Headlines

ਇਮਰੋਜ਼ — ਕਲਾ ਤੇ ਇਸ਼ਕ ਇਬਾਦਤ ਨੂੰ ਸਿਜਦਾ

ਰਾਜਵੰਤ ਕੌਰ ਪ੍ਰੀਤ ਮਾਨ-
ਇਮਰੋਜ਼ ਦਾ ਪਹਿਲਾ ਨਾਂ ਇੰਦਰਜੀਤ ਸਿੰਘ ਸੀ। ਉਸ ਦਾ ਜਨਮ 26 ਜਨਵਰੀ, 1926 ਨੂੰ ਲਾਇਲਪੁਰ ਜ਼ਿਲੇ ਦੇ ਇੱਕ ਪਿੰਡ ਵਿਚ ਹੋਇਆ ਜੋ
ਹੁਣ ਪਾਕਿਸਤਾਨ ਵਿਚ ਹੈ। ਉਹ ਦਸਵੀਂ ਜਮਾਤ ਤੱਕ ਖਾਲਸਾ ਹਾਈ ਸਕੂਲ, ਚੱਕ ਨੰਬਰ 41 ਵਿਚ ਪੜ੍ਹਿਆ ਜਿੱਥੇ ਉਸ ਦੇ ਜਮਾਤੀ ਹਰਸ਼ਰਨ
ਸਿੰਘ (ਡਾ.) ਅਤੇ ਨਿਰੰਜਣ ਸਿੰਘ ਮਾਨ (ਪ੍ਰੋ.) ਉਸ ਦੇ ਗੂੜ੍ਹੇ ਮਿੱਤਰ ਸਨ। ਉਹ ਬਚਪਨ ਤੋਂ ਹੀ ਸਕੂਲ ਵਿਚ ਕਾਪੀ `ਤੇ ਬਿੱਲੀਆਂ-ਚੂਹਿਆਂ ਦੀਆਂ
ਤਸਵੀਰਾਂ ਬਣਾਉਂਦਾ ਰਹਿੰਦਾ ਸੀ। ਜਮਾਤੀ ਮੁੰਡੇ ਹਰਸ਼ਰਨ ਨੂੰ ਰੋਡੀ, ਨਿਰੰਜਣ ਨੂੰ ਨੰਜੋ ਅਤੇ ਇੰਦਰਜੀਤ ਨੂੰ ਚੂਹੀ ਕਹਿੰਦੇ। ਦਸਵੀਂ ਪਾਸ ਕਰਨ
ਮਗਰੋਂ ਇੰਦਰਜੀਤ ਨੇ ਲਾਹੌਰ ਆਰਟਸ ਕਾਲਜ ਤੋਂ ਫਾਈਨ ਆਰਟਸ ਦਾ ਡਿਪਲੋਮਾ ਪਾਸ ਕੀਤਾ। ਹਰਸ਼ਰਨ ਨੇ ਬੀ.ਐਸ ਸੀ. ਅਤੇ ਨਿਰੰਜਣ ਨੇ
ਬੀ. ਏ. ਦੀਆਂ ਡਿਗਰੀਆਂ ਲਈਆਂ। ਸੰਨ 1947 ਦੀ ਦੁੱਖਦਾਇਕ ਵੰਡ ਸਮੇਂ ਇਨ੍ਹਾਂ ਸਭ ਨੂੰ ਪੂਰਬੀ (ਹਿੰਦੁਸਤਾਨੀ) ਪੰਜਾਬ ਅੰਮ੍ਰਿਤਸਰ ਆਉਣਾ
ਪਿਆ। ਹਰਸ਼ਰਨ ਨੇ ਮੈਡੀਕਲ ਕਾਲਜ ਵਿਚ ਦਾਖਲਾ ਲਿਆ, ਨਿਰੰਜਣ ਦਿੱਲੀ ਕੈਂਪ ਕਾਲਜ ਵਿਚ ਐਮ. ਏ. ਸਾਈਕਾਲੋਜੀ ਵਿਚ ਦਾਖਲ ਹੋ
ਗਿਆ। ਇੰਦਰਜੀਤ ਕੰਮ ਦੀ ਭਾਲ਼ ਵਿਚ ਦਿੱਲੀ ਆ ਗਿਆ ਅਤੇ ਉਰਦੂ ਦੇ ਰਸਾਲੇ `ਸ਼ਮ੍ਹਾਂ` ਵਿਚ ਕੰਮ ਕਰਨ ਲੱਗ ਪਿਆ। ਉਨ੍ਹਾਂ ਦਿਨਾਂ ਵਿਚ
ਲਹਿੰਦੇ ਪੰਜਾਬ ਤੋਂ ਆਇਆ ਹਰ ਕੋਈ ਵਸੇਬਾ ਕਰਨ ਲਈ ਟਿਕਾਣਾ ਲੱਭ ਰਿਹਾ ਸੀ। ਓਦੋਂ ਹੀ ਅੰਮ੍ਰਿਤਾ ਪ੍ਰੀਤਮ ਦਾ ਪਰਿਵਾਰ ਗੁੱਜਰਾਂਵਾਲ਼ੇ ਤੋਂ
ਉੱਜੜ ਕੇ ਦਿੱਲੀ ਆ ਟਿਕਿਆ। ਅੰਮ੍ਰਿਤਾ ਦਾ ਪਤੀ ਪ੍ਰੀਤਮ ਸਿੰਘ ਕਵਾਤੜਾ ਥੋਕ ਦਾ ਵਪਾਰੀ ਸੀ। ਉਸ ਨੇ ਆਪਣਾ ਕਿੱਤਾ ਦਿੱਲੀ ਸ਼ੁਰੂ ਕਰ
ਲਿਆ। ਅੰਮ੍ਰਿਤਾ ਪਹਿਲਾਂ ਦੇਹਰਾਦੂਨ ਕੰਮ ਦੀ ਭਾਲ਼ ਕਰਦੀ ਰਹੀ, ਫੇਰ ਦਿੱਲੀ ਰੇਡੀਓ ਸਟੇਸ਼ਨ `ਤੇ ਪੰਜਾਬੀ ਪ੍ਰੋਗਰਾਮ ਪੇਸ਼ ਕਰਨ ਲੱਗੀ। ਰੇਡੀਓ
ਸਟੇਸ਼ਨ ਸ਼ਮ੍ਹਾਂ ਰਸਾਲੇ ਦੇ ਦਫ਼ਤਰ ਦੇ ਨੇੜੇ ਹੀ ਸੀ। ਇਨ੍ਹਾਂ ਦਿਨਾਂ ਵਿਚ ਇੰਦਰਜੀਤ ਇਮਰੋਜ਼ ਵਜੋਂ ਜਾਣਿਆਂ ਜਾਣ ਲੱਗ ਪਿਆ ਸੀ।
ਇਮਰੋਜ਼ ਆਪਣੇ ਕਮਰੇ ਦੀ ਖਿੜਕੀ ਵਿੱਚੋਂ ਦੀ ਰੋਜ਼ ਦੇਖਦਾ ਕਿ ਅੰਮ੍ਰਿਤਾ ਪ੍ਰੋਗਰਾਮ ਤੋਂ ਬਾਅਦ ਬਸ ਰਾਹੀਂ ਆਪਣੇ ਘਰ ਜਾਂਦੀ ਹੈ ਤੇ
ਅੰਦਾਜ਼ਾ ਲਾਉਂਦਾ ਕਿ ਕਿੰਨੀ ਲੇਟ ਪਹੁੰਚਦੀ ਹੋਵੇਗੀ। ਔਖਾ ਸੌਖਾ ਹੋ ਕੇ ਉਸ ਨੇ ਸਕੂਟਰ ਲੈ ਲਿਆ। ਜਦੋਂ ਅੰਮ੍ਰਿਤਾ ਰੇਡੀਓ ਪ੍ਰੋਗਰਾਮ ਤੋਂ ਵਿਹਲੀ
ਹੁੰਦੀ ਉਦੋਂ ਸਕੂਟਰ ਲੈ ਕੇ ਚੁੱਪ ਚਾਪ ਬਾਹਰ ਖੜ੍ਹਾ ਹੋ ਜਾਂਦਾ। ਇਸ ਤੋਂ ਪਹਿਲਾਂ ਅੰਮ੍ਰਿਤਾ ਸ਼ਮ੍ਹਾਂ ਰਿਸਾਲੇ ਦੇ ਦਫ਼ਤਰ ਵਿਚ ਕਿਸੇ ਹੋਰ ਆਰਟਿਸਟ ਦੇ
ਰਾਹੀਂ ਉਸ ਨੂੰ ਮਿਲੀ ਸੀ। ਹੁਣ ਬਰਾਸਤਾ ਸਕੂਟਰ ਉਨ੍ਹਾਂ ਦੋਵਾਂ ਦੀ ਪਿਆਰ-ਕਹਾਣੀ ਦਾ ਮੁੱਝ ਬੱਝ ਗਿਆ। ਅੰਮ੍ਰਿਤਾ ਉਸ ਦੇ ਅਨੋਖੇ ਅੰਦਾਜ਼ ਤੋਂ
ਪ੍ਰਭਾਵਿਤ ਹੋ ਗਈ। ਉਹ ਬਹੁਤ ਘੱਟ ਬੋਲਦਾ ਸੀ। ਸਕੂਟਰ ਦੇ ਪਿੱਛੇ ਬੈਠੀ ਅੰਮ੍ਰਿਤਾ ਉਸ ਦੀ ਪਿੱਠ `ਤੇ ਸਾਹਿਰ ਸਾਹਿਰ ਲਿਖਦੀ ਰਹਿੰਦੀ। ਸਾਹਿਰ
ਲੁਧਿਆਣਵੀ ਦੇ ਪਿਆਰ ਵਿਚ ਹੀ ਉਸ ਦੀ ਲੇਖਣੀ ਭਾਵੁਕਤਾ ਦੀ ਸਿਖਰ `ਤੇ ਪਹੁੰਚਦੀ ਗਈ ਪਰ ਸਾਹਿਰ ਨਾਲ਼ ਸਦੀਵੀ ਮੇਲ ਨਹੀਂ ਹੋ
ਸਕਿਆ। ਇਮਰੋਜ਼ ਨੂੰ ਇਹ ਸਭ ਪਤਾ ਸੀ ਪਰ ਉਸ ਨੇ ਤਾਂ ਆਪਣੀ ਕਲਾ, ਆਪਣਾ ਜੀਵਨ ਅੰਮ੍ਰਿਤਾ `ਤੇ ਨਿਸ਼ਾਵਰ ਕਰ ਦਿੱਤਾ। ਇਸ਼ਕ ਨੂੰ
ਇਬਾਦਤ ਸਮਝ ਪੂਜਦਾ ਰਿਹਾ।
ਸਮਾਂ ਲੰਘਦਾ ਗਿਆ। ਅੰਮ੍ਰਿਤਾ ਦੇ ਪਤੀ ਪ੍ਰੀਤਮ ਸਿੰਘ ਕਵਾਤੜੇ ਦਾ ਕਾਰੋਬਾਰ ਚੰਗਾ ਚੱਲ ਪਿਆ। ਹੌਜ਼ ਖਾਸ 20 ਨੰਬਰ ਦੋ ਮੰਜ਼ਿਲਾ
ਵੱਡਾ ਘਰ ਬਣ ਗਿਆ। ਇਮਰੋਜ਼ ਹੋਰ ਨੇੜੇ ਹੁੰਦਾ ਗਿਆ। ਅੰਤ ਨੂੰ ਓਥੇ ਹੀ ਰਹਿਣ ਲੱਗ ਪਿਆ। ਪ੍ਰੀਤਮ ਸਿੰਘ ਕਵਾਤੜਾ ਇਕ ਵੱਡੇ ਜਿਗਰੇ ਵਾਲ਼ਾ
ਸਮਝਦਾਰ ਇਨਸਾਨ ਸੀ। ਇਮਰੋਜ਼ ਦੀ ਚਿਤਰਕਾਰੀ ਦੀ ਕਲਾ ਨਾਲ਼ ਅੰਮ੍ਰਿਤਾ ਦੀ ਸਾਹਿਤਕ ਕਿਰਤ ਵਧਦੀ ਗਈ। ਨਾਗਮਣੀ ਰਿਸਾਲੇ ਦੀ ਪੂਰੀ
ਦਿੱਖ ਇਮਰੋਜ਼ ਦੀ ਡਿਜ਼ਾਈਨ ਕੀਤੀ ਹੁੰਦੀ। ਅੰਮ੍ਰਿਤਾ ਦੀਆਂ ਕਿਤਾਬਾਂ ਦੇ ਟਾਈਟਲ ਕਵਰ ਇਮਰੋਜ਼ ਦੀਆਂ ਪੇਂਟਿੰਗਾਂ ਨਾਲ਼ ਸ਼ਿੰਗਾਰੇ ਹੁੰਦੇ ਅਤੇ
ਇਹ ਪੇਂਟਿੰਗਾਂ ਘਰ ਦੀਆਂ ਕੰਧਾਂ ਉਪਰ ਮੂੰਹੋਂ ਬੋਲਦੀਆਂ ਸਨ। ਨਾਗਮਣੀ ਦੇ ਕਵਰ ਉੱਤੇ ਸੰਪਾਦਕ ਦੀ ਥਾਂ ਲਿਖਿਆ ਹੁੰਦਾ `ਕਾਮੇ ਅੰਮ੍ਰਿਤਾ-
ਇਮਰੋਜ਼`।
ਸਾਨੂੰ ਅੰਮ੍ਰਿਤਾ ਅਤੇ ਇਮਰੋਜ਼ ਨੂੰ ਮਿਲਣ ਦੇ ਮੌਕੇ ਮਿਲਦੇ ਰਹੇ। ਪਹਿਲੀ ਵਾਰ ਮੈਂ ਅੰਮ੍ਰਿਤਸਰ ਕਵੀ ਦਰਬਾਰ ਵਿਚ ਮਿਲੀ। ਮੇਰੇ ਪਤੀ
ਨਿਰੰਜਣ ਸਿੰਘ ਮਾਨ ਨੂੰ ਮਿਲ ਕੇ ਇਮਰੋਜ਼ ਬਚਪਨ ਯਾਦ ਕਰਨ ਲੱਗਿਆ। ਇਮਰੋਜ਼ ਦੇ ਮਾਪਿਆਂ ਦਾ ਪਿੰਡ ਅੰਮ੍ਰਿਤਸਰ ਦੇ ਨੇੜੇ ਸੀ। ਉਸ ਦੀ
ਭੈਣ ਵੀ ਓਥੇ ਮਿਲੀ। ਇਕ ਵਾਰ ਜਲੰਧਰ ਕਵੀ ਦਰਬਾਰ ਵਿਚ ਅੰਮ੍ਰਿਤਾ ਨੂੰ ਸੁਨਣ-ਵੇਖਣ ਦੂਰੋਂ-ਦੂਰੋਂ ਸਰੋਤੇ ਆਏ ਹੋਏ ਸਨ। ਏਥੇ ਅਸੀਂ ਹੋਟਲ
ਵਿਚ ਵੀ ਇਕੱਠੇ ਹੋ ਗਏ। ਅੰਮ੍ਰਿਤਾ ਦੀਆਂ ਕਿਤਾਬਾਂ ਜਿਉਂ-ਜਿਉਂ ਛਪਦੀਆਂ, ਇਨਾਮਾਂ ਦੀ ਝੜੀ ਲਗਦੀ ਰਹੀ। ਭਾਸ਼ਾ ਵਿਭਾਗ ਪਟਿਆਲ਼ਾ ਨੇ
ਇਨਾਮ ਦੇ ਕੇ ਸਨਮਾਨਿਤ ਕੀਤਾ। ਉਸ ਦੀ ਕਵਿਤਾਵਾਂ ਦੀ ਕਿਤਾਬ `ਸੁਨੇਹੜੇ` ਨੂੰ 1956 ਵਿਚ `ਸਾਹਿਤ ਅਕਾਦਮੀ ਐਵਾਰਡ` ਮਿਲਿਆ।
ਸਾਹਿਤ ਦਾ ਸ਼੍ਰੋਮਣੀ ਐਵਾਰਡ `ਗਿਆਨਪੀਠ ਐਵਾਰਡ` 1982 ਵਿਚ ਮਿਲਿਆ। ਭਾਰਤ ਸਰਕਾਰ ਵੱਲੋਂ 2005 ਵਿਚ ਅੰਮ੍ਰਿਤਾ ਨੂੰ `ਪਦਮ
ਭੂਸ਼ਣ` ਦੀ ਉਪਾਧੀ ਨਾਲ ਨਿਵਾਜਿਆ ਗਿਆ। ਓਦੋਂ ਉਹ ਬਹੁਤ ਬੀਮਾਰ, ਮਰਨ ਕਿਨਾਰੇ ਸੀ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਪਿੱਛੇ ਇਮਰੋਜ਼ ਦਾ
ਪੂਰਨ ਸਮਰਪਣ ਝਲਕਦਾ ਹੈ। ਉਹ ਉਸ ਦਾ ਹਰ ਵਕਤ ਹਰ ਤਰ੍ਹਾਂ ਦਾ ਖਿਆਲ ਰਖਦਾ। ਉਹ ਹਰ ਘੜੀ ਅੰਮ੍ਰਿਤਾ ਨਾਲ਼ ਕਲਾ ਦਾ ਪ੍ਰੇਰਨਾਸਰੋਤ
ਤੇ ਉਤਸ਼ਾਹ ਦਾ ਸਹਾਰਾ ਬਣ ਕੇ ਰਹਿੰਦਾ। ਅੰਮ੍ਰਿਤਾ ਦੇ ਖਾਣ-ਪੀਣ ਤੋਂ ਲੈਕੇ ਆਏ ਗਏ ਦੀ ਆਓਭਗਤ ਦੀ ਜ਼ਿੰਮੇਵਾਰੀ ਨਿਭਾਉਂਦਾ।
ਸੰਨ 2003 ਵਿਚ ਸਾਡੇ ਨਾਲ਼ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੀ ਅੰਮ੍ਰਿਤਾ ਨੂੰ ਮਿਲਣ ਗਈ ਸੀ। ਓਦੋਂ ਵੀ ਅੰਮ੍ਰਿਤਾ ਬੀਮਾਰ ਹੀ ਸੀ
ਪਰ ਲਿਖਣ ਵੱਲ ਰੁਚਿਤ ਰਹਿੰਦੀ। ਇਸ ਸਮੇਂ ਦੀਆਂ ਕਿਤਾਬਾਂ ਅਤੇ ਗੱਲਾਂ ਬਾਤਾਂ ਵਿਚ ਸ਼ਿਰੜੀ ਦੇ ਸਾਈਂ ਬਾਬੇ ਵਗੈਰਾ ਦੇ ਕਾਰਨਾਮਿਆਂ ਦਾ

ਵਰਣਨ ਹੁੰਦਾ। ਇਸ ਸਮੇਂ ਦੀਆਂ ਤਸਵੀਰਾਂ ਇਮਰੋਜ਼ ਨੇ ਸਾਡੇ ਕੈਮਰੇ ਵਿਚ ਖਿੱਚੀਆਂ। ਦੂਜੀ ਵਾਰ ਅਸੀਂ ਕੈਨੇਡਾ ਜਾਣ ਸਮੇਂ ਕੁੱਝ ਸਮਾਂ ਉਨ੍ਹਾਂ ਨੂੰ
ਮਿਲਣ ਲਈ ਗਏ। ਅੰਮ੍ਰਿਤਾ ਸਖਤ ਬੀਮਾਰ ਸੀ। ਇਮਰੋਜ਼ ਤੇ ਅੰਮ੍ਰਿਤਾ ਦੀ ਨੂੰਹ ਅਲਕਾ ਸੇਵਾ-ਸੰਭਾਲ਼ ਵਿਚ ਲੱਗੇ ਰਹਿੰਦੇ। ਉਹ ਪੀੜ ਨਾਲ਼
ਕੁਰਰਾਹ ਰਹੀ ਸੀ। ਦੇਖ ਕੇ ਅਸੀਂ ਘਬਰਾ ਗਏ। ਜਦੋਂ ਕੁੱਝ ਟਿਕੀ ਤਾਂ ਇਮਰੋਜ਼ ਸਾਨੂੰ ਉਸ ਦੇ ਕਮਰੇ ਵਿਚ ਲੈ ਗਿਆ। ਉਹ ਦਵਾਈ ਦੇ ਅਸਰ ਹੇਠ
ਅੱਖਾਂ ਬੰਦ ਕਰੀ ਪਈ ਸੀ। ਅਸੀਂ ਮੰਜੇ ਦੇ ਪੁਰਾਂਦੀਂ ਖੜ੍ਹ ਕੇ ਸਿਜਦਾ ਕੀਤਾ, ਪੈਰ ਛੂਹੇ, ਇਮਰੋਜ਼ ਨਾਲ਼ ਦੁੱਖ ਸਾਂਝਾ ਕਰ ਕੇ ਆ ਗਏ ਤੇ ਜਹਾਜ਼ ਚੜ੍ਹ
ਗਏ। ਹਾਂ, ਇਮਰੋਜ਼ ਨੇ ਸਾਨੂੰ ਵੱਡੀ ਲੱਕੜ ਦੇ ਫਰੇਮ `ਤੇ ਆਪਣੀ ਅਤੇ ਅੰਮ੍ਰਿਤਾ ਦੀ ਬਲੈਕ ਐਂਡ ਵ੍ਹਾਈਟ ਫੋਟੋ ਦਿੱਤੀ ਜਿਸ ਨੂੰ ਅਸੀਂ ਬੇਸ਼ਕੀਮਤੀ
ਯਾਦਗਾਰ ਵਜੋਂ ਸੰਭਾਲ਼ ਕੇ ਰੱਖਿਆ ਹੋਇਆ ਹੈ।
ਛੇ ਮਹੀਨੇ ਬਾਅਦ ਅਸੀਂ ਫੇਰ ਭਾਰਤ ਗਏ ਤਾਂ ਦਿੱਲੀ ਏਅਰਪੋਰਟ ਤੋਂ ਸਿੱਧੇ ਪਟਿਆਲ਼ੇ ਚਲੇ ਗਏ। ਉਹ ਅਜੇ ਜਿਉਂਦੀ ਸੀ ਪਰ ਹਾਲਤ
ਬਹੁਤ ਖਰਾਬ ਸੀ। ਅਕਤੂਬਰ ਦਾ ਆਖਰੀ ਹਫ਼ਤਾ ਸੀ। ਅਕਤੂਬਰ 31 ਨੂੰ ਅਸੀਂ ਜਦੋਂ ਪਟਿਆਲ਼ੇ ਤੋਂ ਜਲੰਧਰ ਗ਼ਦਰੀ ਬਾਬਿਆਂ ਦੇ ਮੇਲੇ `ਤੇ ਪਹੁੰਚੇ
ਤਾਂ ਓਥੇ ਅੰਮ੍ਰਿਤਾ ਦੇ ਸਵਾਸ ਛੱਡਣ ਦੀ ਮਨਹੂਸ ਖ਼ਬਰ ਮਿਲੀ। ਬੜਾ ਦੁੱਖ ਅਤੇ ਨਾਲ਼ ਹੀ ਪਛਤਾਵਾ ਵੀ ਹੋਇਆ ਕਿ ਅਸੀਂ ਆਉਂਦੇ ਹੋਏ ਆਖਰੀ
ਦਰਸ਼ਨ ਕਿਉਂ ਨਾ ਕਰ ਕੇ ਆਏ। ਬਸ ਫੋਨ `ਤੇ ਹੀ ਇਮਰੋਜ਼ ਨਾਲ਼ ਗੱਲ-ਬਾਤ ਹੁੰਦੀ ਰਹੀ।
ਅੰਮ੍ਰਿਤਾ ਪ੍ਰੀਤਮ ਦੀ ਆਖਰੀ ਕਵਿਤਾ `ਮੈਂ ਤੈਨੂੰ ਫਿਰ ਮਿਲਾਂਗੀ` ਇਮਰੋਜ਼ ਨੂੰ ਜਿਉਂਦੀ ਹੋਣ ਦਾ ਇਕਰਾਰ ਦੇ ਗਈ। ਉਹ ਐਨੇ ਵਰ੍ਹੇ
ਆਪਣੀ ਕਲਾ ਅਤੇ ਅੰਮ੍ਰਿਤਾ ਦੇ ਹਰ ਸਮੇਂ ਨਾਲ਼ ਹੋਣ ਦੇ ਅਹਿਸਾਸ ਨਾਲ਼ ਜਿਉਂਦਾ ਰਿਹਾ। ਅੰਤ ਨੂੰ 26 ਦਸੰਬਰ, 2023 ਨੂੰ ਕਲਾ ਦਾ ਸੂਰਜ
ਛਿਪ ਗਿਆ। ਅੰਮ੍ਰਿਤਾ ਦੇ ਜਾਣ ਤੋਂ ਬਾਅਦ k-25 ਹੌਜ਼ ਖਾਸ ਢਹਿ ਢੇਰੀ ਹੋਇਆ। ਇਮਰੋਜ਼ ਨੇ ਆਪਣੀ ਕਲਾ ਦੀ ਪੂੰਜੀ ਨਾਲ਼ ਲੈ ਕੇ ਗਰੇਟਰ
ਕੈਲਾਸ਼ -1 ਦੇ ਅਪਾਰਟਮੈਂਟ ਵਿਚ ਜਾ ਨਿਵਾਸ ਕੀਤਾ। ਪ੍ਰੋ. ਨਿਰੰਜਣ ਸਿੰਘ ਮਾਨ ਦੇ ਸਦੀਵੀ ਵਿਛੋੜੇ ਤੋਂ ਬਾਅਦ ਮੈਂ 2013 ਵਿਚ ਵਤਨ ਮੁੜੀ ਸਾਂ
ਤਾਂ ਇਮਰੋਜ਼ ਨੂੰ ਇਸੇ ਅਪਾਰਟਮੈਂਟ ਵਿਚ ਮਿਲੀ ਸਾਂ। ਚਾਰੇ ਪਾਸੇ ਅੰਮ੍ਰਿਤਾ ਦੀਆਂ ਤਸਵੀਰਾਂ ਨਾਲ਼ ਕਲਾ-ਮੰਦਰ ਸਜਾਇਆ ਹੋਇਆ ਸੀ। ਅਹਿਸਾਸ
ਇਹੀ ਸੀ ਕਿ ਅੰਮ੍ਰਿਤਾ ਉਸ ਦੇ ਨਾਲ਼ ਹੈ ਹਰ ਸਮੇਂ। ਦੁੱਖ-ਸੁੱਖ ਸਾਂਝਾ ਕਰ ਮੈਂ ਵਾਪਸ ਕੈਨੇਡਾ ਆ ਗਈ ਸੀ। ਪਿਆਰ, ਤਿਆਗ, ਕਲਾ, ਪੂਰਨ
ਸਮਰਪਣ ਅਤੇ ਸੇਵਾ ਦਾ ਅਦੁਤੀ ਸੁਮੇਲ – ਇਮਰੋਜ਼ ਸਦਾ ਅਮਰ ਰਹੇਗਾ।