Headlines

ਬਰੈਂਪਟਨ ਤੇ ਮਿਸੀਸਾਗਾ ਕੌਂਸਲਾਂ ਵਲੋਂ ਧਾਰਮਿਕ ਸਥਾਨਾਂ ਦੇ ਬਾਹਰ ਰੋਸ ਪ੍ਰਦਰਸ਼ਨਾਂ ਤੇ ਰੋਕ

ਬਰੈਂਪਟਨ (ਸੇਖਾ)-ਪੰਜਾਬੀਆਂ ਦੀ ਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿੱਚ ਪਿਛਲੇ ਦਿਨੀਂ ਕੌਂਸਲੇਟ ਅਮਲੇ ਵਲੋਂ ਧਾਰਮਿਕ ਸਥਾਨ ਅੰਦਰ ਲਾਏ ਕੈਂਪ ਮੌਕੇ ਹੁੱਲੜਬਾਜ਼ੀ ਨੂੰ ਫਿਰਕੂ ਰੰਗਤ ਦੇਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਰੈਂਪਟਨ ਅਤੇ ਮਿਸੀਸਾਗਾ ਨਗਰ ਨਿਗਮਾਂ ਨੇ ਧਾਰਮਿਕ ਸਥਾਨਾਂ ਦੇ 100 ਮੀਟਰ ਘੇਰੇ ’ਚ ਵਿਖਾਵੇ ਰੋਕਣ ਬਾਰੇ ਮਤਾ ਪਾਸ ਕੀਤੇ ਹਨ। ਮਤਿਆਂ ਦੇ ਖਰੜੇ ਨੂੰ ਅੰਤਿਮ ਰੂਪ ਦੇ ਕੇ ਹੋਂਦ ’ਚ ਲਿਆਉਣ ਮਗਰੋਂ ਅਜਿਹੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕੇਗੀ।ਹੁਣ ਤੱਕ ਅਜਿਹਾ ਪ੍ਰਬੰਧ ਨਾ ਹੋਣ ਕਾਰਨ ਹੀ 3 ਨਵੰਬਰ ਨੂੰ ਮੁਜ਼ਾਹਰਾਕਾਰੀਆਂ ਨਾਲ ਨਰਮਾਈ ਵਰਤੀ ਗਈ ਸੀ, ਜਦਕਿ ਹੁਣ ਇਹ ਰੋਕਾਂ ਲਾਗੂ ਹੋਣ ’ਤੇ ਤਣਾਅ ਦੀਆਂ ਸੰਭਾਵਨਾਵਾਂ ਖਤਮ ਹੋ ਜਾਣਗੀਆਂ। ਜਾਣਕਾਰੀ ਮੁਤਾਬਕ ਬਰੈਂਪਟਨ ਅਤੇ ਮਿਸੀਸਾਗਾ ਨਗਰ ਨਿਗਮਾਂ ਦੇ ਮਤਿਆਂ ’ਚ ਭਾਵੇਂ 100 ਮੀਟਰ ਦੂਰੀ ਦਾ ਜ਼ਿਕਰ ਹੈ ਪਰ ਹਾਲਾਤ ਅਨੁਸਾਰ ਘੱਟੋ-ਘੱਟ ਦੂਰੀ ਵਧਾਏ ਘਟਾਏ ਜਾਣ ਦੀ ਗੁੰਜਾਇਸ਼ ਦਾ ਪ੍ਰਬੰਧ ਵੀ ਹੈ। ਦੋਵਾਂ ਨਿਗਮਾਂ ਵਿੱਚ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।

ਬਰੈਂਪਟਨ ਸਿਟੀ ਦੇ ਮੇਅਰ ਪੈਟਰਿਕ ਬ੍ਰਾਊਨ ਵਲੋਂ 13 ਨਵੰਬਰ ਨੂੰ ਕੌਂਸਲ ਦੀ ਮੀਟਿੰਗ ਦੌਰਾਨ ਉਕ ਮਤਾ ਪੇਸ਼ ਕੀਤਾ ਜਿਸ ਵਿੱਚ ਸਿਟੀ ਸਟਾਫ਼ ਨੂੰ ਨਵੇਂ ਉਪ-ਨਿਯਮ ਨੂੰ ਵਿਕਸਤ ਕਰਨ ਲਈ ਪੁਲਿਸ ਅਤੇ ਭਾਈਚਾਰਕ ਹਿੱਸੇਦਾਰਾਂ ਨਾਲ ਕੰਮ ਕਰਨ ਲਈ ਨਿਰਦੇਸ਼ ਦਿੱਤਾ ਗਿਆ। ਇਸ ਮਤੇ ਨੂੰ ਕੌਂਸਲ ਦੇ ਬਾਕੀ ਮੈਂਬਰਾਂ ਵਲੋ ਸਮਰਥਨ ਦੇਣ ਤੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਮੇਅਰ ਨੇ ਕਿਹਾ ਕਿ ਬਰੈਂਪਟਨ ਵਿਚ ਰਹਿ ਰਹੇ ਲੋਕਾਂ ਵਿਚ ਇਕ ਮਜ਼ਬੂਤ ਭਾਈਚਾਰਕ ਸਾਂਝ ਹੈ। ਅਸੀ ਨਹੀ ਚਾਹੁੰਦੇ ਕਿ ਕੁਝ ਮੂਰਖ ਲੋਕ ਇਸ ਸਾਂਝ ਨੂੰ ਨੁਕਸਾਨ ਪਹੁੰਚਾਉਣ। ਇਸ ਲਈ ਅਸੀਂ ਆਪਣੇ ਬਾਈ ਲਾਅਜ ਦੇ ਸਟਾਫ ਨੂੰ ਪੀਲ ਪੁਲਿਸ ਨਾਲ ਮਿਲਕੇ ਪੂਜਾ ਸਥਾਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਨਵਾਂ ਕਨੂੰਨ ਬਣਾ ਰਹੇ ਹਾਂ।