Headlines

ਗੁਰਦੁਆਰਾ ਬਰੁੱਕਸਾਈਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸਰੀ (ਸੁਰਿੰਦਰ ਸਿੰਘ ਜੱਬਲ)- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਬੁੱਧਵਾਰ 13 ਨਵੰਬਰ ਨੂੰ ਆਗਮਨ ਪੁਰਬ ਦੇ ਸੰਬੰਧ ਵਿਚ ਮੇਨ ਦਰਬਾਰ ਹਾਲ ਵਿਚ ਸ੍ਰੀ ਅਖੰਡਪਾਠ ਸਾਹਿਬ ਅਰੰਭ ਕੀਤੇ ਗਏ ਤੇ 15 ਨਵੰਬਰ ਸ਼ੁਕਰਵਾਰ ਨੂੰ ਸ੍ਰੀ ਅਖੰਡਪਾਠ ਜੀ ਦੀ ਸੰਪੂਰਨਤਾ ਉਪਰੰਤ ਸਵੇਰੇ ਸਾਢੇ ਨੌਂ ਵਜੇ ਤੋਂ ਲੈ ਕੇ ਸ਼ਾਮ ਦੇ 9:00 ਵਜੇ ਤੀਕ ਗੁਰਬਾਣੀ ਕੀਰਤਨ ਤੇ ਕਥਾ ਦਾ ਪ੍ਰਵਾਹ ਅਤੇ ਗੁਰੂ ਕਾ ਲੰਗਰ ਸਾਰਾ ਦਿਨ ਚੱਲਿਆ।ਰਾਗੀ ਜੱਥੇ ਭਾਈ ਸਰਬਜੀਤ ਸਿੰਘ ਰਮਦਾਸ ਵਾਲੇ ਅਤੇ ਭਾਈ ਇਕਬਾਲ ਸਿੰਘ ਲੁਧਿਆਣੇ ਵਾਲਿਆਂ ਨੈ ਸਿੱਖ ਧਰਮ ਦੇ ਬਾਨੀ,  ਜਗਤ ਗੁਰ ਬਾਬਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਆ, ਆਪਿ ਨਰਾਇਣੁ ਕਲਾਧਾਰ ਜੱਗ ਮਹਿ ਪਰਵਰਿਯਉ ਅਤੇ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ , ਜਿਹੇ ਅਨੇਕਾਂ ਸ਼ਬਦਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਕੀਰਤੀਮਾਨ ਕੀਤਾ। ਗਿਆਨੀ ਕੁਲਵੰਤ ਸਿੰਘ ਤੇ ਗਿਆਨੀ ਸਤਵਿੰਦਰਪਾਲ ਸਿੰਘ ਨੇ ਗੁਰੂ ਸਾਹਿਬਾਨ ਜੀ ਦੇ ਜੀਵਨ ਵਿਚੋਂ ਅਹਿਮ ਘਟਨਾਵਾਂ ਨੂੰ ਬਿਆਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਂਵਾਂ ਤੇ ਚੱਲਣ ਲਈ ਪ੍ਰੇਰਿਆ।ਸਮੂਹ ਸੰਗਤ ਨੂੰ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਅਤੇ ਗੁਰੂ ਮਹਾਰਾਜ ਜੀ ਵਲੋਂ ਸਰਬੱਤ ਦੇ ਭਲੇ ਤੇ ਸਾਝੀਂਵਾਲਤਾ ਲਈ ਪਾਈਆਂ ਪੈੜਾਂ ਅਤੇ ਸਮੁੱਚੀ ਮਾਨਵਤਾ ਦੇ ‘ਸਰਬੱਤ ਦਾ ਭਲਾ’ ਦੇ ਸੰਕਲਪ ਨੂੰ ਹੋਰ ਵੀ ਤਨਦੇਹੀ ਨਾਲ ਸਾਂਝਿਆਂ ਕਰਨ ਲਈ ਪ੍ਰੇਰਿਆ।ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀਆਂ ਸੇਵਾਦਾਰ ਬੀਬੀਆਂ, ਪੰਜਾਬੀ ਤੇ ਕੀਰਤਨ ਕਲਾਸ ਦੇ ਬੱਚੇ ਅਤੇ ਮਰਦਾਨਾ ਅਕੈਡਮੀ ਦੇ ਬੱਚੇ ਬੱਚੀਆਂ ਸਮੇਤ ਸ. ਅਮਰਜੀਤ ਸਿੰਘ ਤਬਲਾਵਾਦਕ ਅਤੇ ਸ. ਨਰਿੰਦਰ ਸਿੰਘ ਪਨੇਸਰ ਦੀ ਪ੍ਰੇਰਨਾ ਸਦਕੇ ਇਸ ਪ੍ਰਕਾਸ਼ ਪੁਰਬ ਵਿਚ ਸੰਗਤ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ।ਹਰੇਕ ਸਾਲ ਦੀ ਤਰ੍ਹਾਂ ਬੱਚਿਆਂ ਅਤੇ ਸੰਗਤ ਨੇ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।ਇਸੇ ਤਰ੍ਹਾਂ 15 ਨਵੰਬਰ ਤੋਂ 17 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਨਾਲ ਐਤਵਾਰ ਵਾਲੇ ਦਿਨ ਲੋਂਗਸ਼ੋਰਮੈਨ ਵਰਕਰਜ਼ ਦੀ ਸਮੁੱਚੀ ਸੰਗਤ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।