ਡੈਲਟਾ ( ਦੇ ਪ੍ਰ ਬਿ)- ਡਿਪਟੀ ਚੀਫ਼ ਹਰਜਿੰਦਰ ਸਿੰਘ ਹਰਜ ਸਿੱਧੂ ਨੂੰ ਡੈਲਟਾ ਪੁਲਿਸ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਸੋਮਵਾਰ (25 ਨਵੰਬਰ) ਨੂੰ ਚੀਫ ਵਜੋਂ ਕਮਾਂਡ ਸੰਭਾਲਣਗੇ। ਇਹ ਜਾਣਕਾਰੀ ਡੈਲਟਾ ਪੁਲਿਸ ਬੋਰਡ ਨੇ ਵੀਰਵਾਰ ਦੁਪਹਿਰ (21 ਨਵੰਬਰ) ਨੂੰ ਇੱਕ ਪ੍ਰੈਸ ਰਿਲੀਜ਼ ਰਾਹੀਂ ਸਿੱਧੂ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਦਿੱਤੀ।
ਬੋਰਡ ਦੇ ਚੇਅਰਮੈਨ ਇਆਨ ਟੈਟ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ “ਅਸੀਂ ਹਰਜ ਸਿੱਧੂ ਨੂੰ ਆਪਣੇ ਨਵੇਂ ਮੁਖੀ ਵਜੋਂ ਐਲਾਨ ਕਰਦਿਆਂ ਬਹੁਤ ਖੁਸ਼ ਹਾਂ। “ਸਾਡੇ ਭਾਈਚਾਰੇ ਲਈ 31 ਸਾਲਾਂ ਦੀ ਸਮਰਪਿਤ ਸੇਵਾ ਅਤੇ ਉੱਤਮਤਾ ਲਈ ਅਟੁੱਟ ਵਚਨਬੱਧਤਾ ਦੇ ਨਾਲ, ਚੀਫ ਸਿੱਧੂ ਇਸ ਭੂਮਿਕਾ ਲਈ ਬਹੁਤ ਸਾਰੇ ਤਜ਼ਰਬੇ, ਸੰਸਥਾਗਤ ਗਿਆਨ ਅਤੇ ਦੂਰਦਰਸ਼ੀ ਲੀਡਰਸ਼ਿਪ ਨਾਲ ਲਬਰੇਜ ਹੈ।
ਪਿਛਲੇ 38 ਸਾਲਾਂ ਵਿੱਚ ਚੀਫ ਲਈ ਇਹ ਪਹਿਲੀ ਅੰਦਰੂਨੀ ਨਿਯੁਕਤੀ ਹੈ ਅਤੇ ਡੈਲਟਾ ਪੁਲਿਸ ਦੇ ਉਹ ਪਹਿਲੇ ਪੰਜਾਬੀ ਤੇ ਸਾਉਥ ਏਸ਼ੀਅਨ ਮੂਲ ਦੇ ਮੁਖੀ ਹੋਣਗੇ।
ਹਰਜਿੰਦਰ (ਹਰਜ) ਸਿੰਘ ਸਿੱਧੂ ਨੇ 1993 ਵਿੱਚ ਡੀਪੀਡੀ ਵਿੱਚ ਭਰਤੀ ਕਾਂਸਟੇਬਲ ਵਜੋਂ ਆਪਣੇ ਪੁਲਿਸ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਲੰਬੇ ਸਮੇਂ ਦੌਰਾਨ ਉਸਨੇ ਵੱਖ-ਵੱਖ ਭੂਮਿਕਾਵਾਂ ਵਿੱਚ ਵਿਆਪਕ ਤਜਰਬਾ ਹਾਸਲ ਕੀਤਾ, ਜਿਸ ਵਿੱਚ ਗਸ਼ਤ ਡਿਵੀਜ਼ਨ, ਯੁਵਾ ਸੈਕਸ਼ਨ ਅਤੇ ਇਨਵੈਸਟੀਗੇਸ਼ਨ ਵਿੱਚ ਕਾਂਸਟੇਬਲ ਵਜੋਂ ਸੇਵਾਵਾਂ ਸ਼ਾਮਿਲ ਹਨ।