ਪੰਜਾਬੀ ਬੋਲੀ, ਕਵਿਤਾ ਅਤੇ ਕਹਾਣੀ ਬਾਰੇ ਹੋਈ ਗੰਭੀਰ ਵਿਚਾਰ ਚਰਚਾ – ਕੁਝ ਨਵੀਆਂ ਕਿਤਾਬਾਂ ਰਿਲੀਜ਼ ਕੀਤੀਆਂ
ਜਰਨੈਲ ਸਿੰਘ ਆਰਟਿਸਟ ਤੇ ਮੁਕੇਸ਼ ਸ਼ਰਮਾ ਦੇ ਚਿੱਤਰਾਂ ਅਤੇ ਗੁਰਦੀਪ ਭੁੱਲਰ ਦੀ ਲਘੂ ਫਿਲਮ ਨੇ ਦਰਸ਼ਕ ਕੀਲੇ-
ਹੇਵਰਡ, 23 ਨਵੰਬਰ (ਹਰਦਮ ਮਾਨ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਵੱਲੋਂ ਆਪਣੀ 24ਵੀਂ ਸਾਲਾਨਾ ਪੰਜਾਬੀ ਸਾਹਿਤਿਕ ਕਾਨਫਰੰਸ ਬੀਤੇ ਦਿਨੀਂ ਹੇਵਰਡ (ਕੈਲੀਫੋਰਨੀਆ) ਵਿਖੇ ਕਰਵਾਈ ਗਈ। ਮਰਹੂਮ ਨਾਮਵਰ ਸ਼ਾਇਰ ਸੁਰਜੀਤ ਪਾਤਰ ਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਦੋ ਰੋਜ਼ਾ ਕਾਨਫਰੰਸ ਵਿੱਚ ਭਾਰਤ, ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਵਾਨ, ਸਾਹਿਤਕਾਰ ਅਤੇ ਪੰਜਾਬੀ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਕਾਨਫਰੰਸ ਦੇ ਪਹਿਲੇ ਦਿਨ ਸਵਾਗਤੀ ਸੈਸ਼ਨ ਦੀ ਸ਼ੁਰੂਆਤ ਪੰਜਾਬੀ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਰੂਹੇ-ਰਵਾਂ ਅਤੇ ਨਾਮਵਰ ਸ਼ਾਇਰ ਕੁਲਵਿੰਦਰ ਦੇ ਮੋਹ ਭਰੇ ਸ਼ਬਦਾਂ ਨਾਲ ਹੋਈ। ਕੁਲਵਿੰਦਰ ਨੇ ਅਕੈਡਮੀ ਦੀ ਸਥਾਪਨਾ, ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਹੈ ਕਿ ਅਕਤੂਬਰ 2002 ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੀ ਬਾਕਇਦਾ ਤੌਰ ‘ਤੇ ਸਥਾਪਨਾ ਕਰਨ ਸਮੇਂ ਡਾ. ਸੁਰਜੀਤ ਪਾਤਰ ਸਾਡੇ ਨਾਲ਼ ਮੌਜੂਦ ਸਨ ਅਤੇ ਅਕੈਡਮੀ ਦਾ ਪਹਿਲਾ ਸਮਾਗਮ ਵੀ ਉਹਨਾਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਡਾ. ਪਾਤਰ ਸਾਹਿਬ 2006, 2009, 2012 ਅਤੇ 2015 ਵਿੱਚ ਅਕੈਡਮੀ ਦੀਆਂ ਕਾਨਫਰੰਸਾਂ ਵਿੱਚ ਸ਼ਾਮਿਲ ਹੋ ਕੇ ਸਾਨੂੰ ਆਪਣਾ ਅਸ਼ੀਰਵਾਦ ਦਿੰਦੇ ਰਹੇ। ਡਾ. ਸੁਰਜੀਤ ਪਾਤਰ ਦੇ ਵਿਛੋੜੇ ਨੂੰ ਪੰਜਾਬੀ ਪਿਆਰਿਆਂ ਲਈ ਬਹੁਤ ਹੀ ਦੁਖਦਾਈ ਦੱਸਦਿਆਂ ਕੁਲਵਿੰਦਰ ਨੇ ਕਿਹਾ ਕਿ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਮਹਾਨ ਦੇਣ ਨੂੰ ਮੁੱਖ ਰੱਖਦਿਆਂ ਅਕੈਡਮੀ ਨੇ ਇਹ ਦੋ ਰੋਜ਼ਾ ਕਾਨਫਰੰਸ ਉਹਨਾਂ ਨੂੰ ਸਮਰਪਿਤ ਕੀਤੀ ਹੈ। ਕੁਲਵਿੰਦਰ ਨੇ ਕਿਹਾ ਕਿ ਪਾਤਰ ਸਾਹਿਬ ਨੇ ਪੰਜਾਬੀ ਸ਼ਾਇਰੀ ਅਤੇ ਖਾਸ ਤੌਰ ‘ਤੇ ਪੰਜਾਬੀ ਗ਼ਜ਼ਲ ਨੂੰ ਜੋ ਅਮੀਰੀ ਪ੍ਰਦਾਨ ਕੀਤੀ ਉਸ ਸਦਕਾ ਅੱਜ ਪੰਜਾਬੀ ਗ਼ਜ਼ਲ ਉਰਦੂ ਗ਼ਜ਼ਲ ਦੇ ਬਰਾਬਰ ਆ ਖੜ੍ਹੀ ਹੈ। ਵਾਰਸ ਸ਼ਾਹ ਤੋਂ ਬਾਅਦ ਡਾ. ਸੁਰਜੀਤ ਪਾਤਰ ਅਜਿਹੇ ਸ਼ਾਇਰ ਸਨ ਜਿਨ੍ਹਾਂ ਨੂੰ ਪੰਜਾਬੀਆਂ ਨੇ ਆਪਣੇ ਦਿਲਾਂ ਵਿਚ ਵਸਾਇਆ ਤੇ ਉਹਨਾਂ ਨੂੰ ਬੇਹਦ ਮਾਣ ਸਤਿਕਾਰ, ਪਿਆਰ ਦਿੱਤਾ।
ਡਾ. ਸੁਰਜੀਤ ਪਾਤਰ ਦੇ ਬਹੁਤ ਹੀ ਨਿੱਘੇ ਦੋਸਤ ਡਾ. ਸਰਬਜੀਤ ਸਿੰਘ ਹੁੰਦਲ ਨੇ ਕਿਹਾ ਕਿ ਪਾਤਰ ਸਾਹਿਬ ਕੋਲ ਕਵਿਤਾ ਲਿਖਣ ਦਾ ਵੱਡਾ ਹੁਨਰ ਅਤੇ ਵੱਡੀ ਸੋਚ ਸੀ। ਉਹ ਮਹਾਨ ਕਵੀ ਹੋਣ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ ਸਨ ਅਤੇ ਉਹਨਾਂ ਦੀ ਹਲੀਮੀ ਭਰਪੂਰ ਸ਼ਖਸ਼ੀਅਤ ਸਭ ਨੂੰ ਮੋਹ ਲੈਂਦੀ ਸੀ। ਉਨ੍ਹਾਂ ਪਾਤਰ ਸਾਹਿਬ ਦੇ ਕੁਝ ਸ਼ਿਅਰਾਂ ਨਾਲ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਪੰਜਾਬੀ ਕਵਿਤਾ, ਸੱਭਿਆਚਾਰ, ਪੰਜਾਬ ਦੀ ਉੱਚਤਾ, ਸੁੱਚਤਾ, ਰਿਸ਼ਤਿਆਂ ਤੇ ਸਾਹਿਤਿਕ ਅਮੀਰੀ ਨੂੰ ਸੁਰਜੀਤ ਪਾਤਰ ਨੇ ਬਹੁਤ ਉੱਚੇ ਮੁਕਾਮ ‘ਤੇ ਪਹੁੰਚਾਇਆ। ਜੋ ਹਰਮਨ ਪਿਆਰਤਾ ਉਹਨਾਂ ਦੇ ਹਿੱਸੇ ਆਈ ਉਹ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈ। ਡਾ. ਲਖਵਿੰਦਰ ਸਿੰਘ ਜੌਹਲ ਨੇ ਪਾਤਰ ਸਾਹਿਬ ਨਾਲ ਬਿਤਾਏ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਤਰ ਸਾਹਿਬ ਦੀ ਸਹਿਜ ਸ਼ਖ਼ਸੀਅਤ ਤੋਂ ਜ਼ਿੰਦਗੀ ਵਿਚ ਵਿਚਰਨ ਦਾ ਸਲੀਕਾ ਹਾਸਲ ਕੀਤਾ।
ਡਾ. ਸੁਰਜੀਤ ਪਾਤਰ ਨਾਲ ਬਹੁਤ ਲੰਮੇਰੀ ਦੋਸਤੀ ਅਤੇ ਸਾਹਿਤਿਕ ਸਾਂਝ ਰੱਖਣ ਵਾਲੇ ਪੰਜਾਬੀ ਦੇ ਨਾਮਵਰ ਗਲਪਕਾਰ ਡਾ. ਵਰਿਆਮ ਸਿੰਘ ਸੰਧੂ ਨੇ ਪਾਤਰ ਸਾਹਿਬ ਨਾਲ ਆਪਣੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ। ਆਪਣੇ ਵਿਲੱਖਣ ਲਹਿਜ਼ੇ ਵਿਚ ਉਹਨਾਂ ਪਾਤਰ ਦੀ ਕਵਿਤਾ ਗ਼ਜ਼ਲ ਵਿੱਚ ਮਹਾਨਤਾ ਦੇ ਨਾਲ ਨਾਲ ਉਹਨਾਂ ਦੇ ਹਲੀਮੀ ਸੁਭਾਅ ਦੀਆਂ ਕਈ ਉਦਾਹਰਣਾਂ ਦਿੰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪਾਤਰ ਸਾਹਿਬ ਕਿਸੇ ਵੀ ਗੱਲ, ਵਿਚਾਰ ਦਾ ਪ੍ਰਗਟਾਵਾ ਬਹੁਤ ਸੋਚ ਵਿਚਾਰ ਤੋਂ ਬਾਅਦ ਕਰਦੇ ਸਨ। ਉਹਨਾਂ ਕਦੇ ਵੀ ਪਾਤਰ ਸਾਹਿਬ ਨੂੰ ਗੁੱਸੇ ਹੁੰਦਿਆਂ ਨਹੀਂ ਦੇਖਿਆ। ਉਹਨਾਂ ਬਹੁਤ ਹੀ ਭਾਵੁਕ ਹੁੰਦਿਆਂ ਕਿਹਾ ਕਿ ‘ਸੁਰਜੀਤ ਪਾਤਰ ਪੰਜਾਬੀ ਸਾਹਿਤ ਵਿੱਚ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਅਤੇ ਵਿਸ਼ਵ ਸਾਹਿਤ ਵਿੱਚ ਹਮੇਸ਼ਾ ਜਿੰਦਾ ਰਹੇਗਾ, ਪਾਤਰ ਕਦੇ ਨਹੀਂ ਮਰੇਗਾ’।
ਡਾ. ਦਲਵੀਰ ਸਿੰਘ ਪੰਨੂ, ਸੁਰਿੰਦਰ ਸਿੰਘ ਸੁੰਨੜ, ਗੁਰਦੀਪ ਸਿੰਘ ਸੇਖੋਂ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਵੀ ਮਰਹੂਮ ਸ਼ਾਇਰ ਸੁਰਜੀਤ ਪਾਤਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੀ ਸ਼ਾਇਰੀ ਬਾਰੇ ਵਿਚਾਰ ਪੇਸ਼ ਕਰਦਿਆਂ ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਸ਼ਾਇਰੀ ਨੂੰ ਮਾਣਮੱਤੇ ਮੁਕਾਮ ‘ਤੇ ਲਿਜਾਣ ਵਾਲੇ ਸੁਰਜੀਤ ਪਾਤਰ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿੱਚ ਧੜਕਦੇ ਰਹਿਣਗੇ। ਸਵਾਗਤੀ ਸੈਸ਼ਨ ਦੀ ਪ੍ਰਧਾਨਗੀ ਅਕੈਡਮੀ ਦੇ ਪ੍ਰਧਾਨ ਕੁਲਵਿੰਦਰ, ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ, ਡਾ. ਲਖਵਿੰਦਰ ਜੌਹਲ, ਡਾ. ਸਰਬਜੀਤ ਸਿੰਘ ਹੁੰਦਲ, ਡਾ. ਦਲਬੀਰ ਸਿੰਘ ਪੰਨੂ, ਸੁਰਿੰਦਰ ਸੁੰਨੜ, ਗੁਰਦੀਪ ਸਿੰਘ ਸੇਖੋਂ, ਨਾਮਵਰ ਸ਼ਾਇਰ ਜਸਵਿੰਦਰ ਨੇ ਕੀਤੀ।
ਕਾਨਫਰੰਸ ਦੇ ਪਹਿਲੇ ਦਿਨ ਦੇ ਆਖਰੀ ਪੜਾਅ ਵਿੱਚ ਸੰਗੀਤਕ ਮਹਿਫਿਲ ਸਜਾਈ ਗਈ ਜਿਸ ਵਿੱਚ ਸੁਖਦੇਵ ਸਾਹਿਬ, ਜੇ. ਐਸ ਚੰਦਨ, ਪਰਵਿੰਦਰ ਗੁਰੀ, ਸੁਰਿੰਦਰਪਾਲ ਸਿੰਘ, ਮੀਨੂੰ ਸਿੰਘ, ਲਖਵਿੰਦਰ ਕੌਰ ਲੱਕੀ ਅਤੇ ਬੀਨਾ ਸਾਗਰ ਨੇ ਡਾ. ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਆਪਣੇ ਸੁਰੀਲੇ ਸੁਰਾਂ ਨਾਲ ਪੇਸ਼ ਕਰ ਕੇ ਖੂਬਸੂਰਤ ਸੰਗੀਤਕ ਮਾਹੌਲ ਸਿਰਜਿਆ ਅਤੇ ਮਰਹੂਮ ਸ਼ਾਇਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਸਟੇਜ ਦਾ ਸੰਚਾਲਨ ਜਗਜੀਤ ਨੌਸ਼ਹਿਰਵੀ ਵੱਲੋਂ ਬਹੁਤ ਹੀ ਸਲੀਕੇ ਨਾਲ ਕੀਤਾ ਗਿਆ।
ਕਾਨਫਰੰਸ ਦੇ ਦੂਜੇ ਦਿਨ ਦਾ ਆਗ਼ਾਜ਼ ਅਕੈਡਮੀ ਦੀ ਸਰਗਰਮ ਮੈਂਬਰ ਲਾਜ ਨੀਲਮ ਸੈਣੀ ਵੱਲੋਂ ਅਕੈਡਮੀ ਦੀਆਂ ਪਿਛਲੇ ਇੱਕ ਸਾਲ ਦੌਰਾਨ ਹੋਈਆਂ ਸਰਗਰਮੀਆਂ ਦੀ ਰਿਪੋਰਟ ਪੜ੍ਹਨ ਨਾਲ ਹੋਇਆ। ਉਹਨਾਂ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਅਕੈਡਮੀ ਵੱਲੋਂ ਵਿਸ਼ੇਸ਼ ਮੀਟਿੰਗਾਂ, ਪੁਸਤਕ ਰਿਲੀਜ਼ ਕਰਨ ਦੇ ਸਮਾਗਮ ਅਤੇ ਮਹਿਮਾਨਾਂ ਨਾਲ ਵਿਸ਼ੇਸ਼ ਰੂਬਰੂ ਪ੍ਰੋਗਰਾਮ ਕੀਤੇ ਗਏ। ਉਪਰੰਤ ਅਮਰੀਕੀ ਪੰਜਾਬੀ ਕਵਿਤਾ ਅਤੇ ਅਮਰੀਕੀ ਪੰਜਾਬੀ ਕਹਾਣੀ ਬਾਰੇ ਵਿਸ਼ੇਸ਼ ਵਿਚਾਰ ਚਰਚਾ ਹੋਈ ਅਤੇ ਕਵੀ ਦਰਬਾਰ ਹੋਇਆ। ਅਮਰੀਕੀ ਪੰਜਾਬੀ ਕਵਿਤਾ ਦੇ ਸੈਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਦਵਾਨ ਡਾ. ਮੋਹਨ ਤਿਆਗੀ ਨੇ ਅਮਰੀਕਾ ਵਿੱਚ ਪੰਜਾਬੀ ਸ਼ਾਇਰਾਂ ਵੱਲੋਂ ਲਿਖੀ ਜਾ ਰਹੀ ਕਵਿਤਾ ਬਾਰੇ ਵਿਸਥਾਰ ਵਿੱਚ ਪਰਚਾ ਪੜ੍ਹਿਆ। ਅਮਰੀਕਾ ਦੇ ਪੰਜਾਬੀ ਕਵੀਆਂ ਅਤੇ ਉਹਨਾਂ ਵੱਲੋਂ ਰਚੀ ਜਾ ਰਹੀ ਕਵਿਤਾ ਦੇ ਸੰਦਰਭ ਵਿੱਚ ਉਨ੍ਹਾਂ ਆਪਣੇ ਖੋਜ ਪੱਤਰ ਰਾਹੀਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਲਖਵਿੰਦਰ ਜੌਹਲ, ਡਾ. ਰਾਜੇਸ਼ ਸ਼ਰਮਾ, ਸ਼ਾਇਰ ਜਸਵਿੰਦਰ, ਡਾ. ਸਰਬਜੀਤ ਹੁੰਦਲ, ਸੁਰਜੀਤ ਕੌਰ ਟਰਾਂਟੋ, ਸੁਰਿੰਦਰ ਸੁੰਨੜ ਅਤੇ ਦਿਲ ਨਿੱਝਰ ਸ਼ਾਮਿਲ ਹੋਏ।
ਡਾ. ਲਖਵਿੰਦਰ ਜੌਹਲ ਨੇ ਅਮਰੀਕਾ ਵਿਚਲੀ ਪੰਜਾਬੀ ਕਵਿਤਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਸਲ ਵਿਚ ਹੁਣ ਪ੍ਰਵਾਸ ਦੀ ਪਰਿਭਾਸ਼ਾ ਖਤਮ ਹੋ ਗਈ ਹੈ ਅਤੇ ਅਮਰੀਕਾ ਵਿੱਚ ਜੋ ਕਵਿਤਾ ਰਚੀ ਜਾ ਰਹੀ ਹੈ ਉਸ ਵਿੱਚ ਪ੍ਰਵਾਸ ਦੀ ਕੋਈ ਵੇਦਨਾ ਨਹੀਂ ਤੇ ਨਾ ਹੀ ਕੋਈ ਭੂ ਹੇਰਵਾ ਹੈ। ਅਮਰੀਕੀ ਪੰਜਾਬੀ ਕਵਿਤਾ ਇਹਨਾਂ ਅਲਾਮਤਾਂ ਤੋਂ ਅੱਗੇ ਨਿਕਲ ਚੁੱਕੀ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਅੱਜ ਦੀ ਸਮੁੱਚੀ ਪੰਜਾਬੀ ਕਵਿਤਾ ਵਿੱਚ ਪੰਜਾਬੀ ਦੁਨਿਆਵੀ ਵੇਦਨਾ ਦਾ ਜ਼ਿਕਰ ਹੈ, ਫਿਕਰ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਰਾਜੇਸ਼ ਸ਼ਰਮਾ ਨੇ ਪੰਜਾਬੀ ਅਕਾਦਮਿਕ ਆਲੋਚਨਾ ਬਾਰੇ ਬਹੁਤ ਹੀ ਗੰਭੀਰ ਚਰਚਾ ਕੀਤੀ। ਉਹਨਾਂ ਕਿਹਾ ਕਿ ਅਸਲ ਵਿਚ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਅਕਾਦਮਿਕ ਆਲੋਚਨਾ ਬਾਂਝ ਹੋ ਗਈ ਹੈ। ਅਸੀਂ ਸਾਹਿਤ ਨੂੰ ਇੱਕ ਦਸਤਾਵੇਜ ਦੇ ਤੌਰ ‘ਤੇ ਪੜ੍ਹਦੇ ਹਾਂ, ਕਿਸੇ ਸਾਹਿਤਕ ਕਿਰਤ ਨੂੰ ਅਸੀਂ ਯਾਦਗਾਰੀ ਅਮਰ ਮਹਾਂ ਕਿਰਤ ਦੇ ਤੌਰ ‘ਤੇ ਨਹੀਂ ਵਾਚਦੇ। ਉਹਨਾਂ ਪੰਜਾਬੀ ਲੇਖਕਾਂ, ਸ਼ਾਇਰਾਂ ਅਤੇ ਵਿਦਵਾਨਾਂ ਬਾਰੇ ਵੀ ਕਈ ਸਵਾਲ ਸਭ ਦੇ ਸਾਹਮਣੇ ਰੱਖੇ। ਡਾ. ਰਾਜੇਸ਼ ਸ਼ਰਮਾ ਦੇ ਵਿਚਾਰ ਇਸ ਦੋ ਦਿਨਾਂ ਕਾਨਫਰੰਸ ਦੀ ਮੁੱਖ ਪ੍ਰਾਪਤੀ ਕਹੇ ਜਾ ਸਕਦੇ ਹਨ ਜੋ ਪੰਜਾਬੀ ਸਾਹਿਤ, ਪੰਜਾਬੀ ਆਲੋਚਨਾ ਦਾ ਭਵਿੱਖੀ ਰੂਪ ਨਿਰਧਾਰਿਤ ਕਰਨ ਵਿੱਚ ਬਹੁਤ ਸਾਰਥਿਕ ਹੋ ਸਕਦੇ ਹਨ।
ਦੂਜਾ ਸੈਸ਼ਨ ਅਮਰੀਕਾ ਵਿੱਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਬਾਰੇ ਸੀ ਜਿਸ ਵਿੱਚ ਨਾਮਵਰ ਕਹਾਣੀਕਾਰ ਡਾਕਟਰ ਵਰਿਆਮ ਸਿੰਘ ਸੰਧੂ ਦੇ ਸੁਝਾਅ ਅਨੁਸਾਰ ਕਾਨਫਰੰਸ ਵਿੱਚ ਹਾਜ਼ਰ ਕਹਾਣੀਕਾਰਾਂ ਨੇ ਆਪਣੇ ਬਾਰੇ, ਆਪਣੀ ਕਹਾਣੀ ਕਲਾ ਖ਼ੁਦ ਵਿਚਾਰ ਪੇਸ਼ ਕੀਤੇ। ਇਹਨਾਂ ਕਹਾਣੀਕਾਰਾਂ ਵਿੱਚ ਲਾਜ ਨੀਲਮ ਸੈਣੀ, ਹਰਪ੍ਰੀਤ ਕੌਰ ਧੂਤ, ਸੁਰਜੀਤ ਕੌਰ ਟਰਾਂਟੋ, ਰਾਜਵੰਤ ਰਾਜ, ਅਮਰਜੀਤ ਪੰਨੂੰ, ਡਾ. ਗੁਰਪ੍ਰੀਤ ਧੁੱਗਾ ਅਤੇ ਹਰਜਿੰਦਰ ਸਿੰਘ ਪੰਧੇਰ ਨੇ ਆਪਣੀਆਂ ਕਹਾਣੀਆਂ ਅਤੇ ਲਿਖਣ ਕਲਾ ਬਾਰੇ ਸੰਖੇਪ ਵਿਚਾਰ ਪੇਸ਼ ਕੀਤੇ। ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਅਮਰੀਕਾ ਦੇ ਇਹਨਾਂ ਕਹਾਣੀਕਾਰਾਂ ਵੱਲੋਂ ਬਹੁਤ ਵਧੀਆ ਕਹਾਣੀ ਲਿਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਕਹਾਣੀ ਛੋਟਾ, ਵੱਡਾ ਹੋਣਾ ਕੋਈ ਮਾਅਨੇ ਨਹੀਂ ਰੱਖਦਾ ਪਰ ਲੋੜ ਇਸ ਗੱਲ ਦੀ ਹੈ ਕਿ ਕਹਾਣੀ ਮੁਕੰਮਲ ਹੋਣੀ ਚਾਹੀਦੀ ਹੈ। ਕਹਾਣੀ ਦੀ ਲੰਬਾਈ ਪਹਿਲਾਂ ਹੀ ਨਿਰਧਾਰਿਤ ਕਰਕੇ ਕਹਾਣੀ ਲਿਖਣੀ ਕਹਾਣੀ ਨਾਲ ਇਨਸਾਫ ਨਹੀਂ ਹੈ। ਉਹਨਾਂ ਆਪਣੀਆਂ ਲੰਬੀਆਂ ਕਹਾਣੀਆਂ ਦਾ ਵੀ ਜ਼ਿਕਰ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਹਾਲੇ ਤੱਕ ਕਿਸੇ ਵੀ ਵਿਦਵਾਨ ਜਾਂ ਆਲੋਚਕ ਨੇ ਉਹਨਾਂ ਦੀਆਂ ਕਹਾਣੀਆਂ ਨੂੰ ਸਹੀ ਪਰਿਖੇਪ ਵਿਚ ਨਹੀਂ ਸਮਝਿਆ।
ਕਾਨਫਰੰਸ ਦੇ ਆਖਰੀ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਵਿਚ ਹਾਜਰ ਕਵੀਆਂ ਨੇ ਆਪੋ ਆਪਣੀ ਕਵਿਤਾਵਾਂ, ਗ਼ਜ਼ਲਾਂ, ਗੀਤਾਂ ਰਾਹੀਂ ਕਾਨਫਰੰਸ ਨੂੰ ਇਕ ਬਹੁਤ ਹੀ ਖੂਬਸੂਰਤ ਕਾਵਿਕ ਮਾਹੌਲ ਵਿੱਚ ਰੰਗ ਦਿੱਤਾ। ਕਵੀ ਦਰਬਾਰ ਦੀ ਪ੍ਰਧਾਨਗੀ ਅਕੈਡਮੀ ਦੇ ਪ੍ਰਧਾਨ ਕੁਲਵਿੰਦਰ, ਜਸਵਿੰਦਰ, ਸੁਰਿੰਦਰ ਸੀਰਤ, ਸੁਰਜੀਤ ਸਖੀ, ਪ੍ਰਿਤਪਾਲ ਕੌਰ ਉਦਾਸੀ, ਸਤੀਸ਼ ਗੁਲਾਟੀ, ਡਾ. ਸੁਹਿੰਦਰਬੀਰ, ਕ੍ਰਿਸ਼ਨ ਭਨੋਟ, ਕੁਲਵਿੰਦਰ ਖਹਿਰਾ ਅਤੇ ਹਰਦਮ ਮਾਨ ਨੇ ਕੀਤੀ। ਕਵੀ ਦਰਬਾਰ ਵਿਚ ਮਾਸਟਰ ਕਰਤਾਰ ਸਿੰਘ ਰੋਡੇ, ਅਮਰਜੀਤ ਜੌਹਲ, ਪ੍ਰਿੰ. ਹਜੂਰਾ ਸਿੰਘ, ਅਮਰ ਸੂਫੀ, ਜਯੋਤੀ ਸਿੰਘ, ਸੁੱਖੀ ਧਾਲੀਵਾਲ, ਸੁਰਜੀਤ ਕੌਰ ਸੈਕਰਾਮੈਂਟੋ, ਹਰਜਿੰਦਰ ਕੰਗ, ਸੰਤੋਖ ਮਿਨਹਾਸ, ਹਰਪ੍ਰੀਤ ਕੌਰ ਧੂਤ, ਸੁਰਜੀਤ ਸਖੀ, ਡਾ. ਲਖਵਿੰਦਰ ਜੌਹਲ, ਸਤੀਸ਼ ਗੁਲਾਟੀ, ਡਾ. ਸੁਹਿੰਦਰਬੀਰ, ਰਾਜਵੰਤ ਕੌਰ ਸੰਧੂ, ਜਸਵਿੰਦਰ, ਹਰਦਮ ਮਾਨ, ਰਾਜਵੰਤ ਰਾਜ, ਅਵਤਾਰ ਗੋਂਦਾਰਾ, ਅਰਤਿੰਦਰ ਸੰਧੂ, ਅੰਜੂ ਮੀਰਾ, ਪ੍ਰਿਤਪਾਲ ਕੌਰ ਉਦਾਸੀ, ਡਾ. ਗੁਰਪ੍ਰੀਤ ਧੁੱਗਾ, ਸੁਖਪਾਲ ਸਿੰਘ ਕੋਟ ਬਖਤੂ, ਚਰਨਜੀਤ ਸਿੰਘ ਪੰਨੂੰ, ਕ੍ਰਿਸ਼ਨ ਭਨੋਟ, ਡਾ. ਬਿਕਰਮ ਸੋਹੀ, ਜਸਵੰਤ ਸ਼ਾਦ, ਦਲਵੀਰ ਕੌਰ ਯੂ.ਕੇ. ਡਾ. ਸੁਖਪਾਲ ਸੰਘੇੜਾ, ਲਖਵਿੰਦਰ ਕੌਰ ਲੱਕੀ, ਕੁਲਵਿੰਦਰ ਖਹਿਰਾ, ਸੁਰਜੀਤ ਕੌਰ ਟਰਾਂਟੋ, ਮੋਹਨ ਤਿਆਗੀ, ਇੰਦਰਜੀਤ ਗਰੇਵਾਲ, ਕਮਲ ਬੰਗਾ, ਗੁਰਦੀਪ, ਨੰਨੂ ਸਹੋਤਾ, ਹਰਜੀਤ ਹਠੂਰ, ਜਸਵੰਤ ਸ਼ੀਂਹਮਾਰ, ਸੁਖਵਿੰਦਰ ਕੰਬੋਜ, ਸੁਰਿੰਦਰ ਸੀਰਤ, ਅਮਰਜੀਤ ਕੌਰ ਪੰਨੂ, ਐਸ਼ ਕੁਮ ਐਸ਼, ਗਗਨਦੀਪ ਮਾਹਲ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਨਾਮਵਰ ਸ਼ਾਇਰ ਦੇ ਸ਼ਿਅਰ ‘ਗ਼ਜ਼ਬ ਦੇ ਮੋੜ ‘ਤੇ ਪਹੁੰਚੀ ਕਹਾਣੀ, ਨਾ ਧਰਤੀ ਵਿਚ ਤੇ ਨਾ ਅੱਖਾਂ ‘ਚ ਪਾਣੀ, ਕਿ ਜਿਸ ਵਿਚ ਠੇਲ੍ਹਦੇ ਹਾਂ ਖ਼ਾਬ ਆਪਾਂ, ਕਿਤੇ ਅੱਗ ਦੀ ਭਰੀ ਨਾ ਨਹਿਰ ਹੋਵੇ’ ਨਾਲ ਕਵੀ ਦਰਬਾਰ ਆਪਣੇ ਸਿਖਰ ‘ਤੇ ਪੁੱਜਿਆ। ਕਵੀ ਦਰਬਾਰ ਦਾ ਸੰਚਾਲਨ ਜਗਜੀਤ ਨੌਸ਼ਹਿਰਵੀ ਅਤੇ ਲਾਜ ਨੀਲਮ ਸੈਣੀ ਨੇ ਬਹੁਤ ਹੀ ਖੂਬਸੂਰਤ ਅਤੇ ਦਿਲਕਸ਼ ਅੰਦਾਜ਼ ਵਿੱਚ ਕੀਤਾ। ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਨਾਮਵਰ ਸ਼ਾਇਰ ਜਸਵਿੰਦਰ ਨੇ ਅਕੈਡਮੀ ਦੇ ਪ੍ਰਧਾਨ ਕੁਲਵਿੰਦਰ, ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕਾਨਫਰੰਸ ਦੇ ਵੱਖ ਵੱਖ ਸੈਸ਼ਨਾਂ ਦੌਰਾਨ ਸੁਰਿੰਦਰ ਸੀਰਤ, ਸੁਰਜੀਤ ਸਖੀ, ਚਰਨਜੀਤ ਪੰਨੂੰ, ਗੁਲਸ਼ਨ ਦਿਆਲ, ਸੁਖਵਿੰਦਰ ਕੰਬੋਜ, ਹਰਪ੍ਰੀਤ ਕੌਰ ਧੂਤ ਨੇ ਵੀ ਸਟੇਜ ਸੰਚਾਲਨ ਬਾਖੂਬੀ ਕੀਤਾ।
ਇਸ ਮੌਕੇ ਅਕੈਡਮੀ ਦੇ ਕਾਰਜਕਾਰੀ ਮੈਂਬਰਾਂ ਲਾਜ ਨੀਲਮ ਸੈਣੀ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ, ਚਰਨਜੀਤ ਸਿੰਘ ਪੰਨੂੰ, ਪਵਿੱਤਰ ਕੌਰ ਮਾਟੀ, ਹਰਪ੍ਰੀਤ ਕੌਰ ਧੂਤ ਅਤੇ ਹੋਰ ਕਈ ਲੇਖਕਾਂ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ਵੀ ਰਿਲੀਜ਼ ਕਰਨ ਤੋਂ ਇਲਾਵਾ ਅਤੇ ਜਸਵਿੰਦਰ ਦੇ ਗ਼ਜ਼ਲ ਸੰਗ੍ਰਹਿ ‘ਕੱਕੀ ਰੇਤ ਦੇ ਵਰਕੇ’ ਅਤੇ ‘ਕਾਲੇ ਹਰਫ਼ਾਂ ਦੀ ਲੋਅ’, ਕੁਲਵਿੰਦਰ ਦੇ ਗ਼ਜ਼ਲ ਸੰਗ੍ਰਿਹ ‘ਸ਼ਾਮ ਦੀ ਸ਼ਾਖ਼ ਤੇ’ ਦੇ ਨਵੇਂ ਐਡੀਸ਼ਨ, ਸਿੱਧੂ ਦਮਦਮੀ ਦੀ ਪੁਸਤਕ ‘ਅਰਦਾਸ ਕਰਦੀਆਂ ਮਾਵਾਂ’, ਅਰਤਿੰਦਰ ਸੰਧੂ ਦੀ ਪੁਸਤਕ ‘ਬਿਸਾਤ’, ਮੁਕੇਸ਼ ਸ਼ਰਮਾ ਦੀ ‘ਆਪੇ ਨਾਲ਼ ਬਾਤ’ ਵੀ ਲੋਕ ਅਰਪਣ ਕੀਤੀਆਂ ਗਈਆਂ।
ਸਰੀ (ਕਨੈਡਾ) ਤੋਂ ਆਏ ਪ੍ਰਸਿੱਧ ਰੰਗਕਰਮੀ ਅਤੇ ਫਿਲਮ ਨਿਰਮਾਤਾ ਗੁਰਦੀਪ ਭੁੱਲਰ ਵੱਲੋਂ ਬਣਾਈ ਲਘੂ ਫ਼ਿਲਮ “ਘੰਟੀ” ਦਿਖਾਈ ਗਈ। ਨਸ਼ਿਆਂ ‘ਤੇ ਆਧਾਰਤ 15 ਮਿੰਟ ਦੀ ਇਸ ਖ਼ਾਮੋਸ਼ ਫ਼ਿਲਮ ਨੇ ਅਜਿਹਾ ਪ੍ਰਭਾਵ ਸਿਰਜਿਆ ਕਿ ਦਰਸ਼ਕ ਕੁਝ ਪਲਾਂ ਲਈ ਸੁੰਨ ਹੋ ਗਏ। ਅਵਤਾਰ ਰੈਕਰਡਜ਼ ਗਰੁੱਪ ਵਲੋਂ ਲੋਪੋਕੇ ਬ੍ਰਦਰਜ਼ ਦਾ ਗਾਇਆ ਗੀਤ “ਇਤਿਹਾਸ” ਵੀ ਇਸ ਮੌਕੇ ਰਿਲੀਜ਼ ਕੀਤਾ ਗਿਆ। ਐਸ਼ ਕੁਮ ਐਸ਼ ਵੱਲੋਂ ਵਿਪਸਾਅ ਦੀ ਬਣਾਈ ਵੈੱਬਸਾਈਟ ਦਾ ਉਦਘਾਟਨ ਡਾ. ਵਰਿਆਮ ਸਿੰਘ ਸੰਧੂ ਨੇ ਕੀਤਾ। ਕੈਨੇਡਾ ਤੋਂ ਆਏ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਵੱਲੋਂ ਲਾਈ ਚਿੱਤਰ ਪ੍ਰਦਰਸ਼ਨੀ ਅਤੇ ਮੁਕੇਸ਼ ਸ਼ਰਮਾ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ।
ਅੰਤ ਵਿੱਚ ਅਕੈਡਮੀ ਦੀ ਸਮੁੱਚੀ ਟੀਮ ਵੱਲੋਂ ਕਾਨਫਰੰਸ ਦੇ ਸਹਿਯੋਗੀਆਂ, ਵਿਦਵਾਨਾਂ, ਮਹਿਮਾਨਾਂ, ਕਵੀਆਂ ਦਾ ਸਨਮਾਨ ਕੀਤਾ ਗਿਆ। ਅਕੈਡਮੀ ਦੇ ਪ੍ਰਧਾਨ ਕੁਲਵਿੰਦਰ ਨੇ ਕਾਨਫਰੰਸ ਨੂੰ ਸਫਲਤਾ ਤੀਕ ਪੁਚਾਉਣ ਲਈ ਆਪਣੀ ਸਮੁੱਚੀ ਕਾਰਜਸ਼ੀਲ ਟੀਮ ਅਤੇ ਹਾਜ਼ਰ ਵਿਦਵਾਨਾਂ ਮਹਿਮਾਨਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਉਮੀਦ ਜ਼ਾਹਿਰ ਕੀਤੀ।