ਓਟਵਾ-ਪੁਲਿਸ ਨੇ ਕਿਹਾ ਕਿ ਹੈਲੀਫੈਕਸ ਦੀ ਨੌਜਵਾਨ ਲੜਕੀ ਜਿਸ ਦੀ ਲਾਸ਼ ਪਿਛਲੇ ਮਹੀਨੇ ਵਾਲਮਾਰਟ ਦੇ ਓਵਨ ਵਿਚੋਂ ਮਿਲੀ ਸੀ ਦੀ ਮੌਤ ਸ਼ੱਕੀ ਨਹੀਂ ਅਤੇ ਕਿਸੇ ਅਪਰਾਧ ਦਾ ਕੋਈ ਸਬੂਤ ਨਹੀਂ। ਸਟੋਰ ਦੀ ਬੇਕਰੀ ਵਿਚ 19 ਅਕਤੂਬਰ ਨੂੰ 19 ਸਾਲਾ ਗੁਰਸਿਮਰਨ ਦੀ ਮੌਤ ਹੁਣ ਨੋਵਾ ਸਕੋਸ਼ੀਆ ਦੇ ਲੇਬਰ ਵਿਭਾਗ ਦੀ ਅਗਵਾਈ ਵਿਚ ਵਰਕਪਲੇਸ ਵੱਖਰੀ ਜਾਂਚ ਦਾ ਵਿਸ਼ਾ ਹੈ। ਹੈਲੀਫੈਕਸ ਰੀਜ਼ਨਲ ਪੁਲਿਸ ਦੇ ਬੁਲਾਰੇ ਕੰਸਟੇਬਲ ਮਾਰਟਿਨ ਕਰੋਮਵੈੱਲ ਨੇ ਫੇਸਬੁੱਕ ’ਤੇ ਪਾਈ ਇਕ ਵੀਡੀਓ ਵਿਚ ਕਿਹਾ ਕਿ ਪੁਲਿਸ ਨੂੰ ਇਸ ਗੱਲ ’ਤੇ ਵਿਸ਼ਵਾਸ਼ ਨਹੀਂ ਕਿ ਔਰਤ ਦੀ ਮੌਤ ਨਾਲ ਸਬੰਧਤ ਹਾਲਾਤ ਵਿਚ ਕੋਈ ਹੋਰ ਸ਼ਾਮਿਲ ਸੀ। ਕਰੋਮਵੈੱਲ ਨੇ ਕਿਹਾ ਕਿ ਜਾਂਚ ਅਧਿਕਾਰੀਆਂ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ, ਵੀਡੀਓ ਫੁੱਟੇਜ ਦਾ ਨਿਰੀਖਣ ਕੀਤਾ ਅਤੇ ਪ੍ਰੋਵਿੰਸ਼ੀਅਲ ਲੇਬਰ ਵਿਭਾਗ ਅਤੇ ਨੋਵਾ ਸਕੋਸ਼ੀਆ ਮੈਡੀਕਲ ਐਗਜ਼ਾਮੀਨਰ ਸਰਵਿਸ ਨਾਲ ਕੰਮ ਕੀਤਾ ਹੈ। ਕੌਰ ਦੀ ਮੌਤ ਦਾ ਅਸਲ ਕਾਰਨ ਅਜੇ ਜਾਰੀ ਨਹੀਂ ਕੀਤਾ ਗਿਆ। ਪੁਲਿਸ ਨੇ ਕੌਰ ਦੇ ਪਰਿਵਾਰ ਨੂੰ ਆਪਣੀ ਜਾਂਚ ਬਾਰੇ ਦੱਸ ਦਿੱਤਾ ਹੈ। ਗੁਰਸਿਮਰਨ ਦੀ ਬੇਕਰੀ ਦੇ ਓਵਨ ਵਿਚ ਸੜੀ ਹੋਈ ਲਾਸ਼ ਮਿਲੀ ਸੀ।