Headlines

ਪੰਜਾਬ ਦੇ ਚਾਰ ਹਲਕਿਆਂ ਦੀਆਂ ਜਿਮਨੀ ਚੋਣਾਂ ਲਈ ਵੋਟਾਂ ਪਈਆਂ-ਨਤੀਜੇ 23 ਨੂੰ

ਚੰਡੀਗੜ੍ਹ ( ਭੰਗੂ)-ਪੰਜਾਬ ’ਚ ਜ਼ਿਮਨੀ ਚੋਣਾਂ ਵਾਲੇ ਚਾਰ ਵਿਧਾਨ ਸਭਾ ਹਲਕਿਆਂ ’ਚ ਅੱਜ ਵੋਟਾਂ ਪੈਣ ਦਾ ਅਮਲ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ। ਸ਼ਾਮ ਦੇ ਛੇ ਵਜੇ ਤੱਕ ਚਾਰ ਸੀਟਾਂ ’ਤੇ 63 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ। ਗਿੱਦੜਬਾਹਾ ਹਲਕੇ ਵਿੱਚ ਸਭ ਤੋਂ ਵੱਧ 81 ਫ਼ੀਸਦੀ ਵੋਟਾਂ ਪਈਆਂ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਈਆਂ ਵੋਟਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਹਲਕਾ ਡੇਰਾ ਬਾਬਾ ਨਾਨਕ ਵਿਚ ਆਗੂਆਂ ਵਿਚਾਲੇ ਬਹਿਸਬਾਜ਼ੀ ਹੋਈ ਹੈ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਵੋਟਾਂ ਦਾ ਅਮਲ ਮੁਕੰਮਲ ਹੋਣ ਨਾਲ 45 ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ’ਚ ਬੰਦ ਹੋ ਗਈ ਹੈ। ਹਲਕਾ ਡੇਰਾ ਬਾਬਾ ਨਾਨਕ ਵਿਚ ਸ਼ਾਮ ਛੇ ਵਜੇ ਤੱਕ 63 ਫ਼ੀਸਦੀ, ਬਰਨਾਲਾ ਹਲਕੇ ’ਚ 54 ਅਤੇ ਚੱਬੇਵਾਲ ਹਲਕੇ ਵਿਚ 53 ਫ਼ੀਸਦੀ ਵੋਟਾਂ ਪਈਆਂ। ਚੋਣ ਕਮਿਸ਼ਨ ਨੇ ਸਮੁੱਚੇ ਅਮਲੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਵੋਟਾਂ ਪੈਣ ਦਾ ਅਮਲ ਸਵੇਰ ਸੱਤ ਵਜੇ ਸ਼ੁਰੂ ਹੋਇਆ ਅਤੇ ਦੁਪਹਿਰ ਵਕਤ ਰਫ਼ਤਾਰ ਫੜ ਗਿਆ। ਹਲਕਾ ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਜਦਕਿ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹਲਕੇ ਤੋਂ ਬਾਹਰ ਹੋਣ ਕਰਕੇ ਆਪਣੀ ਵੋਟ ਨਾ ਪਾ ਸਕੇ। ਹਲਕਾ ਬਰਨਾਲਾ ਤੋਂ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸੀ ਉਮੀਦਵਾਰ ਕੁਲਦੀਪ ਢਿੱਲੋਂ, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਹਲਕਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਤੋਂ ਉਮੀਦਵਾਰਾਂ ਨੇ ਵੀ ਸਵੇਰ ਵਕਤ ਹੀ ਵੋਟ ਦਾ ਭੁਗਤਾਨ ਕੀਤਾ। ਚਾਰੇ ਸੀਟਾਂ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਿੱਧੀ ਟੱਕਰ ਨਜ਼ਰ ਆ ਰਹੀ ਹੈ।