Headlines

ਧਾਰਮਿਕ ਅਤੇ ਸਮਾਜ ਸੁਧਾਰਕ ਕਵਿਤਾ ਦਾ ਸਿਰਜਕ : ਕਵੀ ਦਲਬੀਰ ਸਿੰਘ ਰਿਆੜ

ਮੁਲਾਕਾਤੀ-ਬਲਵਿੰਦਰ ਬਾਲਮ ਗੁਰਦਾਸਪੁਰ-

ਉਮਰ ਦੀਆਂ 67 ਬਹਾਰਾਂ ਮਾਣ ਚੁਕੇ ਪੰਥਕ ਕਵੀ, ਲੇਖਕ ਪ੍ਰਚਾਰਕ ਦਲਬੀਰ ਸਿੰਘ ਰਿਆੜ ਬਤੌਰ ਗਣਿਤ ਪ੍ਰਾਧਿਆਪਕ, ਸਰਕਾਰੀ ਕੰਨਿਆ ਸੀ.ਸੈ. ਸਕੂਲ ਆਬਾਦਪੁਰਾ, ਨਕੋਦਰ ਰੋਡ, ਜਾਲੰਧਰ, ਪੰਜਾਬ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਪੰਜਾਬੀ ਸਾਹਿਤ ਦੀ ਝੋਲੀ ਵਿਚ ਉਹ ਧਾਰਮਿਕ ਅਤੇ ਸਮਾਜ ਸੁਧਾਰਕ ਕਵਿਤਾਵਾਂ ਦੀਆਂ ਪੰਜ ਪੁਸਤਕ ਪਾ ਚੁੱਕੇ ਹਨ। ਉਹ ਸ਼੍ਰੋਮਣੀ ਗੁਰਸਿੱਖ ਕਵੀ ਸਭਾ ਦੇ ਪ੍ਰਧਾਨ, ਪੰਜਾਬੀ ਲਿਖਾਰੀ ਸਭਾ (ਰਜਿ.) ਜਲੰਧਰ ਦੇ ਚੇਅਰਮੈਨ, ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ ਜਲੰਧਰ ਦੇ ਡਾਇਰੈਕਟਰ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਗੁਰਮਤਿ ਡਿਪਲੋਮਾ, ਭਾਸ਼ਾ ਵਿਭਾਗ ਪੰਜਾਬ ਅਤੇ ਹਰਿਆਣਾ ਉਰਦੂ ਅਕੈਡਮੀ ਤੋਂ ਉਰਦੂ ਡਿਪਲੋਮਾ ਆਦਿ ਪ੍ਰਾਪਤੀਆਂ ਦੇ ਬੰਦਨਵਾਰ ਸਜਾ ਚੁੱਕੇ ਹਨ।

ਪੰਥਕ ਕਵੀ ਦੇ ਤੌਰ ’ਤੇ ਉਹ ਦੇਸ਼ ਵਿਦੇਸ਼ ਵਿਚ ਲਗਭਗ ਪ੍ਰਸਿੱਧ ਧਾਰਮਿਕ ਸਥਾਨਾਂ ਵਿਖੇ ਅਪਣੀਆਂ ਕਵਿਤਾਵਾਂ ਦਾ ਜਲਵਾ ਵਿਖਾ ਚੁਕੇ ਹਨ। ਉਨ੍ਹਾਂ ਦੀਆਂ ਕਵਿਤਾਵਾਂ ਸਿਧੇ ਤੌਰ ’ਤੇ ਦਿਲ ਦਿਮਾਗ ਵਿਚ ਉਤਰਦੀਆਂ ਹਨ। ਸਰਲ ਅਤੇ ਸਪਸ਼ਟ ਭਾਸ਼ਾ ਵਿਚ ਦ੍ਰਿਸ਼ ਚਿੱਤਰਣ ਦੀ ਠਾਠ ਅਲੱਗ ਹੀ ਹੁੰਦੀ ਹੈ। ਕਵਿਤਾ ਦਾ ਰੂਪ ਇਸ ਕੋਸ਼ਲਤਾ ਨਾਲ ਰਚਦੇ ਹਨ ਕਿ ਨਵ ਨਿਰਮਿਤ ਵਿਚਾਰ ਸਾਧਨਾ ਵਿਚ ਭਾਵ ਰੂਪ ਧਾਰਣ ਕਰ ਲੈਂਦੇ ਹਨ। ਪਰੰਪਰਾਵਾਂ ਵਿਚ ਰਹਿ ਕੇ ਨਵੇਂ ਮੋੜ, ਇਤਿਹਾਸਕ ਘਟਨਾਵਾਂ ਅਤੇ ਚਰਿਤਰਾਂ ਨੂੰ ਉਭਾਰਦੇ ਹਨ। ਕਵਿਤਾ ਵਿਚ ਰਿਧਮ ਲੈਅ ਝਰਨੇ ਦੀ ਰਵਾਨਗੀ ਵਾਗੂੰ ਅੰਤਰ ਨਿਹਿਤ ਹੁੰਦਾ ਹੈ। ਬਹੁਤ ਘੱਟ ਕਵੀ ਹਨ ਜੋ ਆਧਿਆਤਮਿਕ ਅਤੇ ਸਮਾਜ ਸੁਧਾਰਕ ਕਿਰਿਆਵਾਂ ਉਪਰ ਕਵਿਤਾ ਸਿਰਜਨ ਦਾ ਕਾਰਜ ਕਰਦੇ ਹਨ। ਸ਼ਬਦ ਹੀ ਕਵੀ ਦੀ ਸੰਪਦਾ ਹੈ। ਵਾਸਤਵ ਵਿਚ ਸੰਵੇਦਨਸ਼ੀਲਤਾ ਜੋ ਕਿ ਕਵੀ ਦੇ ਵਿਅਕਤੀਤਵ ਦਾ ਦੂਸਰਾ ਪਹਿਲੂ ਹੈ। ਉਸ ਦੀ ਹੋਂਦ ਦਾ ਗਤੀਸ਼ੀਲ ਅਤੇ ਪਰਿਵਰਤਨ ਸ਼ੀਲ ਅੰਗ ਹੁੰਦਾ ਹੈ। ਕਵੀ ਤਾਂ ਇਕ ਤੀਰਥ ਯਾਤਰੀ ਹੈ, ਸ਼ਬਦ ਜਿਸ ਦਾ ਪਥ ਪ੍ਰਦਰਸ਼ਕ ਹੈ। ਸ਼ਬਦ ਹੀ ਉਹ ਤੱਤ ਹੈ ਜਿਸ ਦੇ ਦੁਆਰਾ ਮਾਤਰ, ਜਿਸ ਦੇ ਦੁਆਰਾ ਹੀ ਕਵੀ ਦੀ ਹੋਂਦ ਹੈ।

ਰਿਆੜ ਨੇ ਇਹ ਕਵਿਤਾਵਾਂ, ਮਾਨਵ ਭਵਿੱਖ ਦੇ ਗੁਰੂਤਾ ਆਕਰਸ਼ਨ ਤੋਂ ਖਿੱਚ ਕੇ ਅਪਣੀ ਹੀ ਅੰਤਰ ਦ੍ਰਿਸ਼ਟੀ ਤੋਂ ਪ੍ਰੇਰਿਤ ਹੋ ਕੇ ਲਿਖੀਆਂ ਕਵਿਤਾਵਾਂ ਵਿਚ ਸੰਤਾਂ, ਮਹਾਂਪੁਰਸ਼ਾਂ ਦੀ ਵਾਸਤਵਿਤ ਸ਼ੈਲੀ ਵਿਚ ਸ਼ਰਧਾ ਪੂਰਵਕ ਸੰਦਰਭ ਨੂੰ ਮੁੱਖ ਰੱਖਿਆ ਗਿਆ ਹੈ ਜੋ ਮਾਨਵੀਏ ਪ੍ਰਤਿਸ਼ਠਾ ਦੇ ਪ੍ਰਤੀਕੂਲ ਹੈ। ਇਹ ਕਵਿਤਾਵਾਂ ਮਾਰਗ ਦਰਸ਼ਨ ਕਰਦੀਆਂ ਹੋਈਆਂ ਵਿਚਾਰਾਂ ਵਿਚ ਮਿੱਤਰਤਾ, ਦੇਸ਼ ਭਗਤੀ, ਪੈਦਾ ਕਰਦੀਆਂ ਹੋਈਆਂ ਅੰਧ ਵਿਸ਼ਵਾਸ਼ਾਂ ਨੂੰ ਨਜ਼ਰ ਅੰਦਾਜ਼ ਕਰਦੀਆਂ ਹਨ। ਹਨੇਰੇ ਵਿਚ ਪ੍ਰਕਾਸ਼ ਕਰਦੀਆਂ ਕਵਿਤਾਵਾਂ ਵਿਚਲੀ ਲੈਅ ਮੰਤਰ ਮੁਗਧਤਾ ਨੂੰ ਛੂਹਦੀਆਂ ਹਨ। ਅਪਣੀ ਵਿਰਾਸਤ ਨੂੰ ਸ਼ਾਨਦਾਰ ਢੰਗ ਨਾਲ ਬਣਾਏ ਰੱਖਣ ਦੀ ਦਲੀਲ ਅਪੀਲ ਉਜਾਗਰ ਕਰਦੀਆਂ ਹਨ।ਉਹ ਵੈਦਿਕ, ਦੈਹਿਕ, ਭੌਤਿਕ ਅਤੇ ਅਧਿਆਤਮਿਕਤਾ ਦਾ ਸੁਭਾਵਿਕ ਤੌਰ ’ਤੇ ਪਰਾਏਦਾਰੀ ਹੈ। ਆਸ਼ਾਵਾਂ, ਚਿੰਤਾਵਾਂ, ਨਿਗਸ਼ਾਵਾ, ਅੰਧ ਵਿਸ਼ਵਾਸੀ ਕਿਰਿਆਵਾਂ  ਦੇ ਉਪਰ ਉਸ ਦੀ ਅੱਖਰ ਜਨਨੀ ਨੇ ਵਾਸਤਵਿਕ ਲੱਛਣ ਪੇਸ਼ ਕੀਤੇ ਹਨ। ਉਸ ਨੇ ਇਤਿਹਾਸਿਕ ਸ਼ਖ਼ਸੀਅਤਾਂ ਗੁਰੂ ਸਾਹਿਬਾਨਾਂ ਉਪਰ ਵੀ ਮਜ਼ਬੂਤ ਅਤੇ ਲੈਅਬੱਧ ਹਿਰਦੇ ਵੇਦਕ ਕਵਿਤਾਵਾਂ ਲਿਖ ਕੇ ਕਵੀ ਹੋਣ ਦਾ ਮਾਨ ਹਾਸਿਲ ਕੀਤਾ ਹੈ। ਉਸ ਦੀਆਂ ਕਵਿਤਾਵਾਂ ਵਿਚ ਭਾਵਬੋਧ, ਮਾਨਵੀਏ ਸੋਚ, ਸਾਮਜਿਕ ਸਰੋਕਾਰ ਦੀ ਯਥਾਰਥ ਤਸਵੀਰ ਉਭਰਦੀ ਨਜ਼ਰ ਆਉਂਦੀ ਹੈ। ਉਸ ਨੇ ਬਿੰਬਾਂ, ਰੂਪਕਾਂ ਵਿਚ ਜਿੱਥੇ ਪਰੰਪਰਾਗਤ ਬੈਂਤ ਸ਼ੈਲੀ ਵਿਕਸਤ ਕੀਤੀ ਹੈ ਉਥੇ ਨਾਲ ਨਾਲ ਆਧੁਨਿਕਤਾ ਦੀ ਨਵੀਂ ਊਰਜਾ ਵੀ ਪ੍ਰਦਾਨ ਕੀਤੀ ਹੈ। ਕਵਿਤਾਵਾਂ ਦੀ ਭਾਸ਼ਾ ਸ਼ੈਲੀ, ਉਚਾਰਣ ਉਸ ਦੇ ਨਿਵੇਕਲੇ, ਦਿਲਖਿੱਚਵੇਂ ਅੰਦਾਜ਼ ਵਿਚ ਪੂਰੇ ਪੂਰੇ ਉਤਰਦੇ ਹਨ। ਕੁਝ ਕਵਿਤਾਵਾਂ ਵਿਚ ਦਵੰਦਾਤਮਿਕ ਅੰਤਰ ਦ੍ਰਿਸ਼ਟੀ ਨੂੰ ਉਜਾਗਰ ਕਰਕੇ ਮੌਲਿਕ ਅਤੇ ਅਛੂਤੇ ਬਿੰਧ ਪ੍ਰਦਾਨ ਕੀਤੇ ਹਨ। ਬੇਤੁਕੇਪਣ ਦੀ ਦਸ਼ਾ, ਦਿਸ਼ਾ ਜਾਂ ਘਟਨਾਵਾਂ ਦਾ ਵਰਨਣ ਕੋਹਾਂ ਮੀਲ ਦੂਰ ਹੈ।

ਕਵਿਤਾਵਾਂ ਵਿਚ ਵੱਖ-ਵੱਖ ਛੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਕਵਿਤਾ ਵਿਚ ਛੰਦੋਮਈ, ਲੈਯਾਤ ਮਿਕਤਾ, ਮਰਮਸ਼ਪਰਸ਼ੀ ਛੂਹਣ ਲੂੰਅ ਕੰਡੇ ਖੜ੍ਹੇ ਕਰਨ ਦੀ ਸਮਰਥਾ ਰਖਦੀ ਹੈ। ਸਿਖਿਅਕ ਅਤੇ ਮੱਧ ਵਰਗ ਦੇ ਦਰਮਿਆਨ ਕਾਵਿ ਸ਼ਕਤੀ ਅਪਣੀ ਹੋਂਦ ਬਣਾਉਂਦੀ ਹੋਈ ਨਜ਼ਰ ਆਉਂਦੀ ਹੈ। ਦਰਅਸਲ ਰਿਆੜ ਦੀ ਕਵਿਤਾ ਵਿਚ ਛੰਦਬੰਦੀ ਦੇ ਰੁਕਣਾ ਵਿਚ ਰਵਾਨਗੀ ਅਤੇ ਬਹਿਰਾਂ ਦੀ ਪਰਪੱਕਤਾ ਵਿਚ ਅਹਿਸਾਸ ਦੀ ਸ਼ਿੱਦਤ ਟਣਕਦੀ ਨਜ਼ਰ ਆਉਂਦੀ ਹੈ। ਉਸ ਦੀਆਂ ਕਵਿਤਾਵਾਂ ਜਿਥੇ ਧਾਰਮਿਕ, ਸਮਾਜਿਕ ਕਿਰਿਆਵਾਂ ਰਾਹੀਂ ਮਨੁੱਖ ਵਿਚ ਸੰਵੇਦਨਾ ਦੀ ਤਰਲਤਾ ਪੈਦਾ ਕਰਦੀਆਂ ਉਥੇ ਮੌਲਿਕ ਕਲਿਆਣ ਦਾ ਰਸਤਾ ਵੀ ਦਸਦੀਆਂ ਹਨ।

ਸਟੇਜੀ  ਕਵਿਤਾ ਦਾ ਸਭ ਤੋਂ ਵੱਡਾ ਮੌਲਿਕ ਗੁਣ ਹੈ ਕਿ ਕਵੀ ਅਪਣੀ ਕਵਿਤਾ ਵਿਚ ਕੋਈ ਵੀ ਕਹਾਣੀ ਨੁਮਾ ਪ੍ਰਸੰਗ ਜਦ ਪੇਸ਼ ਕਰਦਾ ਹੈ ਤਾਂ ਕਵਿਤਾ ਦੀ ਅਗਲੀ ਲਾਈਨ ਅਪਣੇ ਨਿੱਜੀ ਅੰਦਾਜ਼ ਵਿਚ ਜਦ ਲਮਕਾ ਕੇ ਬੋਲਦਾ ਹੈ ਤਾਂ ਸਰੋਤੇ ਦੂਸਰੀ ਲਾਈਨ ਦਾ ਕਾਫੀਆ ਰਦੀਫ਼ ਸਹਿਜ ਸੁਭਾਅ ਹੀ ਫੜ ਲੈਂਦੇ ਹਨ। ਇਸ ਵਿਚ ਕਵੀ ਤੇ ਸਰੋਤਿਆਂ ਦਾ ਨਿੱਘਾ ਦਿਮਾਗੀ ਤਾਲਮੇਲ ਇਕਾਗਰਤਾ ਵਿਚ ਵਹਿਣ ਲਗਦਾ ਹੈ। ਇਹ ਗੁਣ ਰਿਆੜ ਦੀ ਕਵਿਤਾ ਤੇ ਅੰਦਾਜ਼ ਵਿਚ ਹੈ। ਉਹ ਦੇਸ਼ ਵਿਦੇਸ਼ ਦੇ ਕਵੀ ਦਰਬਾਰਾਂ ਵਿਚ ਭਾਗ ਲੈਂਦਾ ਆ ਰਿਹਾ ਹੈ। ਕਈ ਮਾਨ ਸਨਮਾਨ ਹਾਸਿਲ ਕਰ ਚੁੱਕਾ ਹੈ। ਬਹੁਤ ਘੱਟ ਸਟੇਜੀ ਕਵੀ ਨਜ਼ਰ ਆਉਂਦੇ ਹਨ ਪਰ ਰਿਆੜ ਨੇ ਸਟੇਜੀ ਕਵਿਤਾ ਨੂੰ ਬੈਂਤ ਵਿਧਾ ਦੇ ਜ਼ਰੀਏ ਪ੍ਰਾਚੀਨ ਪਰੰਪਰਾਵਾਂ ਨੂੰ ਜੀਵਤ ਰਖਣ ਦਾ ਉਪਰਾਲਾ ਜਾਰੀ ਰਖਿਆ ਹੋਇਆ ਹੈ। ਅਪਣੀ ਮਿਟੀ ਦੀ ਪਰੰਪਰਾ ਦਾ ਧਰਮ ਕਿੰਨਾ ਮਹਾਨ ਅਤੇ ਕਿੰਨਾ ਵੱਡਾ ਹੁੰਦਾ ਹੈ। ਉਸ ਨੇ ਪੰਜਾਬੀ ਬੈੰਤ ਵਿਧਾ ਦੀ ਪਰੰਪਰਾ ਵਾਲੀ ਮਿੱਟੀ ਦੀ ਖ਼ੁਸ਼ਬੂ ਨਾਲ ਪੰਜਾਬੀ ਸਾਹਿਤ ਦਾ ਗੁਲਸ਼ਨ ਮਾਲਾ ਮਾਲ ਕੀਤਾ ਹੋਇਆ ਹੈ। ਰਿਆੜ ਨੇ ਕਿਹਾ ਕਿ ਨੌਜਵਾਨਾਂ ਦੇ ਨਾਮ ਸੰਦੇਸ਼ ਹੈ ਕਿ ਅਪਣੀਆਂ ਪਰੰਪਰਾਵਾਂ ਵਾਲੀਆਂ ਕਵਿਤਾਵਾਂ, ਵਿਧਾਵਾਂ ਦੀ ਜ਼ਮੀਨ ਨਾ ਛੱਡੋ। ਵਿਦੇਸ਼ੀ ਆਧੁਨਿਕ ਕਾਵਿ ਨਿਯਮਾਂ ,ਵਿਧਾਵਾਂ ਛੜ ਕੇ ਅਪਣੀ ਪੰਜਾਬੀ ਮਾਂ ਬੋਲੀ ਵਿਚ ਪਰੰਪਰਾਗਤ ਵਿਧਾਵਾਂ ਨੂੰ ਅਪਣਾਇਆ ਜਾਏ।

ਉਸ ਦਾ ਪਤਾ ਹੈ ਹਾਊਸ ਨੰਬਰ 9 ਗੁਰੂ ਰਾਮਦਾਸ ਕਾਲੋਨੀ ਮਿੱਠਾਪੁਰ, ਜਲੰਧਰ।

ਉਸ ਦਾ ਕਨੇਡਾ ਦਾ ਪਤਾ ਹੈ, 41 ਐਵਨੀਊ ਐਡਮਿੰਟਨ। ਮੋ. ਨੰਬਰ ਹੈ  98763-77855

ਬਲਵਿੰਦਰ ਬਾਲਮ, ਗੁਰਦਾਸਪੁਰ 98156-25409