ਰਿਵਰਸਾਈਡ ( ਅਮਰੀਕਾ) , 25 ਨਵੰਬਰ -ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀਆਂ ਪੰਥ ਪ੍ਰਤੀ ਸੇਵਾਵਾਂ ਲਈ ਅਮਰੀਕਾ ਦੀਆਂ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਨੂੰ ਗੋਲਡ ਮੈਡਲ ਨਾਲ਼ ਸਨਮਾਨਿਤ ਕੀਤਾ ਗਿਆ।
ਅਮਰੀਕਾ ’ਚ ਧਰਮ ਪ੍ਰਚਾਰ ਲਈ ਆਏ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਇਹ ਸਨਮਾਨ ਗੁਰਦੁਆਰਾ ਰੀਵਰਸਾਈਡ ਕੈਲੇਫੋਰਨੀਆ ਵਿਖੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਅਤੇ ਪ੍ਰਧਾਨ ਸੋਢੀ ਸਿੰਘ ਸ਼ੋਕਰ ਵੱਲੋਂ ਇਕ ਧਾਰਮਿਕ ਸਮਾਗਮ ਦੌਰਾਨ ਭੇਟ ਕੀਤਾ ਗਿਆ। ਸ. ਪਰਮਜੀਤ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ। ਗੁਰਬਾਣੀ ਪ੍ਰਚਾਰ ਪ੍ਰਸਾਰ, ਸ਼ਹਾਦਤਾਂ ਅਤੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ ਵਰਗੇ ਹਰ ਖੇਤਰ ‘ਚ ਟਕਸਾਲ ਅੱਗੇ ਰਹੀ ਹੈ। ਉਨ੍ਹਾਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਹਮੇਸ਼ਾਂ ਪੰਥਕ ਹਿਤਾਂ ਤੇ ਸਰੋਕਾਰਾਂ ਨੂੰ ਪਹਿਲ ਦੇਣ ਅਤੇ ਮੌਜੂਦਾ ਹਾਲਾਤਾਂ ’ਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਗੁਰਬਾਣੀ ਸਿਧਾਂਤ ਦਾ ਪ੍ਰਚਾਰ ਪ੍ਰਸਾਰ, ਸ਼ਹੀਦੀ ਯਾਦਗਾਰ, ਸ਼ਹੀਦੀ ਗੈਲਰੀ ਅਤੇ ਜਨਮ ਸਥਾਨ ਦੀ ਉਸਾਰੀ ਤੋਂ ਇਲਾਵਾ ਅਨੇਕਾਂ ਕਾਰਸੇਵਾ ਅਤੇ ਗੁਰੂ ਕੇ ਲੰਗਰ ਦੇ ਪ੍ਰਮੁੱਖ ਕਾਰਜ ਕੀਤੇ ਹਨ। ਸੰਤ ਹਰਨਾਮ ਸਿੰਘ ਖ਼ਾਲਸਾ ਪੰਥ ਦੇ ਵੱਡੇ ਕਾਰਜ ਅਤੇ ਵੱਡੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾ ਰਹੇ ਹਨ, ਅਣਗਿਣਤ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਬਾਣੀ ਅਤੇ ਬਾਣੇ ਦਾ ਪ੍ਰਚਾਰ ਸਮੇਂ ਦੀ ਲੋੜ ਹੈ ਅਤੇ ਦਮਦਮੀ ਟਕਸਾਲ ਨੇ ਪਾਠ ਬੋਧ ਸਮਾਗਮਾਂ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਹੈ। ਮੌਜੂਦਾ ਸਿਆਸੀ ਵਰਤਾਰਿਆਂ ਦੇ ਚਲਦਿਆਂ ਦੇਸ਼ ਵਿਦੇਸ਼ ’ਚ ਸਰਬ ਸਾਂਝੀਵਾਲਤਾ ਅਤੇ ਸਿੱਖ ਭਾਈਚਾਰੇ ਨੂੰ ਦਰਪੇਸ਼ ਚੁਨੌਤੀਆਂ ਦੇ ਮੱਦੇਨਜ਼ਰ ਆਪਣੀ ਸੂਝ ਬੂਝ ਅਤੇ ਦੂਰ ਦ੍ਰਿਸ਼ਟੀ ਨਾਲ਼ ਸਿੱਖ ਭਾਈਚਾਰੇ ਦਾ ਮਾਰਗ ਦਰਸ਼ਨ ਅਤੇ ਉਨ੍ਹਾਂ ਦਿਆਂ ਮੁਸ਼ਕਲਾਂ ਹੱਲ ਕਰਵਾ ਰਹੇ ਹਨ।
ਇਸ ਮੌਕੇ ਸਤਿਕਾਰਤ ਸ਼ਖ਼ਸੀਅਤਾਂ ’ਚ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਭਾਈ ਪਿੰਦਰਪਾਲ ਸਿੰਘ, ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਬਾਬਾ ਧਰਮ ਸਿੰਘ ਜੀ, ਭਾਈ ਝੂਮਣ ਸਿੰਘ, ਭਾਈ ਅਕਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਸਕੱਤਰ, ਭਾਈ ਸੁਰਿੰਦਰਪਾਲ ਸਿੰਘ ਸਾਬਕਾ ਚੇਅਰਮੈਨ, ਜੋਈਂ ਸੰਧੂ, ਤਜਿੰਦਰ ਸਿੰਘ, ਦਲਬੀਰ ਸਿੰਘ, ਪ੍ਰੀਤਮ ਸਿੰਘ, ਗਗਨ ਸੰਘਾ, ਗੁਰਪ੍ਰੀਤ ਸਿੰਘ ਸ਼ੋਕਰ, ਸੰਤ ਅਨੂਪ ਸਿੰਘ ਊਨੇ ਵਾਲ਼ੇ, ਭਾਈ ਲਖਵਿੰਦਰ ਸਿੰਘ, ਭਾਈ ਸੁਖਦੀਪ ਸਿੰਘ ਦਾਮਾਦ ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ, ਭਾਈ ਦਲਬੀਰ ਸਿੰਘ ਟਰਲਕ, ਭਾਈ ਦਲਬੀਰ ਸਿੰਘ ਪੱਡਾ, ਭਾਈ ਮੇਜਰ ਸਿੰਘ, ਭਾਈ ਜਗਰੂਪ ਸਿੰਘ, ਰਾਗੀ ਭਾਈ ਰਣਜੀਤ ਸਿੰਘ, ਗਿਆਨੀ ਭਾਈ ਰਣਜੀਤ ਸਿੰਘ, ਭਾਈ ਭਰਵਿੰਦਰ ਸਿੰਘ, ਭਾਈ ਸਰਬਜੋਤ ਸਿੰਘ, ਭਾਈ ਗੁਰਪ੍ਰੀਤ ਸਿੰਘ ਬੈਂਸ, ਗਿਆਨੀ ਅਮਨਦੀਪ ਸਿੰਘ ਯੂ ਕੇ, ਮਨਦੀਪ ਸਿੰਘ ਜੌਹਲ ਅਤੇ ਭਾਈ ਮਹਾ ਸਿੰਘ ਟਰਾਂਟੋ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਜੀ ਦਾ ਅਮਰੀਕਾ ਦੀ ਧਰਤੀ ’ਤੇ ਧਰਮ ਪ੍ਰਚਾਰ ਫੇਰੀ ਲਈ ਪਹੁੰਚਣ ’ਤੇ ਲਾਸ ਏਂਜਲਸ ਹਵਾਈ ਅੱਡੇ ਉੱਤੇ ਅਮਰੀਕਾ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ’ਚ ਆਈਆਂ ਸਿੱਖ ਸੰਗਤਾਂ, ਪ੍ਰਮੁੱਖ ਗੁਰਦੁਆਰੇ ਸਾਹਿਬਾ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਅਤੇ ਸਿਰਮੌਰ ਸਿੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਰੋਪਾ ਅਤੇ ਭੁੱਲਾਂ ਦੇ ਹਾਰ ਭੇਟ ਕਰਕੇ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ।