Headlines

ਸਾਬਕਾ ਪ੍ਰਧਾਨ ਮੰਤਰੀ ਹਾਰਪਰ ਵਲੋਂ ਮੁਲਕ ਵਿਚ ਫੁਟਪਾਊ ਤਾਕਤਾਂ ਤੋਂ ਦੂਰ ਰਹਿਣ ਦੀ ਸਲਾਹ

ਟੋਰਾਂਟੋ ( ਸੇਖਾ ) -ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਫੁੱਟ ਪਾਊ ਗਰੁੱਪਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖਾਲਿਸਤਾਨੀਆਂ ਅਤੇ ਜੇਹਾਦੀਆਂ ਨੂੰ ਸ਼ਰਨ ਦੇਣਾ ਬੰਦ ਕਰਨਾ ਚਾਹੀਦਾ ਹੈ। ਹਾਰਪਰ ਜੋ ਕਿ 2006 ਤੋਂ 2015 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ ਵਲੋਂ ਇਹ ਟਿੱਪਣੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧਾਂ ਵਿਚ ਤਣਾਅ ਚੱਲ ਰਿਹਾ ਹੈ। ਇਥੇ ਇਕ ਸਮਾਗਮ ਦੌਰਾਨ ਬੋਲਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ  ਕਿ ਕੈਨੇਡਾ ਨੂੰ ਦੁਨੀਆ ਦੇ ਲੋਕਾਂ ਦੀ ਪੁਸ਼ਤਾਂ ਪੁਰਾਣੀ ਨਫ਼ਰਤੀ ਸੋਚ ਨੂੰ ਆਪਣੀ ਧਰਤੀ ’ਤੇ ਪਨਾਹ ਦੇਣੀ ਤੁਰੰਤ ਬੰਦ ਕਰਨੀ ਚਾਹੀਦੀ ਹੈ।
ਹਾਰਪਰ ਨੇ ਦੁੱਖ ਪ੍ਰਗਟਾਇਆ ਕਿ ਮੌਜੂਦਾ ਸਰਕਾਰ ਨੂੰ ਜਿਹਾਦੀ ਅਤੇ ਖਾਲਿਸਤਾਨੀ ਸੋਚ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਦਾਖਲਾ ਦੇਣ ਦੀ ਗਲਤੀ ਨੂੰ ਤੁਰੰਤ ਠੀਕ ਕੀਤੇ ਜਾਣ ਦੇ ਯਤਨ ਸ਼ੁਰੂ ਕਰ ਕੇ ਕੈਨੇਡਾ ਦੀ ਭਲਾਈ ਬਾਰੇ ਸੋਚਣ ਦੀ ਲੋੜ ਹੈ। ਆਪਣੇ ਨਿਰ-ਵਿਵਾਦ ਕਾਰਜਕਾਲ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਵਪਾਰਕ ਹਿੱਤਾਂ ਸਮੇਤ ਹੋਰ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਖਾਸ ਧਿਰ ਲਈ ਇਨ੍ਹਾਂ ਹਿੱਤਾਂ ਨੂੰ ਦਾਅ ’ਤੇ ਲਾ ਦੇਣਾ ਦੇਸ਼ ਨੂੰ ਦਹਾਕਿਆਂ ਤੱਕ ਨਾ ਪੂਰਾ ਹੋਣ ਵਾਲੇ ਘਾਟੇ ਵੱਲ ਧੱਕ ਸਕਦਾ ਹੈ।
ਉਨ੍ਹਾਂ ਕਿਹਾ ਕਿ ਨਫਰਤੀ ਸੋਚ ਨੂੰ ਆਪਣੀ ਧਰਤੀ ’ਤੇ ਪਨਾਹ ਦੇ ਕੇ ਉਸਨੂੰ ਵਿਗਸਣ ਦੇਣ ਤੋਂ ਪੈਦਾ ਹੋਣ ਵਾਲੇ ਨਤੀਜੇ ਦੇਸ਼ ਲਈ ਘਾਤਕ ਹੋ ਸਕਦੇ ਹਨ। ਸਾਬਕ ਪ੍ਰਧਾਨ ਮੰਤਰੀ ਨੇ ਸਪੱਸ਼ਟ ਕਿਹਾ ਕਿ  ਜਿਹਾਦੀ ਗਰੁੱਪ, ਤਾਮਿਲ ਟਾਈਗਰਜ਼ ਤੇ ਖਾਲਿਸਤਾਨੀ ਸੋਚ ਵਾਲੇ ਲੋਕਾਂ ਨੂੰ ਪਨਾਹ ਦੇ ਕੇ ਪੁਸ਼ਤ ਪਨਾਹੀ ਦੀ ਗਲਤੀ ਦੇ ਨਤੀਜੇ ਹੁਣ ਸਾਰੇ ਦੇਸ਼ ਵਾਸੀਆਂ ਨੂੰ ਭੁਗਤਣੇ ਪੈ ਰਹੇ ਹਨ।