Headlines

ਅਕਾਲ ਤਖਤ ਤੇ ਪੁੱਜੇ ਸੁਖਬੀਰ ਸਿੰਘ ਬਾਦਲ ਦੇ ਸੱਟ ਲੱਗੀ-ਫਰੈਕਚਰ ਕਾਰਣ ਪਲੱਸਤਰ ਲਗਾਇਆ

ਅੰਮ੍ਰਿਤਸਰ ( ਭੰਗੂ, ਲਾਂਬਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਸਮੇਂ ਪੈਰ ਤੇ ਸੱਟ ਲੱਗ ਗਈ ਜਦੋਂ ਉਹ ਆਪਣੇ ਖਿਲਾਫ ਕਾਰਵਾਈ ਜਲਦ ਕਾਰਵਾਈ ਕੀਤੇ ਜਾਣ ਦਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦੇਣ ਪੁੱਜੇ। ਉਹਨਾਂ ਦੇ ਪੈਰ ਦੀ ਇਕ ਉਂਗਲ ਫਰੈਕਚਰ ਹੋਣ ਕਾਰਣ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੂੰ ਉਹਨਾਂ ਦੇ ਪਲੱਸਤਰ ਲਗਾਉਣਾ ਪਿਆ। ਇਸਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਦੱਸਿਆ ਕਿ ਉਨ੍ਹਾਂ ਅੱਜ ਅਕਾਲ ਤਖਤ ਦੇ ਸਕਤਰੇਤ ਵਿੱਚ ਪੱਤਰ ਦੇ ਕੇ ਉਨ੍ਹਾਂ ਨਾਲ ਸਬੰਧਤ ਮਾਮਲੇ ਦੇ ਅਗਲੀ ਕਾਰਵਾਈ ਜਲਦੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੁੱਝ ਨਿੱਜੀ ਰੁਝੇਵੇਂ ਹਨ, ਜਿਸ ਕਰਕੇ ਉਹ ਚਾਹੁੰਦੇ ਹਨ ਕਿ ਮਾਮਲੇ ਦੀ ਅਗਲੀ ਕਾਰਵਾਈ ਜਲਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਅਕਾਲ ਤਖ਼ਤ ਦੇ ਜਥੇਦਾਰ ਦਾ ਜੋ ਵੀ ਹੁਕਮ ਹੋਵੇਗਾ, ਉਹ ਸਿਰ-ਮੱਥੇ ਪ੍ਰਵਾਨ ਹੋਵੇਗਾ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਏ ਕੁਝ ਆਗੂਆਂ ਨੇ ਕੁਝ ਮਹੀਨੇ ਪਹਿਲਾਂ ਅਕਾਲ ਤਖਤ ’ਤੇ ਸ਼ਿਕਾਇਤ ਕੀਤੀ ਸੀ। ਇਸ ਸਬੰਧੀ ਜਥੇਦਾਰ ਵੱਲੋਂ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ ਅਤੇ ਉਨ੍ਹਾਂ ਸਪੱਸ਼ਟੀਕਰਨ ਦੇ ਦਿੱਤਾ ਸੀ। ਉਨ੍ਹਾਂ ਵੱਲੋਂ ਲਾਏ ਗਏ ਸਾਰੇ ਦੋਸ਼ ਵੀ ਪਾਰਟੀ ਦਾ ਪ੍ਰਧਾਨ ਹੋਣ ਕਰਕੇ ਆਪਣੀ ਝੋਲੀ ਪਾ ਲਏ ਸਨ। ਉਨ੍ਹਾਂ ਕਿਹਾ, ‘ਇਸ ਤੋਂ ਬਾਅਦ ਮੈਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਇਸ ਆਦੇਸ਼ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਅਗਲੇ ਦਿਨ ਹੀ ਇਸ ਸਬੰਧੀ ਆਪਣਾ ਮੁਆਫੀ ਸਬੰਧੀ ਪੱਤਰ ਸੌਂਪ ਦਿੱਤਾ ਸੀ।’

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਵੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਕੇ ਇਸ ਮਾਮਲੇ ਦਾ ਜਲਦੀ ਨਿਬੇੜਾ ਕਰਨ ਦੀ ਅਪੀਲ ਕਰ ਚੁੱਕਾ ਹੈ। ਡਾ. ਚੀਮਾ ਨੇ ਦੱਸਿਆ ਕਿ ਅੱਜ ਜਥੇਦਾਰ ਗਿਆਨੀ ਰਘਬੀਰ ਸਿੰਘ ਦਫ਼ਤਰ ’ਚ ਨਹੀਂ ਸਨ, ਜਿਸ ਕਰਕੇ ਇਹ ਪੱਤਰ ਦਫ਼ਤਰ ’ਚ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਸਬੰਧੀ ਪਹਿਲਾਂ ਵੀ ਪੱਤਰ ਦਿੱਤਾ ਗਿਆ ਸੀ ਪਰ ਉਨ੍ਹਾਂ ਸੁਖਬੀਰ ਨੂੰ ਕਿਸੇ ਤਰ੍ਹਾਂ ਦੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਪਾਰਟੀ ਨੇ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਥਾਨਕ ਸਰਕਾਰਾਂ ਦੀਆਂ ਚੋਣਾਂ ਆਉਣ ਵਾਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਹਿੱਤ ਬਚਾਉਣ ਵਾਸਤੇ ਵੱਡਾ ਰੋਲ ਨਿਭਾਉਣਾ ਪਵੇਗਾ।

ਅਕਾਲ ਤਖ਼ਤ ਵਿਖੇ ਜਲਦੀ ਕਾਰਵਾਈ ਸਬੰਧੀ ਪੱਤਰ ਦੇਣ ਆਏ ਸੁਖਬੀਰ ਸਿੰਘ ਬਾਦਲ ਦੇ ਪੈਰ ਵਿੱਚ ਸੱਟ ਲੱਗ ਗਈ ਹੈ ਅਤੇ ਪੈਰ ਦੀ ਇੱਕ ਉਂਗਲ ’ਤੇ ਫਰੈਕਚਰ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਕੁਰਸੀ ’ਤੇ ਬੈਠਣ ਸਮੇਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਪੈਰ ’ਤੇ ਇੱਕ ਪਾਸੇ ਭਾਰ ਪੈਣ ਕਾਰਨ ਉਂਗਲ ਫਰੈਕਚਰ ਹੋ ਗਈ। ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੇ ਪਲਸਤਰ ਲੱਗਾ ਹੈ।

Leave a Reply

Your email address will not be published. Required fields are marked *