-ਸੁਖਵਿੰਦਰ ਸਿੰਘ ਚੋਹਲਾ-
ਕੋਈ ਕੁਝ ਕਹੇ ਪਰ ਸੱਚਾਈ ਇਹ ਹੈ ਕਿ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਇਕ ਧੜੱਲੇਦਾਰ, ਮਜ਼ਬੂਤ ਇਰਾਦੇ ਵਾਲੇ ਇਨਸਾਨ ਤੇ ਸਵੈ ਵਿਸ਼ਵਾਸ ਨਾਲ ਭਰੇ ਆਗੂ ਵਜੋਂ ਵਾਪਸੀ ਕੀਤੀ ਹੈ। ਉਹਨਾਂ ਆਪਣੀ ਚੋਣ ਮੁਹਿੰਮ ਦੌਰਾਨ ਡੈਮੋਕਰੇਟਿਕ ਉਮੀਦਵਾਰ ਕਮਲਾ ਹੈਰਿਸ ਦੀਆਂ ਦਮਦਾਰ ਤੇ ਠੋਸ ਦਲੀਲਾਂ ਦੇ ਨਾਲ ਉਸਨੂੰ ਲੋਕਤੰਤਰ ਦਾ ਕਾਤਲ ਕਹਿਣ ਦੇ ਬਾਵਜੂਦ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ ਤੇ ਲੋਕਾਂ ਨੂੰ ਇਹ ਜਿਤਾਇਆ ਕਿ ਅਮਰੀਕਾ ਦੀ ਅਗਵਾਈ ਕਰਨ ਦੇ ਉਹੀ ਯੋਗ ਉਮੀਦਵਾਰ ਹਨ। ਭਾਵੇਂਕਿ ਮੀਡੀਆ ਸਰਵੇਖਣਾਂ ਵਿਚ ਦੋਵਾਂ ਉਮੀਦਵਾਰਾਂ ਵਿਚਾਲੇ ਫਸਵੀਂ ਟੱਕਰ ਵਿਖਾਈ ਜਾ ਰਹੀ ਸੀ ਪਰ ਚੋਣ ਨਤੀਜਿਆਂ ਨੇ ਸਭ ਚੋਣ ਸਰਵੇਖਣਾਂ ਨੂੰ ਫੇਲ ਕਰ ਦਿੱਤਾ। ਸਮਝਿਆ ਜਾਂਦਾ ਸੀ ਕਿ ਦੋਵਾਂ ਵਿਚਾਲੇ ਜਿਤ ਹਾਰ ਦਾ ਫੈਸਲਾ ਬਹੁਤ ਥੋੜੇ ਫਰਕ ਨਾਲ ਹੋਵੇਗਾ ਪਰ ਟਰੰਪ ਨੇ ਆਖਰੀ ਨਤੀਜਿਆਂ ਵਿਚ ਹੈਰਿਸ ਦੀਆਂ 226 ਵੋਟਾਂ ਦੇ ਮੁਕਾਬਲੇ 312 ਇਲੈਕਟੋਰਲ ਵੋਟਾਂ ਲੈਕੇ ਇਕ ਮਜਬੂਤ ਰਾਸ਼ਟਰਪਤੀ ਵਜੋਂ ਵਾਪਸੀ ਕੀਤੀ ਹੈ।
ਉਹ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਕਮਾਨ ਸੰਭਾਲਣਗੇ। ਪਰ ਇਸ ਜਿਤ ਦੇ ਨਾਲ ਹੀ ਉਹਨਾਂ ਨੇ ਪਾਪੂਲਰ ਵੋਟ ਹਾਸਲ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਵਾਈਟ ਹਾਊਸ ਦੇ ਨਾਲ ਉਹਨਾਂ ਦੀ ਪਾਰਟੀ ਅਮਰੀਕੀ ਕਾਂਗਰਸ ਅਤੇ ਸੈਨੇਟ ਵਿਚ ਵੀ ਆਪਣਾ ਕੰਟਰੋਲ ਸਥਾਪਿਤ ਕਰਨ ਵਿਚ ਸਫਲ ਰਹੀ ਹੈ। ਚੋਣਾਂ ਤੋਂ ਪਹਿਲਾਂ ਜਾਂ ਚੋਣ ਮੁਹਿੰਮ ਦੌਰਾਨ ਟਰੰਪ ਨੇ ਜੋ ਵੀ ਐਲਾਨ ਜਾਂ ਵਾਅਦੇ ਕੀਤੇ ਹਨ, ਉਹ ਹੁਣ ਉਹਨਾਂ ਵਾਅਦਿਆਂ ਤੇ ਐਲਾਨਾਂ ਨੂੰ ਆਪਣੀ ਇੱਛਾ ਮੁਤਾਬਿਕ ਸਿਰੇ ਲਗਾ ਸਕਦੇ ਹਨ।
ਟਰੰਪ ਦੀ ਇਸ ਜਿੱਤ ਨਾਲ ਵਿਸ਼ਵ ਰਾਜਨੀਤੀ ਅਤੇ ਆਰਥਿਕਤਾ ਉਪਰ ਵੱਡਾ ਅਸਰ ਪੈਣ ਵਾਲਾ ਹੈ। ਉਹਨਾਂ ਦੀ ਜਿੱਤ ਨਾਲ ਜਿਥੇ ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ ਉਥੇ ਅਮਰੀਕੀ ਸਹਾਇਤਾ ਦੀ ਬਦੌਲਤ ਰੂਸ ਨਾਲ ਜੰਗ ਵਿਚ ਉਲਝਿਆ ਯੂਕਰੇਨ ਵੀ ਦੁਬਿਧਾ ਵਿਚ ਹੈ। ਟਰੰਪ ਦੀ ਜਿੱਤ ਦਾ ਅਸਰ ਹੀ ਕਿਹਾ ਜਾ ਸਕਦਾ ਹੈ ਕਿ ਯੂਕਰੇਨ ਮੁੱਦੇ ਉਪਰ ਯੂਰਪੀਅਨ ਯੂਨੀਅਨ ਦੀ ਮੀਟਿੰਗ ਤੁਰੰਤ ਰੱਦ ਕਰ ਦਿੱਤੀ ਗਈ। ਮਾਹਿਰਾਂ ਮੁਤਾਬਿਕ ਟਰੰਪ ਦੀ ਜਿੱਤ ਵਿਚ ਜਿਥੇ ਉਹਨਾਂ ਦੇ ਸਪੱਸ਼ਟਵਾਦੀ ਹੋਣ ਅਤੇ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਨਾਅਰੇ ਵਿਚ ਵੱਡੀ ਭੂਮਿਕਾ ਰਹੀ ਹੈ ਉਥੇ ਚੋਣ ਮੁਹਿੰਮ ਦੌਰਾਨ ਉਹਨਾਂ ਉਪਰ ਹੋਏ ਦੋ ਕਾਤਲਾਨਾ ਹਮਲਿਆਂ ਨੇ ਉਹਨਾਂ ਪ੍ਰਤੀ ਆਮ ਅਮਰੀਕੀਆਂ ਵਿਚ ਚੱਲੀ ਹਮਦਰਦੀ ਲਹਿਰ ਨੇ ਵੱਡਾ ਰੋਲ ਅਦਾ ਕੀਤਾ। ਡੈਮੋਕਰੇਟਿਕ ਉਮੀਦਵਾਰ ਕਮਲਾ ਹੈਰਿਸ ਦੇ ਚੋਣ ਹਾਰਨ ਪਿੱਛੇ ਜਿਥੇ ਕਈ ਕਾਰਣ ਹੋ ਸਕਦੇ ਹਨ ਉਥੇ ਪਾਰਟੀ ਦੀ ਅਮਰੀਕਾ ਨੂੰ ਜੰਗਾਂ- ਯੁੱਧਾਂ ਵਿਚੋ ਨਿਕਲਣ ਲਈ ਕੋਈ ਸਪੱਸ਼ਟ ਸੋਚ ਦਾ ਪ੍ਰਗਟਾਵਾ ਨਾ ਹੋਣਾ ਵੀ ਸ਼ਾਮਿਲ ਹੈ। ਟਰੰਪ ਵਲੋਂ ਇਹ ਕਹਿਣਾ ਕਿ ਅਗਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ 24 ਘੰਟਿਆਂ ਦੇ ਅੰਦਰ ਯੂਕਰੇਨ ਜੰਗ ਰੁਕਵਾ ਸਕਦੇ ਹਨ, ਨੇ ਲੋਕਾਂ ਦੀ ਜੰਗ ਵਿਰੋਧੀ ਇੱਛਾ ਨੂੰ ਤਸੱਲੀ ਦਿੱਤੀ ਹੈ।
ਚੋਣਾਂ ਤੋਂ ਪਹਿਲਾਂ ਟਰੰਪ ਨੇ ਗੈਰ-ਕਨੂੰਨੀ ਪ੍ਰਵਾਸੀਆਂ ਨੂੰ ਮੁਲਕ ਚੋਂ ਕੱਢਣ, ਸਰਹੱਦ ਨੂੰ ਸੀਲ ਕਰਨ, ਕੈਪੀਟਲ ਹਿਲ ਉਪਰ 6 ਜਨਵਰੀ, 2021 ਦੇ ਹਮਲੇ ਵਿੱਚ ਹਿੱਸਾ ਲੈਣ ਲਈ ਜੇਲ੍ਹ ਵਿੱਚ ਬੰਦ ਦੰਗਾਕਾਰੀਆਂ ਨੂੰ ਰਿਹਾਅ ਕਰਨ, ਤੇਲ ਦੀ ਖੁਦਾਈ ਵਧਾਉਣ, ਵਾਤਾਵਰਣ ਸੰਬੰਧੀ ਨਿਯਮਾਂ ਨੂੰ ਸੀਮਤ ਕਰਨ ਦਾ ਵਾਅਦਾ ਕੀਤਾ ਸੀ। ਇਸਦੇ ਨਾਲ ਹੀ ਅਮਰੀਕਾ ਵਿਚ ਗਰਭਪਾਤ ਦੇ ਵੱਡੇ ਮੁੱਦੇ ਉਪਰ ਉਹਨਾਂ ਵਲੋਂ ਮੁਲਕ ਭਰ ਵਿਚ ਗਰਭਪਾਤ ਉਪਰ ਪਾਬੰਦੀ ਲਗਾਉਣ ਦੀ ਗੱਲ ਕਰਨਾ ਤੇ ਫੈਡਰਲ ਏਜੰਸੀਆਂ ਦੀ ਤਾਕਤ ਨੂੰ ਘਟਾਉਣਾ ਵੀ ਸ਼ਾਮਿਲ ਹਨ। ਟਰੰਪ ਨੂੰ ਵੋਟ ਪਾਉਣ ਵਾਲੇ ਇਹ ਦਲੀਲ ਦਿੰਦੇ ਹਨ ਕਿ ਉਹ ਉਸਦੀ “ਆਰਥਿਕ ਨੀਤੀ” ਦਾ ਸਮਰਥਨ ਕਰਦੇ ਹਨ, ਜੋ ਅਸਲ ਵਿੱਚ, ਸਿਰਫ ਅਮੀਰਾਂ ਨੂੰ ਲਾਭ ਪਹੁੰਚਾਉਣ ਵਾਲੀ ਹੈ । ਇਸਦਾ ਅਸਰ ਟਰੰਪ ਦੀ ਜਿੱਤ ਦੇ ਐਲਾਨ ਉਪਰੰਤ ਸ਼ੇਅਰ ਬਾਜਾਰ ਦੀਆਂ ਕੀਮਤਾਂ ਦਾ ਅਸਮਾਨੀ ਚੜਨਾ ਸਭ ਦੇ ਸਾਹਮਣੇ ਹੈ। ਕੇਵਲ 24 ਘੰਟਿਆਂ ਵਿਚ ਮੁਲਕ ਦੇ ਕੁਝ ਇਕ ਅਮੀਰ ਪਰਿਵਾਰਾਂ ਨੂੰ 64 ਬਿਲੀਅਨ ਡਾਲਰ ਤੋਂ ਉਪਰ ਦਾ ਲਾਭ ਹੋਇਆ।
ਟਰੰਪ ਵਲੋਂ ਨਾਰਥ ਅਮਰੀਕਾ ਫਰੀ ਟਰੇਡ ਐਗਰੀਮੈਂਟ ( ਨਾਫਟਾ) ਦੇ ਉਲਟ ਸਾਰੀਆਂ ਦਰਾਮਦਾਂ ‘ਤੇ 10% ਜਾਂ 20% ਦਾ “ਯੂਨੀਵਰਸਲ” ਟੈਕਸ ਲਗਾਉਣ ਦੀ ਯੋਜਨਾ ਹੈ। ਉਹ ਚੀਨੀ ਸਮਾਨ ‘ਤੇ ਟੈਰਿਫ ਨੂੰ 60% ਤੱਕ ਵਧਾਉਣਾ ਚਾਹੁੰਦੇ ਹਨ । ਇਸਦਾ ਜਿਥੇ ਕੈਨੇਡਾ ਦੇ ਵਪਾਰ ਉਪਰ ਅਸਰ ਪੈਣ ਵਾਲਾ ਹੈ ਉਥੇ ਭਾਰਤ ਨੂੰ ਵੀ ਖ਼ਦਸ਼ਾ ਹੈ ਕਿ ਨਵਾਂ ਰਿਪਬਲਿਕਨ ਪ੍ਰਸ਼ਾਸਨ ਭਾਰਤ ਤੋਂ ਅਮਰੀਕਾ ਨੂੰ ਜਾਂਦੀਆਂ 75 ਅਰਬ ਡਾਲਰ ਤੋਂ ਵੱਧ ਦੀਆਂ ਵਸਤਾਂ ’ਤੇ ਪਹਿਲਾਂ ਨਾਲੋਂ ਵੱਧ ਟੈਕਸ ਲਾ ਸਕਦਾ ਹੈ। ਪਰ ਭਾਰਤ ਨੂੰ ਕੂਟਨੀਤਕ ਫਰੰਟ ਉਪਰ ਅਮਰੀਕੀ ਪ੍ਰਸ਼ਾਸਨ ਤੋਂ ਕੁਝ ਰਾਹਤ ਮਿਲਣ ਦੀ ਆਸ ਜ਼ਰੂਰ ਹੈ। ਕਿਹਾ ਜਾਂਦਾ ਹੈ ਕਿ ਭਾਰਤ ਨੂੰ ਆਸ ਹੈ ਕਿ ਟਰੰਪ ਨਾਲ ਮੋਦੀ ਦੀ ਨੇੜਤਾ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪਨੂੰ ਕੇਸ ਕਾਰਨ ਦੋਵੇਂ ਦੇਸ਼ਾਂ ਦੇ ਸਬੰਧਾਂ ’ਚ ਆਈ ਤਰੇੜ ਨੂੰ ਭਰ ਸਕਦੀ ਹੈ । ਟਰੰਪ ਵੱਲੋਂ ਅਮਰੀਕਾ ਦੇ ਨਿਆਂ ਵਿਭਾਗ ਤੇ ਐੱਫਬੀਆਈ ’ਤੇ ਜਤਾਈ ਬੇਭਰੋਸਗੀ ਜਿਨ੍ਹਾਂ ਉੱਤੇ ਉਹ ਵਾਰ-ਵਾਰ ਆਪਣੇ ਨਾਲ ਪੱਖਪਾਤ ਕਰਨ ਦਾ ਦੋਸ਼ ਲਾਉਂਦੇ ਰਹੇ ਹਨ, ਭਾਰਤ ਨੂੰ ਇਸ ਉਲਝੇ ਮਾਮਲੇ ਵਿੱਚ ਲੋੜੀਂਦੀ ਰਾਹਤ ਦੇ ਸਕਦੀ ਹੈ।
ਟਰੰਪ ਦੀ ਜਿੱਤ ਨਾਲ ਕੈਨੇਡਾ ਨੂੰ ਅਮਰੀਕਾ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਲੈਕੇ ਚਿੰਤਾ ਪਾਈ ਜਾ ਰਹੀ ਹੈ। ਭਾਵੇਂਕਿ ਪ੍ਰਧਾਨ ਮੰਤਰੀ ਟਰੂਡੋ ਟਰੰਪ ਨੂੰ ਜਿੱਤੀ ਦੀ ਵਧਾਈ ਦੇਣ ਵਾਲੇ ਪਹਿਲੇ ਆਗੂਆਂ ਵਿਚ ਸ਼ਾਮਿਲ ਹਨ ਪਰ ਕੈਨੇਡਾ ਨੇ ਆਪਣੀ ਚਿੰਤਾ ਨੂੰ ਵੇਖਦਿਆਂ ਉਚ ਪੱਧਰੀ ਕੈਬਨਿਟ ਕਮੇਟੀ ਦਾ ਗਠਨ ਕੀਤਾ ਹੈ ਜੋ ਅਮਰੀਕਾ ਨਾਲ ਵਪਾਰਕ ਸਬੰਧਾਂ ਨੂੰ ਸੁਖਦਾਈ ਬਣਾਈ ਰੱਖਣ ਲਈ ਕੰਮ ਕਰੇਗੀ। ਕੈਨੇਡਾ ਲਈ ਸਭ ਤੋਂ ਵੱਡੀ ਸਮੱਸਿਆ ਅਮਰੀਕਾ ਤੋਂ ਗੈਰ ਕਨੂੰਨੀ ਪਰਵਾਸੀਆਂ ਦਾ ਕੈਨੇਡੀਅਨ ਸਰਹੱਦ ਅੰਦਰ ਪ੍ਰਵੇਸ਼ ਨੂੰ ਰੋਕਣਾ ਹੈ। ਕਿਊਬੈਕ ਦੇ ਪ੍ਰੀਮੀਅਰ ਫੈਡਰਲ ਸਰਕਾਰ ਨੂੰ ਸਰਹੱਦ ਸੀਲ ਕਰਨ ਲਈ ਉਚਿਤ ਤੇ ਪੁਖਤਾ ਪ੍ਰਬੰਧ ਕਰਨ ਲਈ ਕਹਿ ਰਹੇ ਹਨ। ਕੈਨੇਡਾ ਵਿਚ ਪਹਿਲਾਂ ਹੀ ਵਧੇਰੇ ਪ੍ਰਵਾਸ ਅਤੇ ਗੈਰ ਕਨੂੰਨੀ ਪਰਵਾਸ ਦੀ ਸਮੱਸਿਆ ਦੇ ਚਲਦਿਆਂ ਇਸ ਸਮੱਸਿਆ ਵਿਚ ਹੋਰ ਵਾਧਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਟਰੰਪ ਦੀ ਜਿੱਤ ਉਪਰੰਤ ਮਾਹਿਰਾਂ ਵਲੋਂ ਉਠਾਏ ਜਾ ਰਹੇ ਨੁਕਤੇ ਇਹ ਸਮਝਣ ਲਈ ਕਾਫੀ ਹਨ ਕਿ ਇਕ ਕੱਦਾਵਰ ਆਗੂ ਦੀ ਵਾਈਟ ਹਾਉਸ ਵਿਚ ਵਾਪਸੀ ਨੇ ਵਿਸ਼ਵ ਰਾਜਨੀਤੀ ਤੇ ਵਿਸ਼ਵ ਆਰਥਿਕਤਾ ਦਾ ਰੰਗ ਢੰਗ ਤੇ ਵਿਵਹਾਰ ਰਾਤੋ ਰਾਤ ਬਦਲ ਕੇ ਰੱਖ ਦਿੱਤਾ ਹੈ। ਕਾਮਨਾ ਕਰਦੇ ਹਾਂ ਕਿ ਟਰੰਪ ਪ੍ਰਸ਼ਾਸਨ ਬੀਤੇ ਦੀਆਂ ਗਲਤੀਆਂ ਨੂੰ ਨਾ ਦੁਰਹਾਉਂਦੇ ਹੋਏ ਲੋਕਤੰਤਰ ਦੀ ਮਜ਼ਬੂਤੀ ਦੇ ਨਾਲ ਵਿਸ਼ਵ ਸ਼ਾਂਤੀ ਲਈ ਯੂਕਰੇਨ ਤੇ ਫਲਸਤੀਨ ਦੇ ਮੁੱਦੇ ਉਪਰ ਕੋਈ ਚੰਗਾ ਤੇ ਸੁਖਦਾਈ ਹੱਲ ਦੇ ਸਕਣ ਦੇ ਯੋਗ ਹੋਵੇਗਾ। ਬਹੁਤਾ ਨਹੀਂ ਟਰੰਪ ਕੇਵਲ ਯੂਕਰੇਨ-ਰੂਸ ਜੰਗ ਨੂੰ ਬੰਦ ਕਰਵਾਉਣ ਵਿਚ ਹੀ ਸਫਲ ਹੋ ਜਾਂਦੇ ਹਨ ਤਾਂ ਇਹ ਵਿਸ਼ਵ ਲਈ ਚੰਗੀ ਤੇ ਵੱਡੀ ਖਬਰ ਹੋ ਸਕਦੀ ਹੈ।