ਟੋਰਾਂਟੋ ( ਦੇ ਪ੍ਰ ਬਿ)-
ਕੈਨੇਡਾ ਪੁਲੀਸ ਨੇ ਪਿਛਲੇ ਦਿਨੀਂ ਹਿਲਟਨ ਇਲਾਕੇ ਵਿਚ ਗੋਲੀਆਂ ਚੱਲਣ ਦੇ ਮਾਮਲੇ ਵਿਚ ਜਿਨ੍ਹਾਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਵਿਚ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਵੀ ਸ਼ਾਮਲ ਸੀ। ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਕੋਰਟ ਵਿਚ ਪੇਸ਼ ਦਸਤਾਵੇਜ਼ਾਂ ਤੋਂ ਸਾਫ਼ ਹੋ ਗਿਆ ਕਿ ਇਨ੍ਹਾਂ ਵਿਚੋਂ ਇਕ ਨੌਜਵਾਨ ਅਰਸ਼ ਡੱਲਾ ਹੈ, ਜਿਸ ਖਿਲਾਫ਼ ਪੰਜਾਬ ਵਿੱਚ ਕਤਲਾਂ ਤੇ ਫਿਰੌਤੀਆਂ ਦੇ ਕਈ ਮਾਮਲੇ ਦਰਜ ਹਨ। ਉਸ ਦੀ ਗ੍ਰਿਫ਼ਤਾਰੀ ਲਈ ਕਈ ਇਨਾਮ ਵੀ ਰੱਖੇ ਹੋਏ ਹਨ। ਹਾਲਟਨ ਇਲਾਕੇ ਵਿਚ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਕੀਤੇ ਜਾਨਲੇਵਾ ਹਮਲੇ ਵਿੱਚ ਅਰਸ਼ ਡੱਲਾ ਦੇ ਤਿੰਨ ਗੋਲੀਆਂ ਲੱਗੀਆਂ। ਪੱਟ ਵਿਚ ਲੱਗੀ ਗੋਲੀ ਕਰਕੇ ਉਹ ਭੱਜ ਨਹੀਂ ਸਕਿਆ ਤੇ ਕੈਨੇਡਾ ਪੁਲੀਸ ਦੇ ਹੱਥ ਆ ਗਿਆ। ਚੋਰੀ ਦੀ ਲਗਜ਼ਰੀ ਕਾਰ, ਜਿਸ ਵਿੱਚ ਉਹ ਹਮਲੇ ਮੌਕੇ ਸਵਾਰ ਸੀ, ਉੱਤੇ ਦਰਜਨ ਤੋਂ ਵੱਧ ਗੋਲੀਆਂ ਲੱਗੀਆਂ। ਹਾਲਟਨ ਪੁਲੀਸ ਨੇ ਹਾਲਾਂਕਿ ਉਸ ਦਿਨ ਅਰਸ਼ ਡੱਲਾ ਦੀ ਸ਼ਨਾਖਤ ਨਹੀਂ ਕੀਤੀ ਸੀ, ਪਰ ਅੱਜ ਅਦਾਲਤ ’ਚ ਪੇਸ਼ੀ ਮੌਕੇ ਕੁਝ ਦਸਤਾਵੇਜ਼ਾਂ ਤੋਂ ਉਸ ਦੀ ਪਛਾਣ ਹੋ ਗਈ।
ਗੋਲੀਬਾਰੀ ਦੌਰਾਨ ਜਿਸ ਕਾਰ ਵਿੱਚ ਡੱਲਾ ਤੇ ਉਸ ਦਾ ਦੋਸਤ ਗੁਰਜੰਟ ਸਿੰਘ ਗਿੱਲ ਸਵਾਰ ਸਨ, ਉਸ ਉੱਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਇਸ ਕਾਰ ਵਿਚੋਂ ਕਈ ਮਾਰੂ ਹਥਿਆਰ ਅਤੇ ਗੋਲੀਸਿੱਕਾ ਮਿਲਿਆ ਸੀ। ਪੁਲੀਸ ਨੇ ਡੱਲਾ ਖਿਲਾਫ਼ 11 ਅਪਰਾਧਿਕ ਦੋਸ਼ ਆਇਦ ਕੀਤੇ ਹਨ। ਜ਼ਖ਼ਮੀ ਹੋਣ ਕਰਕੇ ਉਸ ਨੂੰ ਉਦੋਂ ਫੌਰੀ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਸੀ। ਉਂਝ ਅਜੇ ਇਹ ਜਾਣਕਾਰੀ ਨਹੀਂ ਮਿਲੀ ਕਿ ਮਾਣਯੋਗ ਜੱਜ ਨੇ ਡੱਲਾ ਨੂੰ ਜ਼ਮਾਨਤ ਦਿੱਤੀ ਹੈ ਜਾਂ ਹਿਰਾਸਤ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਪੁਲੀਸ ਨੇ ਅਜੇ ਇਹ ਜਾਣਕਾਰੀ ਵੀ ਨਹੀਂ ਦਿੱਤੀ ਕਿ ਡੱਲਾ ਤੇ ਉਸ ਦੇ ਸਾਥੀ ਉੱਤੇ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਖਿਲਾਫ਼ ਕੀ ਕਾਰਵਾਈ ਕੀਤੀ ਜਾ ਰਹੀ ਹੈ। ਉਂਝ ਮੰਨਿਆ ਜਾਂਦਾ ਹੈ ਕਿ ਇਹ ਹਮਲਾ ਬਿਸ਼ਨੋਈ ਗਰੋਹ ਨਾਲ ਸਬੰਧਤ ਲੋਕਾਂ ਵਲੋਂ ਕੀਤਾ ਗਿਆ ਸੀ।
ਭਾਰਤ ਦੀ ਕੇਂਦਰੀ ਜਾਂਚ ਏਜੰਸੀ ਵਲੋਂ ਕੈਨੇਡਾ ਤੋਂ ਅਰਸ਼ ਡੱਲਾ ਦੀ ਹਵਾਲਗੀ ਲਈ ਚਾਰਾਜੋਈ ਸ਼ੁਰੂ ਕਰਨ ਦੀ ਕਾਰਵਾਈ ਬਾਰੇ ਅਜੇ ਤੱਕ ਤਸਵੀਰ ਸਾਫ਼ ਨਹੀਂ ਹੈ। ਉਂਜ ਏਜੰਸੀ ਨੇ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਉਸ ਨੂੰ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਐਲਾਨਿਆ ਹੋਇਆ ਹੈ ਤੇ ਉਸ ਨੂੰ ਸ਼ਰਨ ਦੇਣ ਲਈ ਕੈਨੇਡਾ ਸਰਕਾਰ ਨੂੰ ਕੋਸਿਆ ਜਾਂਦਾ ਰਿਹਾ ਹੈ।
ਮੋਗਾ ਨੇੜਲੇ ਪਿੰਡ ਦੇ ਛੋਟੇ ਕਿਸਾਨ ਚਰਨਜੀਤ ਸਿੰਘ ਦੇ ਪੁੱਤਰ ਅਰਸ਼ ਡੱਲਾ ਉੱਤੇ ਭਾਰਤ ਵਿੱਚ ਕਤਲ, ਫਿਰੌਤੀਆਂ, ਮਾਰਕੁੱਟ ਅਤੇ ਲੁੱਟਮਾਰ ਦੇ ਕਰੀਬ 6 ਦਰਜਨ ਮਾਮਲੇ ਦਰਜ ਹਨ। 2017-18 ਵਿਚ ਉਹ ਆਈਲੈਟਸ ਬੈਂਡ ਵਾਲੀ ਲੜਕੀ ਨਾਲ ਵਿਆਹ ਕਰਵਾ ਕੇ ਕੈਨੇਡਾ ਪਹੁੰਚਿਆ ਤੇ ਸਰੀ ਰਹਿਣ ਲੱਗਾ। ਇਹ ਵੀ ਜਾਣਕਾਰੀ ਮਿਲੀ ਕਿ ਕੈਨੇਡਾ ਪਹੁੰਚਣ ਤੋਂ ਸਾਲ ਕੁ ਬਾਅਦ ਜਦ ਉਹ ਕੁਝ ਦਿਨਾਂ ਲਈ ਭਾਰਤ ਗਿਆ ਤਾਂ ਮੋਗੇ ਦੇ ਕਿਸੇ ਸੁੱਖੇ ਲੰਮੇ ਨਾਲ ਤਕਰਾਰ ਤੋਂ ਬਾਦ ਉਸ ਨੂੰ ਮਾਰ ਦਿੱਤਾ ਤੇ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਕੈਨੇਡਾ ਪਹੁੰਚ ਗਿਆ। ਮਨ ਵਿੱਚ ਪੈਦਾ ਹੋਏ ਡਰ ਕਾਰਨ ਉੁਹ ਕਥਿਤ ਤੌਰ ’ਤੇ ਹਰਦੀਪ ਸਿੰਘ ਨਿੱਝਰ ਦੇ ਸੰਪਰਕ ਵਿਚ ਆ ਗਿਆ। ਏਜੰਸੀ ਅਨੁਸਾਰ ਨਿੱਝਰ ਦੇ ਕਤਲ ਤੋਂ ਬਾਅਦ ਉਹ ਟਾਈਗਰ ਫੋਰਸ ਦੇ ਮੁਖੀ ਵਜੋਂ ਵਿਚਰਨ ਲੱਗਾ। ਪਤਾ ਲੱਗਾ ਹੈ ਕਿ ਉਸ ਦੇ ਪਿਤਾ ਚਰਨਜੀਤ ਸਿੰਘ ਵਿਰੁੱਧ ਫਿਰੌਤੀਆਂ ਦੇ ਦੋਸ਼ ਲੱਗੇ ਤੇ ਹੁਣ ਉਹ ਸੰਗਰੂਰ ਜੇਲ੍ਹ ’ਚ ਬੰਦ ਹੈ।