ਵੈਨਕੂਵਰ ( ਹਰਦਮ ਮਾਨ)-ਸਰੀ ਆਰ ਸੀ ਐਮ ਪੀ ਨੇ 14 ਮਹੀਨਿਆਂ ਦੀ ਜਾਂਚ ਮਗਰੋਂ ਭਾਰੀ ਮਾਤਰਾ ਵਿੱਚ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਅਸਲੇ ਤੇ ਚੋਰੀ ਦੇ ਤਿੰਨ ਵਾਹਨਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਪੁਲੀਸ ਅਨੁਸਾਰ ਭਾਰੀ ਮਾਤਰਾ ਵਿੱਚ ਬਰਾਮਦ ਕੀਤੀ ਨਸ਼ਾ ਸਮੱਗਰੀ ਹੁਣ ਤੱਕ ਦਾ ਰਿਕਾਰਡ ਹੈ। ਪੁਲੀਸ ਦੀ ਤਰਜਮਾਨ ਸਰਬਜੀਤ ਸੰਘਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 36 ਕਿਲੋ ਫੈਂਟਾਨਿਲ, 23 ਕਿਲੋ ਐੱਮਡੀਐੱਮਏ, 23 ਕਿਲੋ ਮੈਥਾਫੈਟਮਾਈਨ, 24 ਕਿਲੋ ਕੋਕੀਨ, 16 ਕਿਲੋ ਬੈਂਜੋਡਾਇਪਾਈਨ, 1900 ਰਸਾਇਣਕ ਗੋਲੀਆਂ ਸਮੇਤ 11 ਕਿਲੋ ਹੋਰ ਤੇਜ਼ ਰਸਾਇਣ ਬਰਾਮਦ ਹੋਏ ਹਨ, ਜਿਸ ਤੋਂ ਹੋਰ ਨਸ਼ਾ ਤਿਆਰ ਕੀਤਾ ਜਾਣਾ ਸੀ। ਮੁਲਜ਼ਮਾਂ ਕੋਲੋਂ ਨਕਦੀ ਤੋਂ ਇਲਾਵਾ ਕਈ ਕਾਰਤੂਸਾਂ ਸਮੇਤ ਛੇ ਹਥਿਆਰ ਅਤੇ ਚੋਰੀ ਦੀਆਂ ਤਿੰਨ ਕਾਰਾਂ ਬਰਾਮਦ ਹੋਈਆਂ ਹਨ। ਫੜੇ ਸਾਮਾਨ ਦੀ ਬਾਜ਼ਾਰੀ ਕੀਮਤ ਸਾਢੇ ਛੇ ਕਰੋੜ ਡਾਲਰ (ਲਗਪਗ 400 ਕਰੋੜ ਰੁਪਏ) ਬਣਦੀ ਹੈ।
ਪੁਲਿਸ ਦੀ ਤਰਜਮਾਨ ਸਰਬਜੀਤ ਸੰਘਾ ਨੇ ਦੱਸਿਆ ਕਿ ਪੁਲੀਸ ਟੀਮ ਨੇ ਕਈ ਮਹੀਨਿਆਂ ਤੋਂ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਹੋਈ ਸੀ। ਸਾਰੇ ਸਬੂਤ ਇਕੱਤਰ ਕਰਨ ਮਗਰੋਂ ਉਨ੍ਹਾਂ ਨੂੰ ਰਿਕਾਰਡ ਨਸ਼ਾ ਸਮੱਗਰੀ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਜਨਤਕ ਨਹੀਂ ਕੀਤੀ। ਹਾਲਾਂਕਿ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੀ ਉਮਰ 24 ਤੋਂ 47 ਸਾਲ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਪੁਲੀਸ ਵੱਲੋਂ ਦੇਸ਼ ਭਰ ਵਿੱਚ ਇੱਕੋ ਸਮੇਂ ਫੜੇ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਖੇਪ ਹੈ, ਜਦਕਿ ਅਸਲੇ, ਨਕਦੀ ਅਤੇ ਕਾਰਾਂ ਦੀ ਕੀਮਤ ਇਸ ਤੋਂ ਵੱਖਰੀ ਹੈ।