Headlines

ਮਹਾਰਾਸ਼ਟਰ ਵਿਚ ਭਾਜਪਾ ਦੀ ਅਗਵਾਈ ਵਾਲਾ ਮਹਾਯੁਤੀ ਗਠਜੋੜ ਤੇ ਝਾਰਖੰਡ ਵਿਚ ਇੰਡੀਆ ਗਠਜੋੜ ਜੇਤੂ

ਮੁੰਬਈ/ਰਾਂਚੀ, 23 ਨਵੰਬਰ-ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੇ  ਮਹਾਯੁਤੀ ਗੱਠਜੋੜ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ ਜਦਕਿ ਝਾਰਖੰਡ ’ਚ ‘ਇੰਡੀਆ’ ਗੱਠਜੋੜ ਮੁੜ ਤੋਂ ਆਪਣੀ ਸਰਕਾਰ ਬਣਾਉਣ ’ਚ ਕਾਮਯਾਬ ਰਿਹਾ ਹੈ। ਮਹਾਰਾਸ਼ਟਰ ਦੇ ਚੋਣ ਨਤੀਜਿਆਂ ’ਚ ‘ਕਟੇਂਗੇਂ ਤੋ ਬਟੇਂਗੇਂ’ ਅਤੇ ‘ਏਕ ਹੈਂ ਤੋ ਸੇਫ਼ ਹੈਂ’ ਦੇ ਨਾਅਰਿਆਂ ਅਤੇ ਲਾਡਕੀ ਬਹਿਨ ਯੋਜਨਾ ਨੇ ਵੱਡਾ ਅਸਰ ਦਿਖਾਇਆ। ਭਾਜਪਾ ਨੇ 149 ਸੀਟਾਂ ’ਤੇ ਚੋਣ ਲੜੀ ਸੀ ਅਤੇ ਉਸ ਨੂੰ 132 ’ਚ ਜਿੱਤ ਹਾਸਲ ਹੋਈ ਹੈ।  ਮਹਾਯੁਤੀ ਗੱਠਜੋੜ, ਜਿਸ ’ਚ ਭਾਜਪਾ, ਸ਼ਿਵ ਸੈਨਾ ਅਤੇ ਐੱਨਸੀਪੀ ਸ਼ਾਮਲ ਹਨ, ਨੂੰ 288 ਮੈਂਬਰੀ ਵਿਧਾਨ ਸਭਾ ’ਚ 235 ਸੀਟਾਂ ਮਿਲੀਆਂ ਹਨ।

ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਤੇ ਐੱਨਸੀਪੀ (ਐੱਸਪੀ) ਆਧਾਰਿਤ ਮਹਾ ਵਿਕਾਸ ਅਘਾੜੀ ਨੂੰ 49 ਸੀਟਾਂ ਮਿਲੀਆਂ।

ਝਾਰਖੰਡ ਵਿਚ 81 ਮੈਂਬਰੀ ਝਾਰਖੰਡ ਵਿਧਾਨ ਸਭਾ ਚੋਣਾਂ ’ਚ ‘ਇੰਡੀਆ’ ਗੱਠਜੋੜ ਨੂੰ 56 (ਜੇਐੱਮਐੱਮ ਨੂੰ 34, ਕਾਂਗਰਸ ਨੂੰ 16, ਆਰਜੇਡੀ ਨੂੰ ਚਾਰ ਅਤੇ ਸੀਪੀਆਈ-ਐੱਮਐੱਲ ਨੂੰ ਦੋ ਸੀਟਾਂ) ਜਦਕਿ ਭਾਜਪਾ ਗੱਠਜੋੜ ਨੂੰ 24 ਸੀਟਾਂ ਮਿਲੀਆਂ। ਇਕ ਸੀਟ ਹੋਰਾਂ ਦੇ ਖਾਤੇ ’ਚ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਝਾਰਖੰਡ ’ਚ ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਜਿੱਤ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਐੱਨਡੀਏ ਦੀ ਮਹਾਰਾਸ਼ਟਰ ’ਚ ਜਿੱਤ ਲਈ ਨੌਜਵਾਨਾਂ ਖਾਸ ਕਰਕੇ ਔਰਤਾਂ ਦਾ ਧੰਨਵਾਦ ਕੀਤਾ ਹੈ। ਮਹਾਰਾਸ਼ਟਰ ’ਚ ਐੱਮਵੀਏ ਨੂੰ ਭਾਰੀ ਝਟਕਾ ਲੱਗਾ ਹੈ। ਕਾਂਗਰਸ ਦੇ ਤਿੰਨ ਵੱਡੇ ਆਗੂ ਨਾਨਾ ਪਟੋਲੇ, ਬਾਲਾਸਾਹਿਬ ਥੋਰਾਟ ਅਤੇ ਪ੍ਰਿਥਵੀਰਾਜ ਚਵਾਨ ਚੋਣ ਹਾਰ ਗਏ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐੱਨਸੀਪੀ ਮੁਖੀ ਅਜੀਤ ਪਵਾਰ ਨੇ ਬਾਰਾਮਤੀ ਹਲਕੇ ਤੋਂ ਆਪਣੇ ਭਤੀਜੇ ਐੱਨਸੀਪੀ (ਐੱਸਪੀ) ਉਮੀਦਵਾਰ ਯੁਗੇਂਦਰ ਪਵਾਰ ਨੂੰ ਇਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਆਪੋ-ਆਪਣੀਆਂ ਸੀਟਾਂ ਤੋਂ ਜਿੱਤ ਹਾਸਲ ਕੀਤੀ ਹੈ। ਸ਼ਿੰਦੇ ਨੇ ਕਿਹਾ ਕਿ ਲੋਕਾਂ ਨੇ ਨਫ਼ਰਤ ਅਤੇ ਬਦਲਾਖੋਰੀ ਦੀ ਸਿਆਸਤ ਨੂੰ ਨਕਾਰ ਕੇ ਭਲਾਈ ਅਤੇ ਵਿਕਾਸ ਦੀ ਸਿਆਸਤ ਨੂੰ ਫ਼ਤਵਾ ਦਿੱਤਾ ਹੈ। ਅੱਜ ਦੇ ਦਿਨ ਨੂੰ ਇਤਿਹਾਸਕ ਕਰਾਰ ਦਿੰਦਿਆਂ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਲੋਕਾਂ ਨੇ ਖੁਦ ਚੋਣਾਂ ਲੜ ਕੇ ਮਹਾਯੁਤੀ ਨੂੰ ਹੂੰਝਾ ਫੇਰ ਜਿੱਤ ਪ੍ਰਦਾਨ ਕੀਤੀ ਹੈ। ਉਨ੍ਹਾਂ ਦੇ ਪੁੱਤਰ ਅਤੇ ਲੋਕ ਸਭਾ ਮੈਂਬਰ ਸ੍ਰੀਕਾਂਤ ਸ਼ਿੰਦੇ ਨੇ ਕਿਹਾ ਕਿ ਫ਼ਤਵੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਬਾਲਾਸਾਹਿਬ ਠਾਕਰੇ ਦੇ ਵਿਚਾਰਾਂ ਨੂੰ ਕੌਣ ਅੱਗੇ ਲਿਜਾ ਰਿਹਾ ਹੈ। ਕਾਂਗਰਸ ਤਰਜਮਾਨ ਲਾਵਨਿਆ ਬਲਾਲ ਨੇ ਮਹਾਰਾਸ਼ਟਰ ਦੇ ਨਤੀਜੇ ਦਿਲ ਤੋੜਨ ਵਾਲੇ ਕਰਾਰ ਦਿੱਤੇ ਅਤੇ ਕਿਹਾ ਕਿ ਭਾਜਪਾ ਨੇ ਸੀਟਾਂ ਦੀ ਵੰਡ ਅਤੇ ਜ਼ਮੀਨੀ ਪੱਧਰ ’ਤੇ ਬਹੁਤ ਵਧੀਆ ਕੰਮ ਕੀਤਾ ਸੀ।

ਝਾਰਖੰਡ ’ਚ ਮੁੱਖ ਮੰਤਰੀ ਹੇਮੰਤ ਸੋਰੇਨ ਨੇ ‘ਇੰਡੀਆ’ ਗੱਠਜੋੜ ਦੀ ਜਿੱਤ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਤੰਤਰ ਦੇ ਇਮਤਿਹਾਨ ’ਚ ਪਾਸ ਹੋ ਗਏ ਹਨ। ਕਾਂਗਰਸ ਆਗੂ ਰਾਜੇਸ਼ ਠਾਕੁਰ ਨੇ ਕਿਹਾ ਕਿ ਝਾਰਖੰਡ ’ਚ ਕੀਤੇ ਗਏ ਕੰਮਾਂ ਦਾ ਇਹ ਇਨਾਮ ਮਿਲਿਆ ਹੈ।