ਚੰਡੀਗੜ੍ਹ-ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਥਾਂ ਪਾਰਟੀ ਦੀ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਅਰੋੜਾ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੀਤਾ ਹੈ। ਉਨ੍ਹਾਂ ਦੇ ਨਾਲ ਹੀ ਬਟਾਲਾ ਹਲਕੇ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਵਰਕਿੰਗ ਪ੍ਰਧਾਨ ਥਾਪਿਆ ਹੈ।
ਪੰਜਾਬ ਨਵਿਆਉਣਯੋਗ ਊਰਜਾ ਮੰਤਰੀ ਅਰੋੜਾ, ਜੋ ਸੁਨਾਮ ਹਲਕੇ ਤੋਂ ਵਿਧਾਇਕ ਹਨ, ਦੀ ਸੂਬਾ ਪਾਰਟੀ ਪ੍ਰਧਾਨ ਵਜੋਂ ਨਿਯੁਕਤੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਅਮਨ ਅਰੋੜਾ ਹਿੰਦੂ ਚਿਹਰਾ ਹੋਣ ਦੇ ਨਾਤੇ ਉਨ੍ਹਾਂ ਦੀ ਨਿਯੁਕਤੀ ਪਾਰਟੀ ਨੂੰ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਵਜੋਂ ਕੀਤੀ ਗਈ ਹੈ।
ਮੁਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਫਰਜ਼ਾਂ ਵਿੱਚ ਰੁੱਝੇ ਹੋਣ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੇ ਸੂਬਾ ਪ੍ਰਧਾਨ ਦਾ ਅਹੁਦਾ ਛੱਡਣ ਦੀ ਇੱਛਾ ਪ੍ਰਗਟਾਈ ਸੀ। ਉਹ ਜਨਵਰੀ 2019 ਤੋਂ ਇਸ ਅਹੁਦੇ ’ਤੇ ਸਨ। ਹਾਲਾਂਕਿ ਪਾਰਟੀ ਨੇ ਪਹਿਲਾਂ ਪ੍ਰਿੰਸੀਪਲ ਬੁੱਧ ਰਾਮ ਨੂੰ ਮਾਨ ਦੇ ਨਾਲ ਕੰਮ ਕਰਨ ਲਈ “ਵਰਕਿੰਗ ਪ੍ਰਧਾਨ” ਨਿਯੁਕਤ ਕਰਨ ਦਾ ਤਜਰਬਾ ਕੀਤਾ ਸੀ, ਪਰ ਇਹ ਸਪੱਸ਼ਟ ਤੌਰ ’ਤੇ ਕਾਮਯਾਬ ਨਹੀਂ ਹੋ ਸਕਿਆ।
ਅਰੋੜਾ ਆਪਣੇ ਜਥੇਬੰਦਕ ਹੁਨਰ ਅਤੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਆਪਣੀ ਯੋਗਤਾ ਲਈ ਜਾਣੇ ਜਾਂਦੇ ਹਨ। ਦੋ ਵਾਰ ਵਿਧਾਇਕ ਰਹੇ ਅਮਨ ਅਰੋੜਾ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਭ ਤੋਂ ਵੱਧ ਫਰਕ ਨਾਲ ਜਿੱਤੀਆਂ ਸਨ।