Headlines

25 ਨਵੰਬਰ ਜਨਮ ਦਿਨ ਤੇ ਵਿਸ਼ੇਸ਼-ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਯਾਦ ਕਰਦਿਆਂ…

ਸਤਿੰਦਰਪਾਲ ਸਿੰਘ ਸਿੱਧਵਾਂ –
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਖੂਬਸੂਰਤ ਮਖਮਲੀ ਅਵਾਜ਼ ਦੀ ਮਾਲਕ ਆਪਣੇ ਪੰਜਾਬੀ ਗੀਤਾਂ ਰਾਹੀਂ ਜਿਸ ਨੇ ਹਰ ਵਰਗ ਦੇ ਪੰਜਾਬੀਆ ਦੇ ਦਿਲਾਂ ਵਿੱਚ ਆਪਣੀ ਸਦੀਵੀ ਜਗਾਹ ਬਣਾਈ । ਸੁਰਿੰਦਰ ਕੌਰ ਦਾ ਜਨਮ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੋਰ ਵਿੱਚ 25 ਨਵੰਬਰ 1929 ਨੂੰ ਭੱਟੀ ਗੇਟ ਵਿੱਚ ਰਹਿਣ ਵਾਲੇ ਸਹਿਜਧਾਰੀ ਸਿੱਖ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਜੀ ਦੇ ਘਰ ਹੋਇਆ
ਘਰ ਵਿੱਚ ਧਾਰਮਿਕ ਮਾਹੌਲ ਹੋਣ ਕਰਕੇ ਵੱਡੀ ਭੈਣ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਵੀ ਬਚਪਨ ਤੋ ਹੀ ਸੰਗੀਤਕ ਸੁਰਾਂ ਨਾਲ ਇੱਕ ਮਿੱਕ ਹੋ ਗਈਆਂ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਭਰਾਵਾਂ ਨੇ ਉੱਨਾਂ ਨੂੰ ਗਾਇਕੀ ਵਿੱਚ ਪਰਪੱਕਤਾ ਲਿਆਉਣ  ਲਈ ਪਟਿਆਲ਼ਾ ਘਰਾਣੇ ਦੇ ਮਹਾਨ ਸੰਗੀਤਕਾਰ ਮਾਸਟਰ ਇਨਾਇਤ ਹੁਸੈਨ ਦੀ ਸ਼ਾਗਿਰਦੀ ਕਰਵਾਈ ਉਨਾਂ ਕੋਲੋ ਕਲਾਸੀਕਲ ਦੀ ਸੰਗੀਤਕ ਸਿੱਖਿਆ ਦਵਾਈ
13 ਸਾਲ ਦੀ ਉਮਰ ਵਿੱਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਨੇ ਲਾਹੌਰ ਆਲ ਇੰਡੀਆ ਰੇਡੀਓ ਤੋਂ ਪਹਿਲੀ ਵਾਰ ਗਾਇਆ ਅਤੇ ਉਹ ਰੇਡੀਓ ਦੀਆਂ ਪ੍ਰਵਾਨਿਤ ਗਾਇਕਾਵਾਂ ਬਣ ਗਈਆਂ ਅਗੱਸਤ 1943 ਵਿੱਚ ਮਾਸਟਰ ਇਨਾਇਤ ਹਸੈਨ ਦੇ ਸੰਗੀਤ ਵਿੱਚ HMV ਕੰਪਨੀ ਦੋਹਾਂ ਭੈਣਾਂ ਦਾ ਸਦਾ ਬਹਾਰ ਗੀਤ “ਮਾਂਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ “ਰੀਕਾਰਡ ਕੀਤਾ ਜੋ ਇੰਨਾਂ ਦੀ ਗਾਇਕਾਵਾਂ ਦਾ ਮੀਲ ਪੱਥਰ ਬਣ ਗੀਤ ਬਣ ਗਿਆ ।
ਦੇਸ਼ ਦੀ ਵੰਡ ਤੋ ਬਾਦ ਇਹ ਪ੍ਰੀਵਾਰ ਫ਼ਿਰੋਜ਼ਪੁਰ ਰਹਿਣ ਲੱਗਾ ਪਰ ਜਲਦ ਹੀ ਗ਼ਾਜ਼ੀਆ ਬਾਦ ਜਾਕੇ ਵੱਸ ਗਿਆ ਜਿੱਥੇ ਪ੍ਰੋਫੈਸਰ ਜੁਗਿੰਦਰ ਸਿੰਘ ਸੋਢੀ ਨਾਲ ਸੁਰਿੰਦਰ ਕੌਰ  ਦਾ ਵਿਆਹ ਹੋਇਆ । ਪਤੀ ਸੋਢੀ ਜੀ ਨੇ ਸੁਰਿੰਦਰ ਕੌਰ ਦੀ ਗਾਇਕੀ ਦੀ ਕਲਾ ਹੋਰ ਨਿਖਾਰਨ ਵਿੱਚ ਬੇਹੱਦ ਦਿਲੋਂ ਜਾਨ ਨਾਲ ਮਦਦ ਕੀਤੀ।
1952 ਵਿੱਚ ਸੁਰਿੰਦਰ ਕੌਰ ਨੂੰ ਹਿੰਦੀ ਦੇ ਸੰਗੀਤਕਾਰ ਗੁੱਲਾਮ ਹੈਦਰ ਜੀ ਬੰਬਈ ਤੋ ਸੱਦਾ ਆਇਆ ਤੇ ਉੱਨਾਂ ਦੀ ਹਿੰਦੀ ਫਿਲਮ ਵਿੱਚ ਸੁਰਿੰਦਰ ਕੌਰ ਨੇ ਗੀਤ ਗਾਏ ਅਤੇ ਦਲੀਪ ਕੁਮਾਰ ਕਾਮਿਨੀ ਕੌਸ਼ਿਲ ਦੀ ਫਿਲਮ ਸ਼ਹੀਦ ਵਿੱਚ ਵੀ ਗੀਤ ਗਾਏ ਜਿਨਾਂ ਦਾ ਜਾਦੂ ਸਰੋਤਿਆਂ ਦੇ ਸਿਰ ਚੱੜ ਕੇ ਬੋਲਿਆ। 80 ਦੇ ਕਰੀਬ ਗਾਣੇ ਹਿੰਦੀ ਫ਼ਿਲਮਾਂ ਵਿੱਚ ਗਾਏ ਅਤੇ 4 ਪੰਜਾਬੀ ਫਿਲਮਾਂ ਮਦਾਰੀ, ਮੁਟਿਆਰ , ਬਾਲੋ ਤੇ ਸਤਲੁਜ ਦੇ ਕੰਢੇ ਵਿੱਚ 15 ਗਾਣੇ ਗਾਏ।
ਬੰਬਈ ਦੀ ਪਰਦੇ ਪਿੱਛੇ ਪਲੇ ਬੈਕ ਗਾਇਕੀ ਤੋ ਵਿਦਾਇਗੀ ਲੈਕੇ ਦਿੱਲੀ ਆਕੇ ਸੁਰਿੰਦਰ ਕੌਰ ਨੇ ਪੂਰੀ ਤਰਾਂ ਆਪਣੇ ਆਪ ਨੂੰ ਪੰਜਾਬੀ ਗਾਇਕੀ ਦੀ ਰੂਹ ਨੂੰ ਸਮਰਪਿਤ ਕਰ ਦਿੱਤਾ।
ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ,ਚੰਨ ਵੇ ਕਿਥਾਂ ਗੁਜ਼ਾਰੀਆ ਰਾਤ ਵੇ , ਵੇ ਇੱਕ ਮੇਰੀ ਅੱਖ ਕਾਸ਼ਨੀ, ਇੰਨਾ ਅੱਖੀਆਂ ਚ ਪਾਵਾਂ ਕਿਵੇਂ ਕੱਜਲਾ , ਚੰਨ ਵੇ ਕਿ ਸ਼ੌਂਕਣ ਮੇਲੇ ਦੀ ,ਜੁੱਤੀ ਕਸੂਰੀ ਪੈਰੀਂ ਨਾ ਪੂਰੀ , ਲੱਠੇ ਦੀ ਚਾਦਰ ਅਤੇ 2000 ਦੇ ਕਰੀਬ ਬੇ ਮਿਸਾਲ ਗੀਤ  ਪੰਜਾਬੀ ਮਾਂ ਬੋਲੀ ਦੇ ਕਰੋੜਾਂ ਪਰਸੰਸਕਾ ਦਾ ਦਿਲ ਜਿੱਤਿਆ।
ਸੁਰਿੰਦਰ ਕੌਰ ਦੀ ਜੋੜੀ ਆਸਾ ਸਿੰਘ ਮਸਤਾਨਾ ਨਾਲ ਬੇ ਹੱਦ ਕਾਮਯਾਬ ਰਹੀ ਪਰ ਪੰਜਾਬ ਦੇ ਗਾਇਕ ਹਰਚਰਨ ਗਰੇਵਾਲ ਨਾਲ ਗਾਏ ਲੱਕ ਹਿੱਲੇ ਮਜਾਜੱਣ ਜਾਂਦੀ ਦਾ ਅਤੇ ਹੋਰ ਅਨੇਕਾਂ ਗੀਤ ਬੇ ਹੱਦ ਮਕਬੂਲ ਹੋਏ ਹੋਰ ਗਾਇਕਾਂ ਵਿੱਚ ਦੀਦਾਰ ਸੰਧੂ , ਮੁਹੰਮਦ ਸਦੀਕ ,ਕਰਨੈਲ ਗਿੱਲ , ਜਗਜੀਤ ਜੀਰਵੀ ਰਮੇਸ਼ ਰੰਗੀਲਾ ਤੇ ਰਮਤਾ ਜੀ ਨਾਲਵੀ ਗੀਤ ਗਾਏ ।
ਉੱਤਰੀ ਅਮਰੀਕਾ ਵਿੱਚ ਸੁਰਿੰਦਰ ਕੌਰ ਦੇ ਸ਼ੋਅ ਕਰਵਾਉਣ ਦੇ ਮੋਢੀ ਇਕਬਾਲ ਮਾਹਲ ਸਨ ਜਿੰਨਾਂ ਨੂੰ ਸੁਰਿੰਦਰ ਕੌਰ ਆਪਣੇ ਪੁੱਤਰ ਦਾ ਮਾਣ ਦਿੰਦੇ ਸਨ ਤੇ ਇਕਬਾਲ ਮਾਹਲ ਵੀ ਪੁੱਤਰ ਤੋ ਵੱਧ ਬੀਬੀ ਸੁਰਿੰਦਰ ਕੌਰ ਦਾ  ਸਤਿਕਾਰ ਕਾਇਮ ਰੱਖਦੇ ।
ਕੈਨੇਡਾ  ਦੇ ਕੁਝ ਸ਼ੋਅ ਦੌਰਾਨ ਮੈਂਨੂੰ ਵੀ ਸੁਰਿੰਦਰ ਕੌਰ ਜੀ ਦੇ ਸ਼ੋਅ ਵਿੱਚ ਸਟੇਜ ਸੰਭਾਲਣ ਦਾ ਮੌਕਾ ਤੇ ਉੱਨਾਂ ਦਾ ਅਸ਼ੀਰਵਾਦ ਲੈਣ ਦਾ ਸਬੱਬ ਮਾਣ ਮਿਲਿਆ। ਸੁਰਿੰਦਰ ਕੌਰ ਜਿੱਥੇ ਮਾਖਿਂਓਂ ਮਿੱਠੀ ਸੁਰੀਲੀ ਦੇ ਮਲਿਕਾ ਸਨ ਉਥੇ ਖੂਬਸੂਰਤੀ ਅਤੇ ਮਿਕਨਾਤੀਸੀ ਸ਼ਖਸੀਅਤ ਦੇ ਮਲਕਾ ਵੀ ਸਨ
ਸਰੋਤਿਆਂ ਵੱਲੋਂ ਸੁਰਿੰਦਰ ਕੌਰ ਪੰਜਾਬ ਦੀ ਕੋਇਲ ,ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ਡਿਗਰੀ ,ਪੰਜਾਬੀ ਨਾਟਕ ਅਕੈਡਮੀ ਐਵਾਰਡ , ਭਾਰਤ ਸਰਕਾਰ ਵਲੋਂ ਪਦਮ ਸ੍ਰੀ ਦੇ ਖ਼ਿਤਾਬ ਨਾਲ ਨਿਵਾਜਿਆ ।ਪੰਜਾਬ ਦੀ ਖਿੱਚ ਉਹ ਆਪਣੀ ਗਾਇਕਾ ਬੇਟੀ ਡੌਲੀ ਗੁਲੇਰੀਆ ਕੋਲ ਪੰਚਕੁੂਲੇ ਰਹਿਣ ਲੱਗੇ ।
14 ਜੂਨ 2006 ਨੂੰ ਨਿਊ ਜਰਸੀ ਅਮਰੀਕਾ ਵਿੱਚ ਪੰਜਾਬ ਪੰਜਾਬੀਅਤ ਨਾਲ ਗੜੂੰਦ ਇੱਕ ਮਾਣ ਮੱਤੀ ਗਾਇਕਾ ਨੇ ਆਖ਼ਰੀ ਸਵਾਸ ਲਏ । ਪੰਜਾਬ ਦੀ ਕੋਇਲ ਦੀ ਸਦਾ ਬਹਾਰ ਅਵਾਜ਼ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿੱਚ ਗੂੰਜਦੀ ਰਹੇਗੀ।