Headlines

ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਵੱਲੋਂ 24 ਨਵੰਬਰ ਵਾਲਾ ਕੌਂਸਲਰ ਕੈਂਪ ਰੱਦ

ਸਰੀ (ਡਾ ਗੁਰਵਿੰਦਰ ਸਿੰਘ) ਸਰੀ ਦੇ ਲਕਸਮੀ ਨਾਰਾਇਣ ਮੰਦਿਰ ਵੱਲੋਂ 24 ਨਵੰਬਰ ਨੂੰ ਭਾਰਤੀ ਕੌਂਸਲਰ ਕੈਂਪ ਦੇ ਲਾਈਫ ਸਰਟੀਫਿਕੇਟ ਵਾਲੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇ ਨਜ਼ਰ ਇਹ ਪ੍ਰੋਗਰਾਮ ਕੈਂਸਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਇਸ ਬਾਰੇ ਹੋਰ ਗੱਲਬਾਤ ਕਰਦਿਆਂ ਕਿਹਾ ਕਿ ਲਕਸ਼ਮੀ ਨਰਾਇਣ ਮੰਦਿਰ ਵੱਲੋਂ ਭਾਈਚਾਰਕ ਸਾਂਝ ਲਈ ਸਦਾ ਪਹਿਲ ਕਦਮੀ ਕੀਤੀ ਜਾਂਦੀ ਹੈ। ਇਸੇ ਅਧੀਨ ਸਰੀ ਵਿੱਚ ਭਾਈਚਾਰਕ ਮੇਲ-ਮਿਲਾਪ ਰੱਖਣ ਲਈ ਸੁਹਿਰਦਤਾ ਨਾਲ ਅਜਿਹਾ ਕੀਤਾ ਕੀਤਾ ਜਾ ਰਿਹਾ ਹੈ। ਉਹਨਾਂ ਆਸ ਪ੍ਰਗਟਾਈ ਕਿ ਸਰੀ ਵਿੱਚ ਵਸਦੇ ਸਿੱਖ ਹਿੰਦੂ ਅਤੇ ਸਮੇਤ ਸਾਰੇ ਭਾਈਚਾਰੇ ਇੱਕ ਦੂਜੇ ਪ੍ਰਤੀ ਸਤਿਕਾਰ ਦੀ ਭਾਵਨਾ ਕਾਇਮ ਰੱਖਣਗੇ ਅਤੇ ਮੇਲ ਮਿਲਾਪ ਨਾਲ ਸਹਿਯੋਗ ਦੇਣਗੇ।
ਸਰੀ ਦੇ ਲਕਸ਼ਮੀ ਨਰਾਇਣ ਮੰਦਿਰ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਸਮੇਂ ਭਾਰਤੀ ਕੌਂਸਲਰ ਕੈਂਪ ਕਈ ਮੰਦਿਰਾਂ ਤੇ ਗੁਰਦੁਆਰਿਆਂ ਵਿੱਚ ਲਗਾਏ ਜਾ ਰਹੇ ਹਨ ਜਿਨਾਂ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਇਹਨਾਂ ਦਾ ਵਿਰੋਧ ਹੋ ਰਿਹਾ ਹੈ, ਜਿਸ ਕਾਰਨ ਕੈਨੇਡਾ ਵਿੱਚ ਹਾਲਾਤ ਪਿਛਲੇ ਕੁਝ ਹਫਤਿਆਂ ਤੋਂ ਹਾਲਾਤ ਨਾਸਾਜ਼ ਹਨ। ਪਿਛਲੇ ਹਫਤੇ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਅਤੇ ਖਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਭਾਰਤੀ ਕੌਂਸਲਰ ਕੈਂਪ ਲੱਗੇ ਸਨ, ਜਿੰਨਾ ਦਾ ਉਥੇ ਪਹੁੰਚ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਭਾਰਤੀ ਏਜੰਸੀਆਂ ਵੱਲੋਂ ਕੈਨੇਡਾ ‘ਚ ਦਖਲ ਅੰਦਾਜ਼ੀ ਦੇ ਮੁੱਦੇ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦੇ ਹੱਤਿਆ ਨੂੰ ਲੈ ਕੇ ਰੌਇਲ ਕੈਨੇਡੀਅਨ ਮੋਂਟਡ ਪੁਲਿਸ ਅਤੇ ਕੈਨੇਡਾ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਅਹਿਮ ਇੰਕਸ਼ਾਫ ਕੀਤੇ ਅਤੇ ਇਸ ਦੌਰਾਨ ਭਾਰਤੀ ਸਿਫਾਰਤਖਾਨੇ ਦੇ ਛੇ ਅਧਿਕਾਰੀਆਂ ਨੂੰ ਵੀ ਕੈਨੇਡਾ ਚੋਂ ਦਖਲਅੰਦਾਜ਼ੀ ਲਈ ਕੱਢਿਆ ਗਿਆ। ਇਸ ਵੇਲੇ ਭਾਰਤੀ ਏਜੰਸੀਆਂ ਦੀ ਕੈਨੇਡਾ ਵਿੱਚ ਦਖਲ ਅੰਦਾਜ਼ੀ ਦੇ ਮਾਮਲੇ ਚ ਸਿੱਖਾਂ ਅੰਦਰ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਅਜਿਹੇ ਸਮੇਂ ਭਾਰਤੀ ਕੌਂਸਲਰ ਕੈਂਪਾਂ ਦਾ ਗੁਰਦੁਆਰਿਆਂ ਮੰਦਰਾਂ ਵਿੱਚ ਲੱਗਣਾ ਹਾਲਾਤ ਹੋਰ ਵਿਗਾੜ ਰਿਹਾ ਹੈ।