ਕੈਨੇਡੀਅਨ ਸੁਰੱਖਿਆ ਸਲਾਹਕਾਰ ਵਲੋਂ ਜਾਰੀ ਤਾਜ਼ਾ ਸਪੱਸ਼ਟੀਕਰਣ-
ਸੁਖਵਿੰਦਰ ਸਿੰਘ ਚੋਹਲਾ-
ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਸਬੰਧਾਂ ਵਿਚ ਚਲਦੇ ਤਣਾਅ ਦੌਰਾਨ ਇਕ ਨਵਾਂ ਮੋੜ ਆਇਆ ਹੈ। ਇਹ ਮੋੜ ਵੀ ਉਵੇਂ ਦਾ ਹੈ ਜਿਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਕੈਨੇਡਾ ਵਿਚ ਅਪਰਾਧਿਕ ਕਾਰਵਾਈਆਂ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਪੁਖਤਾ ਸਬੂਤ ਹੋਣ ਦਾ ਬਿਆਨ ਦੇਣਾ ਤੇ ਫਿਰ ਲਗਾਤਾਰ ਭਾਰਤ ਉਪਰ ਜਾਂਚ ਵਿਚ ਸ਼ਾਮਿਲ ਹੋਣ ਲਈ ਕੌਮਾਂਤਰੀ ਦਬਾਅ ਬਣਾਉਣਾ ਸੀ। ਕੈਨੇਡੀਅਨ ਜਾਂਚ ਏਜੰਸੀਆਂ ਵਲੋਂ ਕੁਝ ਭਾਰਤੀ ਡਿਪਲੋਮੈਟਾਂ ਨੂੰ ਜਾਂਚ ਵਿਚ ਸ਼ਾਮਿਲ ਕੀਤੇ ਜਾਣ ਦੀ ਮੰਗ ਉਪਰੰਤ ਦੋਵਾਂ ਮੁਲਕਾਂ ਦੇ ਸਬੰਧ ਇਤਨੇ ਵਿਗੜ ਗਏ ਕਿ ਅਦਲੇ ਬਦਲੇ ਦੀ ਕਾਰਵਾਈ ਤਹਿਤ 6-6 ਡਿਪਲੋਮੈਟਾਂ ਨੂੰ ਕੱਢ ਦਿੱਤਾ ਗਿਆ। ਭਾਵੇਂਕਿ ਭਾਰਤ ਸਰਕਾਰ ਵਲੋਂ ਕੈਨੇਡਾ ਦੇ ਦਾਅਵਿਆਂ ਨੂੰ ਖਾਰਜ ਕੀਤਾ ਜਾਂਦਾ ਰਿਹਾ ਪਰ ਮੀਡੀਆ ਰਿਪੋਰਟਾਂ ਵਿਚ ਲਗਾਤਾਰ ਭਾਰਤੀ ਏਜੰਟਾਂ ਤੇ ਡਿਪਲੋਮੈਟਾਂ ਦੀ ਸ਼ੱਕੀ ਭੂਮਿਕਾ ਨੂੰ ਲੈਕੇ ਚਰਚਾ ਹੁੰਦੀ ਰਹੀ ਹੈ। ਇਸ ਚਰਚਾ ਦੌਰਾਨ ਵੱਡਾ ਧਮਾਕਾ ਇਹ ਰਿਹਾ ਕਿ ਪਹਿਲਾਂ ਇਸ ਮਾਮਲੇ ਵਿਚ ਭਾਰਤ ਦੇ ਦੂਸਰੇ ਸਭ ਤੋਂ ਤਾਕਤਵਰ ਵਿਅਕਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਮ ਗੂੰਜਿਆ ਤੇ ਫਿਰ ਇਕ ਹੋਰ ਮੀਡੀਆ ਰਿਪੋਰਟ ਨਸ਼ਰ ਹੋਈ ਕਿ ਕੈਨੇਡਾ ਵਿਚ ਅਪਰਾਧਿਕ ਕਾਰਵਾਈਆਂ ਦੀ ਸਾਜਿਸ਼ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਵੀ ਸਹਿਮਤੀ ਸ਼ਾਮਿਲ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਕੈਨੇਡਾ ਵਿਚ ਖਾਲਿਸਤਾਨੀ ਕਾਰਕੁੰਨਾਂ ਖਿਲਾਫ ਗੁਪਤ ਕਾਰਵਾਈ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਜਾਣਕਾਰੀ ਸੀ ਜਿਸਦਾ ਭਾਵ ਇਹੀ ਹੈ ਕਿ ਉਹਨਾਂ ਦੀ ਇਸ ਮਾਮਲੇ ਵਿਚ ਸਹਿਮਤੀ ਸੀ। ਇਸਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿਚ ਜਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮ ਦਾ ਖੁਲਾਸਾ ਕੀਤਾ ਗਿਆ ਤਾਂ ਕੈਨੇਡੀਅਨ ਉਪ ਵਿਦੇਸ਼ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਨੇ ਹੀ ਇਸ ਨਾਮ ਦੀ ਮੀਡੀਆ ਕੋਲ ਸ਼ੰਕਾ ਜਾਹਰ ਕੀਤੀ ਸੀ। ਹੁਣ ਕੈਨੇਡਾ ਦੇ ਵੱਡੇ ਅਖਬਾਰ ਵਲੋਂ ਇਕ ਖੁਫੀਆ ਅਧਿਕਾਰੀ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਉਪਰ ਸ਼ੰਕਾ ਪ੍ਰਗਟ ਕੀਤੇ ਜਾਣ ਨੇ ਲੋਕਾਂ ਦੀ ਇਸ ਸ਼ੰਕਾ ਨੂੰ ਯਕੀਨ ਵਿਚ ਬਦਲ ਦਿੱਤਾ ਕਿ ਕੈਨੇਡੀਅਨ ਖਾਲਿਸਤਾਨੀ ਆਗੂਆਂ ਖਿਲਾਫ ਅਪਰਾਧਿਕ ਸਾਜਿਸ਼ ਵਿਚ ਪੂਰੀ ਮੋਦੀ ਸਰਕਾਰ ਸ਼ਾਮਿਲ ਹੈ। ਪ੍ਰਧਾਨ ਮੰਤਰੀ ਟਰੂਡੋ ਵੀ ਸ਼ਾਇਦ ਇਹਨਾਂ ਖੁਫੀਆ ਰਿਪੋਰਟਾਂ ਨੂੰ ਹੀ ਆਧਾਰ ਬਣਾਕੇ ਇਹ ਕਹਿੰਦੇ ਆਏ ਹਨ ਕਿ ਉਹਨਾਂ ਕੋਲ ਭਾਰਤੀ ਏਜੰਟਾਂ ਅਤੇ ਉਪਰਲੇ ਪੱਧਰ ਤੱਕ ਸਾਜਿਸ਼ ਵਿਚ ਸ਼ਮੂਲੀਅਤ ਦੇ ਪੁਖਤਾ ਸਬੂਤ ਹਨ। ਇਸੇ ਲਈ ਹੀ ਉਹਨਾਂ ਨੇ ਪਾਰਲੀਮੈਂਟ ਵਿਚ ਵੀ ਬਿਆਨ ਦਿੱਤਾ ਤੇ ਉਸਤੋਂ ਬਾਦ ਉਹ ਮੀਡੀਆ ਵਿਚ ਵੀ ਆਪਣੇ ਬਿਆਨਾਂ ਤੇ ਅਡੋਲ ਦਿਖਾਈ ਦਿੱਤੇ। ਉਹਨਾਂ ਦੇ ਬਿਆਨਾਂ ਤੋ ਇਹੀ ਝਲਕ ਮਿਲਦੀ ਰਹੀ ਕਿ ਉਹਨਾਂ ਲਈ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਅਤੇ ਕੈਨੇਡੀਅਨ ਪ੍ਰਭੂਸੱਤਾ ਦੀ ਕਾਇਮੀ ਪਹਿਲੀ ਤਰਜੀਹ ਹਨ। ਕੈਨੇਡੀਅਨ ਖੁਫੀਆ ਰਿਪਰੋਟਾਂ ਅਤੇ ਪ੍ਰਧਾਨ ਮੰਤਰੀ ਦੇ ਨਾਲ ਵਿਦੇਸ਼ ਮੰਤਰੀ, ਉਪ ਵਿਦੇਸ਼ ਮੰਤਰੀ ਦੇ ਬਿਆਨਾਂ ਉਪਰੰਤ ਭਾਰਤ ਸਰਕਾਰ ਨੂੰ ਕੌਮਾਂਤਰੀ ਕਟਹਿਰੇ ਵਿਚ ਖੜੇ ਕੀਤੇ ਜਾਣ ਦੀ ਚਰਚਾ ਚੱਲੀ। ਪਰ ਹੁਣ ਕੈਨੇਡਾ ਸਰਕਾਰ ਦੀ ਖੁਫੀਆ ਸਲਾਹਕਾਰ ਤੇ ਪ੍ਰਿਵੀ ਕੌਂਸਲ ਦੀ ਡਿਪਟੀ ਕਲਰਕ ਵਲੋਂ ਜੋ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ, ਉਸਨੇ ਸਿਆਸੀ ਹਲਕਿਆਂ ਦੇ ਨਾਲ ਹਰ ਇਕ ਕੈਨੇਡੀਅਨ ਸ਼ਹਿਰੀ ਨੂੰ ਆਚੰਭਿਤ ਕਰ ਦਿੱਤਾ ਹੈ। ਸਵਾਲ ਹੈ ਕਿ ਜਿਸ ਸਾਜਿਸ਼ ਤੇ ਸਾਜਿਸ਼ੀ ਹੱਥਾਂ ਦੀ ਗੱਲ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਕੈਬਨਿਟ ਮੰਤਰੀ ਤੇ ਅਧਿਕਾਰੀ ਹੁਣ ਤੱਕ ਹੁਬਕੇ ਕਰਦੇ ਆਏ ਹਨ, ਉਸ ਸਬੰਧੀ ਉਹਨਾਂ ਕੋਲ ਅਗਰ ਕੋਈ ਸਬੂਤ ਨਹੀ ਤਾਂ ਫਿਰ ਇਤਨਾ ਵਾਵੇਲਾ ਕਿਉਂ। ਕੀ ਇਹ ਕੈਨੇਡੀਅਨ ਸ਼ਹਿਰੀਆਂ ਤੇ ਕੈਨੇਡਾ ਵਿਚ ਵਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ। ਕੈਨੇਡੀਅਨ ਪ੍ਰਧਾਨ ਮੰਤਰੀ ਤੇ ਖੁਫੀਆ ਏਜੰਸੀਆਂ ਜਿਸ ਗੱਲ ਨੂੰ ਠੋਸ ਦਾਅਵੇ ਵਜੋ ਪੇਸ਼ ਕਰਦੇ ਆ ਰਹੇ ਹਨ ਤੇ ਇਕ ਕੈਨੇਡੀਅਨ ਸ਼ਹਿਰੀ ਦੀ ਸਾਜਿਸ਼ ਤਹਿਤ ਹੱਤਿਆ ਦੇ ਇਨਸਾਫ ਦੀਆਂ ਉਮੀਦਾਂ ਜਗਾ ਰਹੇ ਸਨ, ਹੁਣ ਕੈਨੇਡਾ ਸਰਕਾਰ ਦੇ ਇਕ ਬਿਆਨ ਨੇ ਉਹਨਾਂ ਉਪਰ ਪਾਣੀ ਫੇਰ ਦਿੱਤਾ ਹੈ। ਪ੍ਰਿਵੀ ਕੌਂਸਲ ਦੀ ਕਲਰਕ ਤੇ ਪ੍ਰਧਾਨ ਮੰਤਰੀ ਦੀ ਖੁਫੀਆ ਸਲਾਹਕਾਰ ਵਲੋਂ ਹੁਣ ਜੋ ਬਿਆਨ ਜਾਰੀ ਕੀਤਾ ਗਿਆ,ਕੀ ਉਸਦੀ ਸੱਚਾਈ ਤੋਂ ਹੁਣ ਤੱਕ ਪ੍ਰਧਾਨ ਮੰਤਰੀ ਦਫਤਰ ਅਣਜਾਣ ਸੀ। ਜਾਂ ਕੀ ਇਹ ਗਲੋਬਲ ਸਿਆਸਤ ਦੀ ਕੋਈ ਨਵੀਂ ਪਰਤ ਹੈ। ਸੁਰੱਖਿਆ ਸਲਾਹਕਾਰ ਦੇ ਬਿਆਨ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਉਹਨਾਂ ਦਾ ਮੀਡੀਆ ਰਿਪੋਰਟਾਂ ਨਾਲ ਕੋਈ ਸਬੰਧ ਨਹੀਂ। ਇਹ ਰਿਪੋਰਟਾਂ ਜਿਹਨਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਜੈਸ਼ੰਕਰ ਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਮ ਸ਼ਾਮਿਲ ਹਨ, ਕੇਵਲ ਅਟਲਕਾਂ ਤੇ ਅਧਾਰਿਤ ਹਨ ਤੇ ਇਹਨਾਂ ਵਿਚ ਕੋਈ ਸੱਚਾਈ ਨਹੀ।
ਪ੍ਰੀਵੀ ਕੌਂਸਲ ਦੀ ਡਿਪਟੀ ਕਲਰਕ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਨਥਾਲੀ ਜੀ ਡਰੋਇਨ ਵੱਲੋਂ ਜਾਰੀ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ “14 ਅਕਤੂਬਰ ਨੂੰ ਜਨਤਕ ਸੁਰੱਖਿਆ ਲਈ ਇੱਕ ਮਹੱਤਵਪੂਰਨ ਅਤੇ ਚੱਲ ਰਹੇ ਖਤਰੇ ਦੇ ਕਾਰਨ ਆਰ ਸੀ ਐਮ ਪੀ ਅਤੇ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ਏਜੰਟਾਂ ਵੱਲੋਂ ਕੈਨੇਡਾ ਵਿੱਚ ਕੀਤੀਆਂ ਗਈਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਜਨਤਕ ਇਲਜ਼ਾਮ ਲਗਾਉਣ ਦਾ ਅਸਾਧਾਰਨ ਕਦਮ ਚੁੱਕਿਆ ਹੈ, ਜੋ ਕਿ ਕੈਨੇਡਾ ਸਰਕਾਰ ਦਾ ਬਿਆਨ ਨਹੀ ਹੈ। ਕੈਨੇਡਾ ਸਰਕਾਰ ਦੇ ਇਸ ਬਿਆਨ ਨੇ ਕੈਨੇਡੀਅਨ ਖੁਫੀਆ ਏਜੰਸੀਆਂ ਤੇ ਪ੍ਰਧਾਨ ਮੰਤਰੀ ਲਈ ਸਥਿਤੀ ਕਸੂਤੀ ਬਣਾ ਦਿੱਤੀ ਹੈ। ਗਲੋਬਲ ਸਿਆਸਤ ਦੇ ਮਾਹਿਰ ਇਸ ਘਟਨਾਕ੍ਰਮ ਨੂੰ ਅਮਰੀਕਾ ਵਿਚ ਟਰੰਪ ਦੀ ਵਾਪਸੀ ਤੇ ਨਵੇਂ ਪ੍ਰਸ਼ਾਸਨ ਨਾਲ ਜੋੜਕੇ ਵੇਖਦੇ ਹਨ। ਗਲੋਬਲ ਸਿਆਸਤ ਵਿਚ ਕੈਨੇਡਾ ਦੇ ਅਮਰੀਕੀ ਸਿਆਸਤ ਤੇ ਕੂਟਨੀਤੀ ਦਾ ਪਿਛਲੱਗ ਬਣੇ ਰਹਿਣ ਦੀਆਂ ਪਹਿਲਾਂ ਵੀ ਕਈ ਉਦਾਹਰਣਾਂ ਮੌਜੂਦ ਹਨ। ਕੋਵਿਡ ਮਹਾਂਮਾਰੀ ਤੋਂ ਪਹਿਲਾਂ ਚੀਨ ਦੀ ਵਾਵੇ ਕੰਪਨੀ ਦੀ ਸੀ ਐਫ ਓ ਮੈਗਵੈਂਜੋ ਦੀ ਵੈਨਕੂਵਰ ਏਅਰਪੋਰਟ ਤੇ ਗ੍ਰਿਫਤਾਰੀ ਤੇ ਉਸਦੇ ਬਦਲੇ ਵਜੋਂ ਚੀਨ ਵਲੋਂ ਦੋ ਕੈਨੇਡੀਅਨ ਡਿਪਲੋਮੈਟਾਂ ਨੂੰ ਫੜਨ ਤੇ ਫਿਰ ਆਖਰੀ ਸਮਝੌਤੇ ਤਹਿਤ ਛੱਡ- ਛੁਡਾਈ ਦੀ ਕਹਾਣੀ ਕੋਈ ਬਹੁਤ ਪੁਰਾਣੀ ਨਹੀ। ਚੀਨ-ਅਮਰੀਕਾ ਤਣਾਅ ਵਿਚਾਲੇ ਕੈਨੇਡਾ ਦੀ ਭੂਮਿਕਾ ਨੂੰ ਉਦਾਹਰਣ ਵਜੋਂ ਵੇਖਿਆ ਜਾ ਸਕਦਾ ਹੈ। ਕੈਨੇਡਾ ਸਰਕਾਰ ਵਲੋਂ ਜਾਰੀ ਤਾਜਾ ਸਪੱਸ਼ਟੀਕਰਣ ਨੂੰ ਗਲੋਬਲ ਸਿਆਸਤ ਨਾਲ ਜੋੜਕੇ ਹੀ ਸਮਝਣਾ ਬਣਦਾ ਹੈ।