Headlines

ਮੰਦਿਰ ਹਿੰਸਾ ਵਿਚ ਸ਼ਾਮਿਲ ਸਿੱਖਸ ਫਾਰ ਜਸਟਿਸ ਦਾ ਕੋਆਰਡੀਨੇਟਰ ਗ੍ਰਿਫ਼ਤਾਰ ਤੇ ਰਿਹਾਅ

ਟੋਰਾਂਟੋ ( ਸੇਖਾ)-

ਕੈਨੇਡਾ ਪੁਲੀਸ ਨੇ ਪਿਛਲੇ ਦਿਨੀਂ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿਚ ਚੱਲ ਰਹੇ ਕੌਂਸੁਲਰ ਕੈਂਪ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਬਰੈਂਪਟਨ ਵਾਸੀ ਇੰਦਰਜੀਤ ਗੋਸਲ (35) ਨੂੰ ਗ੍ਰਿਫ਼ਤਾਰ ਕੀਤਾ ਹੈ। ਪੀਲ ਖੇਤਰੀ ਪੁਲੀਸ ਨੇ ਮੰਦਰ ’ਤੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੀ ਜਾਂਚ ਮਗਰੋਂ ਇਹ ਕਾਰਵਾਈ ਕੀਤੀ ਹੈ। ਪੁਲੀਸ ਨੇ ਵੱਖ ਵੱਖ ਵੀਡੀਓਜ਼ ਨੂੰ ਦੇਖ ਕੇ ਜਾਂਚ ਕੀਤੀ ਜਿਸ ਮਗਰੋਂ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਅਤੇ ਸਟਰੈਟੇਜਿਕ ਇਨਵੈਸਟੀਗੇਸ਼ਨ ਟੀਮ (ਸਿਟ) ਨੇ ਗੋਸਲ ਨੂੰ ਗ੍ਰਿਫ਼ਤਾਰ ਕਰ ਲਿਆ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਗੋਸਲ ਕੈਨੇਡਾ ਵਿਚ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦਾ ਕੋਆਰਡੀਨੇਟਰ ਹੈ। ਅਮਰੀਕਾ ਅਧਾਰਿਤ ਐੱਸਐੱਫਜੇ ਉੱਤੇ ਭਾਰਤ ਵਿਚ ਪਾਬੰਦੀ ਹੈ। ਗੋਸਲ ਨੂੰ 8 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਉੱਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਹਾਲਾਂਕਿ ਮਗਰੋਂ ਉਸ ਨੂੰ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ ਗਿਆ ਤੇ ਉਸ ਨੂੰ ਬਰੈਂਪਟਨ ਓਂਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।