Headlines

ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ-ਵਿਧਾਇਕ ਗੁਰਲਾਲ ਸਿੰਘ ਘਨੌਰ ਪ੍ਰਧਾਨ ਬਣੇ

ਸਰੀ (ਸੰਤੋਖ ਸਿੰਘ ਮੰਡੇਰ)-: ਪੰਜਾਬ ਦੀ ਅਤਿ ਪਿਆਰੀ ਤੇ ਮਨਭਾਉਦੀ ਖੇਡ ਕਬੱਡੀ ਵਿਚ ਪਿਛਲੇ ਲੰਮੇ ਸਮੇ ਤੋ ਅਹੁਦੇਦਾਰਾਂ ਦੀ ਖਿਚੋਤਾਣ ਵਾਲੀ ਚਲ ਰਹੀ ਚੋਣ ਪ੍ਰਕਿਰਿਆ ਤੋ ਬਾਅਦ, ਪੰਜਾਬ ਵਿਚ ਕਬੱਡੀ ਸੰਚਾਲਕ ਜਾਂ ਪ੍ਰਬੰਧਕ ਸੰਸਥਾ ‘ਪੰਜਾਬ ਕਬੱਡੀ ਐਸੋਸੀਏਸ਼ਨ’ ਦੇ ਅਹੁਦੇਦਾਰਾਂ ਦੀ ਚੋਣ ਹੋ ਗਈ ਹੈ| ਇਸ ਵਿਚ ਅੰਤ੍ਰਰਾਸ਼ਟਰੀ ਨਾਮਵਰ ਕਬੱਡੀ ਖਿਡਾਰੀ, ਕੱਪਤਾਨ ਤੇ ਮੌਜੂਦਾ ਪੰਜਾਬ ਸਰਕਾਰ-ਆਮ ਆਦਮੀ ਪਾਰਟੀ ਦੇ ਹਲਕਾ ਘਨੌਰ ਤੋ ਐਮ ਐਲ ਏ ਸਰਦਾਰ ਗੁਰਲਾਲ ਸਿੰਘ ਘਨੌਰ ਨੂੰ ਸਰਬਸੰਮਤੀ ਨਾਲ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁੱਣ ਲਿਆ ਗਿਆ ਹੈ| ਲੁਧਿਆਣਾ ਜਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ, ਸਰਦਾਰ ਗੁਰਮੇਲ ਸਿੰਘ ਪਹਿਲਵਾਨ-ਢੇਰੀ, ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਸ਼ਰੋਮਣੀ ਅਕਾਲੀ ਦੱਲ ਦੇ ਬਠਿੰਡਾ ਤੋ ਨੇਤਾ ਸਰਦਾਰ ਤੇਜਿੰਦਰ ਸਿੰਘ ਮਿਡੂਖੇੜਾ ਨੂੰ ਸੰਸਥਾ ਦਾ ਨਵਾ ਜਰਨਲ ਸਕੱਤਰ ਚੁਣਿਆ ਗਿਆ ਹੈ| ਪੰਜਾਬ ਕਬੱਡੀ ਸੰਸਥਾ ਦੇ ਪਹਿਲੇ ਜਰਨਲ ਸੱਕਤਰ ਸਰਦਾਰ ਅਮਨਪ੍ਰੀਤ ਸਿੰਘ ਮੱਲੀ ਨੂੰ ਸੰਸਥਾ ਦਾ ਚੇਅਰਮੈਨ ਨਾਮਜਦ ਕੀਤਾ ਗਿਆ ਹੈ ਜੋ ਕਬੱਡੀ ਪ੍ਰਤੀ ਆਪਣੀਆਂ ਸੇਵਾਵਾਂ ਪਹਿਲੇ ਵਾਂਗ ਹੀ ਜਾਰੀ ਰਖੱਣਗੇ| ਪੰਜਾਬ ਕਬੱਡੀ ਐਸੋਸੀਏਸ਼ਨ ਦੇ ਲੰਮੇ ਸਮੇ ਦੇ ਪ੍ਰਧਾਨ ਅਤੇ ਸ਼ਰੋਮਣੀ ਅਕਾਲੀ ਦੱਲ-ਬਾਦਲ ਦੇ ਸਿਰੇ ਦੇ ਆਗੂ ਸਰਦਾਰ ਸਿਕੰਦਰ ਸਿੰਘ ਮਲੂਕਾ ਸੰਸਥਾ ਤੋ ਲਾਭੇ ਕਰ ਦਿਤੇ ਗਏ ਹਨ|
ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਤੇ ਜਿਲਾ ਕਬੱਡੀ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ, ਪਹਿਲਵਾਨ ਸਰਦਾਰ ਗੁਰਮੇਲ ਸਿੰਘ ਢੇਰੀ ਨੇ ਲੁਧਿਆਣਾ ਤੋ ‘ਇੰਡੋ ਕਨੇਡੀਅਨ ਟਾਈਮਜ’ ਅਖਬਾਰ ਨਾਲ ਖਾਸ ਤੌਰ ਤੇ ਇਹ ਖਬਰ ਸਾਂਝੀ ਕੀਤੀ| ਇਸ ਚੋਣ ਵਿਚ ਜੋ ਪਟਿਆਲਾ ਜਿਲੇ ਦੇ ਜੀ ਟੀ ਰੋਡ ਵਾਲੇ ਸ਼ਹਿਰ ਰਾਜਪੁਰਾ ਦੇ ਨਾਮੀ ਈਲੰਿਗ ਹੋਟਲ ਵਿਖੇ ਹੋਈ, ਜਿਸ ਵਿਚ ਸੰਸਥਾ ਦੇ 23 ਜਿਲ੍ਹਿਆਂ ਦੇ 37 ਮੈਬਰਾਂ ਨੇ ਭਾਗ ਲਿਆ| ਇਸ ਚੋਣ ਵਿਚ ਪੰਜਾਬ ਸ੍ਰਕਾਰ ਵਲੋ ਰਿਟਰਨਿੰਗ ਅਫ਼ਸਰ ਦਲ ਸਿੰਘ-ਸੇਵਾ ਮੁਕਤ ਅਸਿਸਟੈਟ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਅਬਜ਼ਰਵਰ-ਜਿਲਾ ਖੇਡ ਅਫ਼ਸਰ ਸਰਦਾਰ ਉਪਕਾਰ ਸਿੰਘ ਅਤੇ ਪੰਜਾਬ ਖੇਡ ਵਿਭਾਗ ਵਲੋ ਅਬਜ਼ਰਵਰ ਦੇ ਤੌਰ ਰਵਿੰਦਰ ਸਿੰਘ ਹਾਜਰ ਸਨ| ਪੰਜਾਬ ਕਬੱਡੀ ਸੰਸਥਾ ਦੇ ਨਵੇ ਪ੍ਰਧਾਨ ਸਰਦਾਰ ਗੁਰਲਾਲ ਸਿੰਘ ਘਨੌਰ ਨੇ ਕਿਹਾ “ਸੰਸਾਰ ਭਰ ਵਿਚ ਪੰਜਾਬੀਆਂ ਦੀ ਪਿਆਰੀ ਖੇਡ ਕਬੱਡੀ ਦੇ ਖਿਡਾਰੀਆਂ ਵਿਚ ਅਨੂਸ਼ਾਸ਼ਨ ਨੂੰ ਪਹਿਲ ਦਾ ਦਰਜਾ ਦੇ ਕੇ ਸਿਖਰਾਂ ਤੇ ਲੈ ਕੇ ਜਾਵਾਗੇ| ਰੱਕੜਾਂ ਤੋ ਕਰੋੜਾਂ ਵਾਲੀ ਖੇਡ ਕਬੱਡੀ ਨੂੰ ਦੁਨਿਆ ਦੀਆਂ ਨਾਮੀ ਖੇਡਾਂ ਦੇ ਬਰਾਬਰ ਖੜਾ ਕਰਾਂਗੇ”| ਉਨ੍ਹਾਂ ਕਿਹਾ ਕਬੱਡੀ ਸਰਕਲ ਸਟਾਈਲ ਨੂੰ ਏਸ਼ੀਅਨ ਗੇਮਜ, ਕਾਮਨਵੈਲਥ ਗੇਮਜ, ਸੈਫ਼ ਖੇਡਾਂ ਵਿਚ ਸ਼ਾਮਲ ਕਰਵਾ ਕੇ ਅੱਗੇ ਉਲੰਪਿਕ ਗੇਮਜ ਲਈ ਰਾਹ ਪੱਧਰਾ ਕਰਨਗੇ| ਜਿਲਾ ਨਵਾਂ ਸ਼ਹਿਰ ਤੋ ਲੜਕੀਆਂ ਦੀ ਨਾਮੀ ਕਬੱਡੀ ਟੀਮ ਦੇ ਬਾਨੀ ਤੇ ਜਿਲਾ ਕਬੱਡੀ ਕੋਚ ਬੀਬਾ ਜਸਕਰਨ ਕੌਰ ਲਾਡੀ-ਜਗਤਪੁਰ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਸੰਸਥਾ ਵਿਚ ਜੁਆਇੰਟ ਸਕੱਤਰ ਚੁੱਣਿਆ ਗਿਆ ਹੈ| ਚਰਨ ਸਿੰਘ ਦੀ ਸੰਸਥਾ ਦੇ ਕੈਸ਼ੀਅਰ ਵਜੋ ਚੋਣ ਹੋਈ ਹੈ|
ਭਾਰਤ ਦੀ ਆਜਾਦੀ ਤੋ ਬਾਅਦ ਪੰਜਾਬ ਵਿਚ ਲੱਗਭੱਗ 50-55 ਸਾਲ ਤੱਕ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਪੰਜਾਬੀ ਕਬੱਡੀ ਖਿਡਾਰੀਆਂ ਵਿਚ ਪੂਰਾ ਦਬਦੱਬਾ ਤੇ ਬੋਲਬਾਲਾ ਸੀ| ਸਾਬਕਾ ਪ੍ਰਧਾਨ ਮਰਹੂਮ ਸ੍ਰਦਾਰ ਮੁੱਖਤਿਆਰ ਸਿੰਘ ਜਗਤਪੁਰ, ਸਰਦਾਰ ਬਲਬੀਰ ਸਿੰਘ ਜਾਲੰਧਰ, ਅਕਾਲੀ ਲੀਡਰ ਸਰਦਾਰ ਸੁਖਦੇਵ ਸਿੰਘ ਢੀਡਸਾਂ-ਸੰਗਰੂਰ, ਜਰਨਲ ਸੱਕਤਰ ਸਰਦਾਰ ਹਰਮੋਹਿੰਦਰ ਸਿੰਘ ਭੁੱਲਰ ਤੇ ਸਰਦਾਰ ਪੀ ਪੀ ਸਿ਼ਘ ਦੀ ਅਗਵਾਈ ਵਾਲੀ ਪੰਜਾਬ ਕਬੱਡੀ ਸੰਸਥਾ ਦਾ ਵੱਖਰਾ ਹੀ ਨਾਮ ਸੀ| ਹਰ ਸਾਲ ਇਸ ਸੰਸਥਾ ਵਲੋ ਪੰਜਾਬ ਦੇ ਵੱਖੋ ਵੱਖ ਕਸਬੀਆ\ਸ਼ਹਿਰਾਂ ਵਿਚ ਪੰਜਾਬ ਕਬੱਡੀ ਚੈਮਪੀਅਨਸਿ਼ਪ-ਸਰਕਲ ਸਟਾਈਲ ਤੇ ਨੈਸ਼ਨਲ ਸਟਾਈਲ, ਮਰਦਾਂ ਤੇ ਔਰਤਾਂ ਦੀ ਕਰਵਾਈ ਜਾਂਦੀ ਸੀ| ਇਸ ਚੈਮਪੀਅਨਸਿਪ ਵਿਚੋ ਚੁਣੇ ਹੋੲੁੇ ਨੈਸ਼ਨਲ ਸਟਾਈਲ ਕਬੱਡੀ ਖਿਡਾਰੀਆਂ ਤੇ ਖਿਡਾਰਨਾਂ ਦੀ ਪੰਜਾਬ ਟੀਮ ਭਾਰਤੀ ਨੈਸ਼ਨਲ ਕਬੱਡੀ ਚੈਮਪੀਅਨਸਿ਼ਪ ਵਿਚ ਭਾਗ ਲੈਦੀ ਸੀ ਜੋ ਭਾਰਤ ਦੇ ਵੱਖੋ ਵੱਖ ਨਾਮੀ ਸ਼ਹਿਰਾਂ ਵਿਚ ਐਮਚਿਊਰ ਕਬੱਡੀ ਫੈਡਰੇਸ਼ਨ ਆਫ ਇੰਡਿਆ ਵਲੋ ਆਯੋਜਤ ਕੀਤੇ ਜਾਂਦੇ ਸਨ| ਪੰਜਾਬ ਦੀ ਕਬੱਡੀ ਟੀਮ ਵਿਚ ਸਾਰੇ 15\16 ਜਿਲਿਆਂ ਵਿਚੋ 12\13 ਖਿਡਾਰੀ ਪੰਜਾਬ ਟੀਮ ਲਈ ਚੁਣੇ ਜਾਂਦੇ ਸਨ| ਚਿਟੀ ਬਨੈਣ ਉਪੱਰ ਕਾਲੇ ਰੰਗ ਦਾ ਪੰਜਾਬ ਲਿਖਿਆ ਉਦੋ ਕਿਸੇ ਕਿਸੇ ਕੋਲ ਹੁੰਦਾ ਸੀ| ਮੈ ਇੰਨ੍ਹਾਂ ਨੈਸ਼ਨਲ ਕਬੱਡੀ ਮੁਕਾਬਲਿਆਂ ਲਈ ਨੈਸ਼ਨਲ ਸਟਾਈਲ ਕਬੱਡੀ ਵਿਚ, ਬੰਬਈ, ਆਸਨਸੋਲ, ਜਮਸ਼ੈਦਪੁਰ ਆਦਿ ਵਿਚ ਭਾਗ ਲੈ ਚੁੱਕਾ ਹਾਂ| ਪੰਜਾਬ ਦੇ ਧੱਕੜ ਖਿਡਾਰੀ ਬਲਵਿੰਦਰ ਸਿੰਘ ਫਿਡੂ ਦਾ ਨੈਸ਼ਨਲ ਕਬੱਡੀ ਵਿਚ ਵੀ ਵੱਡਾ ਨਾਮ ਸੀ ਤੇ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੇ ਪੰਜਾਬ ਦੇ ਫਿਡੂ ਨੂੰ ਉਸਦੀ ‘ਚੁੱਸਤੀ’ ‘ਫੁੱਰਤੀ’ ਲਈ ‘ਬਰੂਸ-ਲੀ-ਆਫ ਇੰਡੀਆ’ ਦਾ ਖਿਤਾਬ ਦਿਤਾ ਸੀ| ਕਬੱਡੀ ਫੈਡਰੇਸ਼਼ਨ ਆਫ ਇੰਡੀਆ ਦਾ ਏ-ਕਲਾਸ ਕਬੱਡੀ ਰੈਫਰੀ ਬਨੱਣ ਬਾਅਦ ਮੈ ਅਨੇਕਾਂ ਸ਼ਹਿਰ ਘੁੰਮੇ| ਇੰਨ੍ਹਾਂ ਸਾਲਾਂ ਵਿਚ ਕੋਈ ਅਮਰੀਕਾ, ਕਨੇਡਾ, ਇਗਲੈਡ ਜਾਂ ਆਸਟਰੇਲਿਆ ਜਾਣ ਦਾ ਰਿਵਾਜ ਨਹੀ ਸੀ| ਇਨਾਮਾਂ ਵਿਚ ਸਾਬਣਦਾਨੀਆਂ, ਬਾਲਟੀਆਂ, ਬਨੈਣਾਂ ਜਾਂ ਬੜੀ ਹੱਦ ਅਟੈਚੀਕੇਸ ਮਿਲਦੇ ਸੀ| ਅੱਜ ਕੱਲ ਵਾਂਗ ਨਾ ਹੀ ਲੱਖਾਂ ਰੁਪਏ ਦੀ ਸੀਟੀ ਵੱਜਦੀ ਸੀ ਨਾ ਹੀ ਹਜਾਰਾਂ ਡਾਲਰਾਂ ਦੀ ਚੱਕਰੀ ਘੁੰਮਦੀ ਸੀ|
ਪੰਜਾਬ ਵਿਚ ਕਬੱਡੀ ਦੀਆਂ ਅਖੌਤੀ ਅਕੈਡਮੀਆਂ, ਕਲੱਬਾਂ ਤੇ ਭਾਂਤ ਭਾਂਤ ਦੇ ਵਿਦੇਸ਼ੀ ਨਾਮਾਂ ਦੀਆਂ ਕਬੱਡੀ ਟੀਮਾਂ ਦੇ ਬੱਨਣ ਨਾਲ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਬੁੱਕਤ ਨੂੰ ਭਾਰੀ ਸੱਟ ਵੱਜੀ ਹੈ| ਪੰਜਾਬ ਕਬੱਡੀ ਸੰਸਥਾ ਦਾ ਕੇਦਰੀ ਸਥਾਨ ਸ਼ੁਰੂ ਤੋ ਜਾਲੰਧਰ ਤੇ ਕਪੂਰਥਲਾ ਹੀ ਰਿਹਾ ਪਰ ਜਦੋ ਦਾ ਇਹ ਬਠਿੰਡੇ ਵਾਲੇ ਧਰੂਹ ਕੇ ਲੈ ਗਏ ਮੁੱੜ ਸਿਧੇ ਰਾਹ ਨਹੀ ਪਿਆ| ਪੰਜਾਬ ਕਬੱਡੀ ਐਸੋਸੀਏਸਨ ਦੇ ਨਵੇ ਪ੍ਰਧਾਨ ਤੇ ਸਕਤਰ ਤੋ ਕਬੱਡੀ ਦੀਆਂ ਨਵੀਆਂ ਆਸਾਂ ਉਮੀਦਾਂ ਪ੍ਰਵਾਸੀ ਪੰਜਾਬੀਆ ਨੂੰ ਬਹੁੱਤ ਹਨ|| ਖੇਡ ਕਬੱਡੀ ਬਾਹਰਲੇ ਮੁੱਲਕਾਂ ਅਮਰੀਕਾ, ਕਨੇਡਾ, ਯੂਰਪ, ਆਸਟਰੇਲੀਆ ਆਦਿ ਵਿਚ ਪ੍ਰਵਾਸੀ ਪੰਜਾਬੀਆਂ ਦੇ ਮੰਨੋਰੰਜਨ ਦਾ ਇਕ ਵਿਸੇਸ਼ ਹਿਸਾ ਹੈ ਜੋ ਨੌਜਵਾਨ ਬੱਚਿਆਂ ਨੂੰ ਸਿਹਤ ਸੰਭਾਲ ਲਈ ਜਾਗਰੂਕ ਵੀ ਕਰਦਾ ਹੈ|