕਾਰਵਾਈ ਕਰਨ ਲਈ ਜਿਵੇਂ ਹੀ ਪੁਲੀਸ ਮੌਕੇ ਤੇ ਪਹੁੰਚੀ ਤਾਂ ਉਸ ਨੇ ਇਕ ਪੁਲੀਸ ਵਾਲੇ ਦੀ ਪੱਗ ਉਤਾਰ ਦਿੱਤੀ ਜਿਸ ’ਤੇ ਪੁਲੀਸ ਵਾਲਿਆਂ ਉਸ ਦੀ ਕੁੱਟਮਾਰ ਕੀਤੀ| ਐੱਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਨੇ ‘ਮੁੱਖ ਮੰਤਰੀ’ ਦੀ ਕੁੱਟਮਾਰ ਕਰਨ ਵਾਲੇ ਏਐੱਸਆਈ ਪੱਧਰ ਦੇ ਦੋ ਮੁਲਾਜ਼ਮਾਂ ਗੁਰਭੇਜ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।