Headlines

ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉਲ੍ਹਾ ਖਾਨ ਵਲੋਂ ਸਿੱਖ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ 

ਸਰੀ ( ਜੋਗਿੰਦਰ ਸਿੰਘ)-ਸਿੱਖਾਂ ਦੇ ਪਹਿਲੇ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉਲ੍ਹਾ ਖਾਨ ਅਤੇ ਉਨ੍ਹਾਂ ਦੇ ਸਪੁੱਤਰ ਰਾਏ ਮੁਹੰਮਦ ਅਲੀ ਖਾਨ ਨੇ ਦੁਨੀਆਂ ਭਰ ‘ਚ ਬੈਠੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ | ਇਥੇ ਜਿਕਰਯੋਗ ਰਾਏ ਅਜ਼ੀਜ਼ ਖਾਨ ਅਤੇ ਰਾਏ ਮੁਹੰਮਦ ਅਲੀ ਖਾਨ, ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨਿਨ ਸੇਵਕ ਰਾਏ ਕੱਲਾ ਜੀ ਦੀ ਵੰਸ ‘ਚੋਂ ਹਨ, ਜਿਨ੍ਹਾਂ ਵਲੋਂ ਗੁਰੂ ਸਾਹਿਬ ਵਲੋਂ ਇਸ ਪਰਿਵਾਰ ਨੂੰ ਬਖਸ਼ੀ ਦਾਤ ‘ਗੰਗਾ ਸਾਗਰ’ ਨੂੰ ਸਤਿਕਾਰ ਨਾਲ ਸੰਭਾਲਿਆ ਹੋਇਆ | ਰਾਏ ਅਜ਼ੀਜ਼ ਉਲ੍ਹਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਦੁਨੀਆਂ ਭਰ ‘ਚ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਹਨ, ਜਿਨ੍ਹਾਂ ਤੋਂ ਮੌਜੂਦਾ ਸਮੇਂ ਸੇਧ ਲੈਣ ਦੀ ਲੋੜ ਹੈ | ਉਨ੍ਹਾਂ ਇਸ ਦੇ ਨਾਲ ਹੀ ਗੁਰੂ ਸਾਹਿਬ ਜੀ ਵਲੋਂ ਬਲਿਹਾਰੀ ਕੁਦਰਤ ਵਸਿਆ ਤੇ ਆਪਣੀ ਪਵਿੱਤਰ ਗੁਰਬਾਣੀ ‘ਚ ਦਿੱਤੇ ਵਾਤਾਵਰਨ ਦੀ ਸ਼ੁੱਧਤਾ ਦੇ ਉਪਦੇਸ਼ ਤੋਂ ਵੀ ਸੇਧ ਲੈਂਦਿਆਂ, ਦੁਨੀਆਂ ਭਰ ‘ਚ ਪਲੀਤ ਹੋ ਰਹੇ ਸਾਡੇ ਵਾਤਾਵਰਨ, ਹਵਾ, ਪਾਣੀ ਨੂੰ ਸੰਭਾਲਦਿਆਂ ਧਰਤੀ ਨੂੰ ਹਰਿਆ ਭਰਿਆ ਬਣਾਉਣ ਦਾ ਵੀ ਸੁਨੇਹਾ ਦਿੱਤਾ | ਰਾਏ ਅਜ਼ੀਜ਼ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰੋ, ਨਾਮੁ ਜਪੋ ਤੇ ਵੰਡ ਛਕੋ ਦਾ ਉਪਦੇਸ਼ ਵੀ ਮਹਾਨ ਹੈ, ਜਿਸ ਵਿਚ ਬਹੁਤ ਵੱਡਾ ਫਲਸਫ਼ਾ ਹੈ ਤੇ ਮਨੁੱਖਤਾ ਜਿੰਦਗੀ ਦਾ ਅਸਲੀ ਮਾਰਗ ਦੁਰਸਾਉਂਦਾ | ਉਨ੍ਹਾਂ ਪ੍ਰਕਾਸ਼ ਪੁਰਬ ਸਬੰਧੀ ਦੁਨੀਆਂ ਭਰ ‘ਚ ਸਮਾਗਮ ਕਰਵਾ ਰਹੇ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ |