Headlines

ਉਤਰ ਪ੍ਰਦੇਸ਼ ਵਿਚ ਮਸਜਿਦ ਦੇ ਸਰਵੇਖਣ ਨੂੰ ਲੈਕੇ ਹਿੰਸਾ ਭੜਕੀ-ਤਿੰਨ ਮੌਤਾਂ

ਸੰਭਲ (ਉੱਤਰ ਪ੍ਰਦੇਸ਼)-

ਇੱਥੇ ਮੁਗਲ ਕਾਲ ਵੇਲੇ ਦੀ ਇਕ ਮਸਜਿਦ ਦਾ ਸਰਵੇਖਣ ਕੀਤਾ ਗਿਆ ਜਿਸ ਦੌਰਾਨ ਹਿੰਸਾ ਭੜਕ ਗਈ ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਰਵੇਖਣ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਪੁਲੀਸ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਪੁਲੀਸ ਨੇ ਅੱਥਰੂ ਗੈਸ ਛੱਡੀ ਤੇ ਲਾਠੀਚਾਰਜ ਕੀਤਾ। ਇਸ ਖੇਤਰ ਵਿਚ ਪਿਛਲੇ ਕੁਝ ਦਿਨਾਂ ਤੋਂ ਤਣਾਅ ਵਧਿਆ ਹੋਇਆ ਹੈ ਕਿਉਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਥਾਂ ’ਤੇ ਅਸਲ ਵਿੱਚ ਇੱਕ ਪ੍ਰਾਚੀਨ ਹਿੰਦੂ ਮੰਦਰ ਸੀ। ਇਸ ਸਬੰਧੀ ਸਥਾਨਕ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਅਦਾਲਤੇ ਦੇ ਹੁਕਮਾਂ ’ਤੇ ਪਿਛਲੇ ਮੰਗਲਵਾਰ ਵੀ ਜਾਮਾ ਮਸਜਿਦ ਦਾ ਸਰਵੇਖਣ ਕੀਤਾ ਗਿਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਥਾਂ ’ਤੇ ਇੱਕ ਮੰਦਰ ਹੈ।

ਜਾਣਕਾਰੀ ਅਨੁਸਾਰ ਇੱਥੇ ਅੱਜ ਸੰਭਲ ਦੀ ਜਾਮਾ ਮਸਜਿਦ ਦੇ ਸਰਵੇਖਣ ਦਾ ਸਥਾਨਕ ਵਾਸੀਆਂ ਨੇ ਵਿਰੋਧ ਕੀਤਾ ਤੇ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ, ਜਿਸ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਭੀੜ ਬੇਕਾਬੂ ਹੋ ਗਈ ਤੇ ਉਨ੍ਹਾਂ ਨੇ ਕਈ ਥਾਈਂ ਅੱਗ ਲਾ ਦਿੱਤੀ ਤੇ ਪੁਲੀਸ ਤੇ ਪ੍ਰਸ਼ਾਸਨ ਦੀਆਂ ਟੀਮਾਂ ’ਤੇ ਪਥਰਾਅ ਕੀਤਾ। ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਮੌਤ ਪੁਲੀਸ ਦੀ ਗੋਲੀ ਨਾਲ ਹੋਈ ਹੈ ਜਦਕਿ ਕਮਿਸ਼ਨਰ ਨੇ ਕਿਹਾ ਕਿ ਛੱਤਾਂ ਤੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਕਾਰਨ ਮੌਤਾਂ ਹੋਈਆਂ। ਇਸ ਮੌਕੇ ਡੀਆਈਜੀ ਤੇ ਆਈਜੀ ਵੀ ਘਟਨਾ ਸਥਾਨ ’ਤੇ ਪੁੱਜ ਗਏ ਹਨ।

ਇਸ ਤੋਂ ਪਹਿਲਾਂ ਅੱਜ ਵਿਵਾਦਿਤ ਸਥਾਨ ’ਤੇ ਅਦਾਲਤ ਦੇ ਹੁਕਮਾਂ ਵਜੋਂ ਐਡਵੋਕੇਟ ਕਮਿਸ਼ਨਰ ਵਲੋਂ ਦੂਜਾ ਸਰਵੇਖਣ ਸਵੇਰੇ 7 ਵਜੇ ਸ਼ੁਰੂ ਕਰਵਾਇਆ ਗਿਆ, ਇਸ ਦੌਰਾਨ ਭੀੜ ਇਕੱਠੀ ਹੋਣ ਲੱਗੀ ਤੇ ਉਨ੍ਹਾਂ ਨੇ ਪੁਲੀਸ ਤੇ ਟੀਮ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਪੁਲੀਸ ਬਲਾਂ ਨੂੰ ਸਖਤੀ ਵਰਤਣੀ ਪਈ।