Headlines

ਪੰਜਾਬ ਜ਼ਿਮਨੀ ਚੋਣਾਂ- ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਤੇ-ਤਿੰਨ ਸੀਟਾਂ ਤੇ ਆਪ ਜੇਤੂ

ਚੱਬੇਵਾਲ ਤੋਂ ਡਾ ਇਸ਼ਾਂਕ, ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ ਜੇਤੂ –

ਚੰਡੀਗੜ ( ਦੇ ਪ੍ਰ ਬਿ)-ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਜਿਮਨੀ  ਚੋਣਾਂ ਦੇ ਆਏ ਨਤੀਜਿਆਂ ਵਿਚ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਡਾ. ਇਸ਼ਾਂਕ ਚੱਬੇਵਾਲ ਨੇ ਕਾਂਗਰਸੀ ੳਮੀਦਵਾਰ ਰਣਜੀਤ ਕੁਮਾਰ ਨੂੰ 28690 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਡਾ ਚੱਬੇਵਾਲ ਨੂੰ 51904 ਵੋਟਾਂ ਅਤੇ ਰਣਜੀਤ ਕੁਮਾਰ ਨੂੰ 23214 ਵੋਟਾਂ ਮਿਲੀਆਂ।  ਭਾਜਪਾ ਦੇ ਸੋਹਣ ਸਿੰਘ ਠੰਡਲ 8692 ਵੋਟਾਂ ਹਾਸਿਲ ਕਰਕੇ ਤੀਜੇ ਸਥਾਨ ’ਤੇ ਰਹੇ ਹਨ।

ਹਲਕਾ ਬਰਨਾਲਾ ਤੋਂ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 2157 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਕਾਲਾ ਢਿੱਲੋਂ ਨੇ 28254 ਵੋਟਾਂ ਹਾਸਲ ਕੀਤੀਆਂ ਹਨ। ਹਲਕਾ ਬਰਨਾਲਾ ਤੋਂ ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26097 ਵੋਟਾਂ ਨਾਲ ਦੁਜੇ ਸਥਾਨ ਤੇ ਰਹੇ ਹਨ ਅਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ 17958 ਤੀਜੇ ਸਥਾਨ ’ਤੇ ਰਹੇ।

ਹਲਕਾ ਗਿੱਦੜਬਾਹਾ ਵਿੱਚ ‘ਆਪ‘ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ 21969 ਵੋਟਾਂ ਦੇ ਫ਼ਰਕ ਨਾਲ ਹਰਾਇਆ। ਹਲਕੇ ਅੰਤਿਮ ਨਤੀਜਿਆਂ ਮੁਤਾਬਕ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 71644, ਕਾਂਗਰਸ ਦੀ ਅੰਮ੍ਰਿਤਾ ਵੜਿੰਗ ਨੂੰ 49675 ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 12227 ਵੋਟਾਂ ਪਈਆਂ। ਮਨਪ੍ਰੀਤ ਬਾਦਲ ਦੀ ਜ਼ਮਾਨਤ ਜ਼ਬਤ ਹੋ ਗਈ।

ਹਲਕਾ ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਾਂਗਰਸ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 5722 ਨਾਲ ਹਰਾਇਆ। ਪਹਿਲੇ ਗੇੜ ਦੀਆਂ ਗਿਣਤੀ ਵਿਚ ਕਾਂਗਰਸੀ ਉਮੀਦਵਾਰ ਅੱਗੇ ਸਨ ਪਰ ਬਾਦ ਵਿਚ ਆਪ ਉਮੀਦਵਾਰ ਲੀਡ ਲਿਜਾਣ ਵਿਚ ਸਫਲ ਰਹੇ।