Headlines

ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ

ਕੈਲਗਰੀ-ਬੀਤੀ 25 ਨਵੰਬਰ ਨੂੰ ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ ਹੋਈ। ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਪਿਛਲੇ ਦਿਨੀਂ ਕੈਸੀਨੋ ਵਿਖੇ ਵਾਲੰਟੀਅਰ ਦੀ ਡਿਉਟੀ ਦੇਣ ਵਾਲੇ 25 ਮੈਂਬਰਾਂ ਦਾ ਧੰਨਵਾਦ ਕੀਤਾ। ਪੁਰਸ਼ੋਤਮ ਭਾਰਦਵਾਜ ਅਤੇ ਮਾਇਆਵਤੀ ਭਾਰਦਵਾਜ ਦੇ ਵਿਆਹ ਦੀ 65ਵੀਂ ਵਰ੍ਹੇਗੰਢ ਅਤੇ ਬਰਿੰਦਰ ਮਦਾਨ ਤੇ ਤੇਜਿੰਦਰ ਮਦਾਨ ਦੀ 51ਵੀਂ ਵਰ੍ਹੇਗੰਢ ਦੀਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਭਾਰਤ ਵਿਚ ਸਤੀ ਦੀ ਰਸਮ ਖ਼ਤਮ ਹੋਣ ਬਾਰੇ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦੇਣ ਬਾਰੇ ਵਿਚਾਰ ਰੱਖੇ। ਮੈਂਬਰਾਂ ਨੂੰ ਫੂਡ ਬੈਂਕ ਲਈ ਦਾਨ ਦੇਣ ਵਾਸਤੇ ਅਪੀਲ ਕੀਤੀ। ਨਵੰਬਰ ਮਹੀਨੇ ਵਿਚ ਪੈਂਦੇ ਜਨਮ ਦਿਨ ਵਾਲੇ ਇਨ੍ਹਾਂ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਮੁਬਾਰਕਾਂ ਦਿੱਤੀਆਂ ਗਈਆਂ – ਅਮਰਜੀਤ ਕੌਰ ਕਾਹਲੋਂ, ਬਲਵਿੰਦਰ ਕੌਰ ਢਿੱਲੋਂ, ਜਸਵੰਤ ਸਿੰਘ ਕਪੂਰ ਅਤੇ ਸਤੀਸ਼ ਸ਼ਰਮਾ। ਕਰਮ ਸਿੰਘ ਮੁੰਡੀ ਨੇ ਮਾਂਟਰੀਅਲ ਵਿਚ ਹੋਈਆਂ ਅੱਗਜ਼ਨੀ ਅਤੇ ਭੰਨ-ਤੋੜ ਦੀਆਂ ਦੁੱਖਦਾਈ ਘਟਨਾਵਾਂ ਤੇ ਚਿੰਤਾ ਜ਼ਾਹਿਰ ਕੀਤੀ। ਜਸਵੀਰ ਸਿਹੋਤਾ ਨੇ ਦਿਲਚਸਪ ਕਹਾਣੀ ਸਮੇਤ ਕੁੱਝ ਟੱਪੇ ਸੁਣਾਏ – ਦੁੱਖ ਜੀਹਨੂੰ ਦੱਸਣਾ ਸੀ ਕੋਲ਼ ਹੁੰਦਿਆਂ ਵੀ ਦੂਰ ਰਹੇ। ਦਿਲਾਵਰ ਸਮਰਾ ਨੇ ਗੁਰੂ ਨਾਨਕ ਦੇਵ ਜੀ ਦੇ ਇਕ ਸ਼ਬਦ ਦੀ ਢੁਕਵੀਂ ਵਿਆਖਿਆ ਕੀਤੀ । ਸਰਦਾਰ ਲਾਲ ਮੱਟੂ ਨੇ ਪਹਿਲੇ ਮਹਾਂਯੁੱਧ ਦੇ ਸ਼ਹੀਦ ਸੁੱਖਾ ਦੀ ਮਿਸਾਲ ਦੇ ਕੇ ਜਾਤਪਾਤ ਨੂੰ ਨਕਾਰਿਆ ਜਿਸ ਦੀਆਂ ਆਖਰੀ ਰਸਮਾਂ ਗੋਰਿਆਂ ਨੇ ਫੰਡ ਉਗਰਾਹ ਕੇ ਪੂਰੀਆਂ ਕੀਤੀਆਂ ਸਨ। ਜਸਵੰਤ ਸਿੰਘ ਕਪੂਰ ਨੇ ਗੁਰਬਾਣੀ ਦੀਆਂ ਤੁਕਾਂ ਰਾਹੀਂ ਜਾਤਪਾਤ ਦਾ ਖੰਡਨ ਕੀਤਾ।  ਸੁਰਜੀਤ ਕੌਰ ਕੰਮੋਹ ਨੇ ਦਰਸ਼ਕਾਂ ਦੀਆਂ ਭਰਪੂਰ ਤਾੜੀਆਂ ਵਿਚ ਗੀਤ ਗਾਇਆ – ਮੈਨੂੰ ਰੱਬ ਦੀ ਸਹੁੰ ਤੇਰੇ ਨਾਲ਼ ਪਿਆਰ ਹੋ ਗਿਆ ਵੇ ਚੰਨਾਂ ਸੱਚੀਂ ਮੁੱਚੀਂ। ਸੁਖਮੰਦਰ ਗਿੱਲ ਨੇ  ਇਸ ਗੀਤ ਰਾਹੀਂ ਗੁਰੂ ਨਾਨਕ ਦੇਵ ਜੀ ਨੂੰ ਸਿਜਦਾ ਕੀਤਾ – ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇ-ਸਮਝ ਜ਼ਮਾਨਾ ਕੀ ਜਾਣੇ। ਮੁਨੱਵਰ ਅਹਿਮਦ ਨੇ ਬਿਨਾ ਸਾਜ਼ ਕਲਾਸੀਕਲ ਗਾਇਕੀ ਰਾਹੀਂ ਮਨ ਮੋਹ ਲਿਆ – ਜਗ ਮੇਂ ਅਗਰ ਸੰਗੀਤ ਨਾ ਹੋਤਾ / ਕੋਈ ਕਿਸੀ ਕਾ ਮੀਤ ਨਾ ਹੋਤਾ / ਯੇਹ ਅਹਿਸਾਨ ਹੈ ਸਾਤ ਸੁਰੋਂ ਕਾ ਕਿ ਦੁਨੀਆਂ ਵੀਰਾਨ ਨਹੀਂ। ਉਸ ਨੇ ਹੀਰ ਵਾਰਿਸ ਸ਼ਾਹ ਦੀ ਬੈਂਤ ਕਮਾਲ ਦੀ ਤਰਜ਼ ਵਿਚ ਪੇਸ਼ ਕੀਤੀ – ਹੀਰ ਆਖਦੀ ਜੋਗੀਆ ਝੂਠ ਆਖੇਂ ਕੌਣ ਰੁੱਠੜੇ ਯਾਰ ਮਨਾਂਵਦਾ ਈ। ਜਨਾਬ ਤਾਰਿਕ ਮਲਿਕ ਨੇ ਸੁਖਾਵੀਂ ਜ਼ਿੰਦਗੀ ਦੇ ਗੁਰ ਦੱਸ ਕੇ ਉਮਦਾ ਸ਼ੇਅਰ ਫੁਰਮਾਏ , ਇਕ ਇਹ ਸੀ – ਸੁਣਿਆਂ ਸੀ ਕਰੋੜ ਦਾ, ਵੇਖਿਆ ਤਾਂ ਲੱਖ ਦਾ / ਮਿਲਿਆ ਤਾਂ ਸੌ ਦਾ, ਵਾਹ ਪਿਆ ਤਾਂ ਕੱਖ ਦਾ।  ਡਾ. ਰਾਜਵੰਤ ਕੌਰ ਮਾਨ ਨੇ ਰੀਮੈਂਬਰੈਂਸ ਡੇ ਨੂੰ ਆਪਣੇ ਪਿਤਾ ਜੀ ਦੁਆਰਾ ਪਹਿਲੀ ਸੰਸਾਰ ਜੰਗ ਲੜ ਕੇ ਆਉਣ ਦੀ ਘਟਨਾ ਨਾਲ ਜੋੜ ਕੇ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਇਪਟਾ ਦੀ ਰੰਗਕਰਮੀ ਵਜੋਂ ਸੰਸਾਰ-ਅਮਨ ਲਈ ਸਮਰਪਿਤ ਰਹੀ ਹੈ। ਹਰਿੰਦਰ ਕੌਰ ਮੁੰਡੀ ਨੇ ਪਰਿਵਾਰਿਕ ਸੰਬੰਧਾਂ ਵਿਚ ਆਈ ਤਬਦੀਲੀ ਨੂੰ ਉਜਾਗਰ ਕੀਤਾ। ਭਜਨ ਸਿੰਘ ਸੱਗੂ ਨੇ  ਲਘੂ ਕਹਾਣੀਆਂ  ਸੁਣਾ ਕੇ ਵੱਖਰੀ ਤਕਨੀਕ ਰਾਹੀਂ ਖੂਬ ਹਾਸਰਸ ਬਿਖੇਰਿਆ।  ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਜਗਦੇਵ ਸਿੱਧੂ ਨੇ ਨਿਭਾਈ। ਅਖੀਰ ਵਿਚ ਸੁਰਿੰਦਰਜੀਤ ਪਲਾਹਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ 13 ਦਸੰਬਰ ਨੂੰ ਸਾਲਾਨਾ ਰਾਤਰੀ-ਭੋਜ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ।