ਵੈਨਕੂਵਰ ( ਜੋਗਿੰਦਰ ਸਿੰਘ ਸੂੰਨੜ)- ਭਾਰਤੀ ਕੌਂਸਲੇਟ ਜਨਰਲ ਵਲੋਂ ਭਾਰਤੀ ਪੈਨਸ਼ਨਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਕੌਂਸਲਰ ਸੇਵਾਵਾਂ ਲਈ ਕੈਂਪ 16 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਖਾਲਸਾ ਦੀਵਾਨ ਸੁਸਾਇਟੀ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਬੀਤੇ 3 ਨਵੰਬਰ ਨੂੰ ਲਗਾਏ ਗਏ ਕੈਂਪ ਦੌਰਾਨ 350 ਲਾਈਫ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਪੈਨਸ਼ਨਰਾਂ ਦੀ ਮੰਗ ਨੂੰ ਮੁੱਖ ਰਖਦਿਆਂ ਹੁਣ ਇਹ ਕੈਂਪ 16 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ। ਸੁਸਾਇਟੀ ਨੇ ਕੈਂਪ ਦੌਰਾਨ ਕਿਸੇ ਵੀ ਤਰਾਂ ਦੇ ਵਿਘਨ ਜਾਂ ਪ੍ਰੇਸ਼ਾਨੀ ਤੋਂ ਬਚਣ ਲਈ ਅਦਾਲਤ ਤੋਂ ਪ੍ਰਵਾਨਗੀ ਲਈ ਹੋਈ ਹੈ। ਬੁਲਾਰੇ ਦਾ ਕਹਿਣਾ ਹੈ ਕਿ ਇਸ ਕੈਂਪ ਦੌਰਾਨ ਆਉਣ ਵਾਲੇ ਪੈਨਸ਼ਨਰਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਤੇ ਉਹਨਾਂ ਦੀ ਸਹੂਲਤ ਲਈ ਚਾਹ-ਪਾਣੀ ਦਾ ਵੀ ਪ੍ਰਬੰਧ ਹੋਵੇਗਾ। ਉਹਨਾਂ ਹੋਰ ਦੱਸਿਆ ਕਿ 17 ਨਵੰਬਰ ਨੂੰ ਕੌਸਲਰ ਕੈਂਪ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਲਗਾਇਆ ਜਾਵੇਗਾ। ਐਬਸਫੋਰਡ ਕਮੇਟੀ ਨੇ ਵੀ ਇਸ ਕੈਂਪ ਲਈ ਅਦਾਲਤ ਤੋਂ ਪ੍ਰਵਾਨਗੀ ਪ੍ਰਾਪਤ ਕੀਤੀ ਹੈ।