ਵੈਨਕੂਵਰ ( ਜੋਗਿੰਦਰ ਸਿੰਘ ਸੂੰਨੜ)-ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਹਫਤੇ ਪ੍ਰੋਗਰਾਮਾਂ ਤਹਿਤ ਪਹਿਲੇ ਹਫਤੇ ਬੱਚਿਆਂ ਦਾ ਕੀਰਤਨ ਦਰਬਾਰ, ਦੂਸਰੇ ਹਫਤੇ ਕਵੀ ਦਰਬਾਰ, ਤੀਸਰੇ ਹਫਤੇ ਕਥਾ ਦਰਬਾਰ ਅਤੇ ਇਸ ਵਾਰ ਚੌਥੇ ਹਫਤੇ ਢਾਡੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਢਾਡੀ ਦਰਬਾਰ ਦੌਰਾਨ ਪੰਥ ਦੇ ਮਹਾਨ ਢਾਡੀ ਜਥਿਆਂ ਨੇ ਗੁਰੂ ਇਤਿਹਾਸ ਨਾਲ ਸਬੰਧੀ ਵਾਰਾਂ ਦਾ ਗਾਇਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਢਾਡੀ ਦਰਬਾਰ ਦੌਰਾਨ ਭਾਈ ਜਤਿੰਦਰ ਸਿੰਘ ਘੁੰਮਣ ਦਾ ਢਾਡੀ ਜਥੇ, ਭਾਈ ਵਰਿੰਦਰ ਸਿੰਘ ਪਾਰਸ ਅਤੇ ਭਾਈ ਚਮਕੌਰ ਸਿੰਘ ਸੇਖੋਂ ਤੇ ਨਵਦੀਪ ਗਿੱਲ ਦੇ ਜਥਿਆਂ ਨੇ ਢਾਡੀ ਕਲਾ ਨਾਲ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਢਾਡੀ ਜਤਿੰਦਰ ਸਿੰਘ ਘੁੰਮਣ ਜੋ ਕਿ ਮਹਾਨ ਢਾਡੀ ਦਇਆ ਸਿੰਘ ਦਿਲਬਰ ਦੇ ਸ਼ਾਗਿਰਦ ਹਨ, ਨੇ ਬਹੁਤ ਹੀ ਸੰਗਤਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਭਾਈ ਚਮਕੌਰ ਸਿੰਘ ਸੇਖੋਂ ਜੋ ਕਿ ਪ੍ਰਸਿੱਧ ਸਵਰਗੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਸਾਥੀ ਰਹੇ ਹਨ, ਨੇ ਆਪਣੀ ਸਾਰੰਗੀ ਨਾਲ ਵਾਰਾਂ ਗਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਖਾਲਸਾ ਦੀਵਾਨ ਸੁਸਾਇਟੀ ਵਲੋਂ ਢਾਡੀ ਜਥਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ 15 ਨਵੰਬਰ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਾਰਾ ਦਿਨ ਦੀਵਾਨ ਸੱਜਣਗੇ।