Headlines

ਸਰੀ ਪੁਲਿਸ ਸਰਵਿਸ ਸਰੀ ਦੀ ਅਧਿਕਾਰਿਤ ਪੁਲਿਸ ਬਣੀ

ਸਰੀ ( ਦੇ ਪ੍ਰ ਬਿ)- ਸਰੀ ਪੁਲਿਸ ਸਰਵਿਸ ਅੱਜ ਸ਼ਹਿਰ ਦੀ ਅਧਿਕਾਰਿਤ ਪੁਲਿਸ ਬਣ ਗਈ ਹੈ। ਇਸ ਸਬੰਧੀ ਅੱਜ ਇਕ ਪ੍ਰੈਸ ਕਾਫਰੰਸ ਦੌਰਾਨ ਉਕਤ ਐਲਾਨ ਸਰੀ ਪੁਲਿਸ ਦੇ ਚੀਫ ਵਲੋਂ ਕੀਤਾ ਗਿਆ। ਆਰ ਸੀ ਐਮ ਪੀ ਦੀ ਟਰਾਂਜੀਸ਼ਨ ਸਾਲ  2026/27 ਤੱਕ ਪੂਰਾ ਹੋਣ ਦੀ ਉਮੀਦ ਹੈ।
ਕੈਨੇਡਾ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪੁਲਿਸਿੰਗ ਪਰਿਵਰਤਨ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਥਾਪਿਤ ਕਰਦਿਆਂ  ਸਰੀ ਪੁਲਿਸ ਸਰਵਿਸ ਨੇ ਸਰੀ ਆਰਸੀਐਮਪੀ ਦੀ ਥਾਂ ਸ਼ਹਿਰ ਦੀ ਅਧਿਕਾਰਿਤ ਪੁਲਿਸ ਵਜੋਂ ਸਥਾਨ ਲਿਆ।
ਭਾਵੇਂਕਿ ਮੁਕੰਮਲ ਟਰਾਂਜੀਸ਼ਨ ਦੇ 2026/27 ਤੱਕ ਪੂਰਾ ਹੋਣ ਦੀ ਉਮੀਦ ਹੈ ਪਰ  29 ਨਵੰਬਰ ਦਾ ਉਹ ਇਤਿਹਾਸਿਕ ਦਿਨ ਹੋ ਨਿਬੜਿਆ ਜਦੋਂ  ਸਰੀ ਆਰ ਸੀ ਐਮ ਪੀ  ਜੋ 1 ਮਈ, 1951 ਤੋਂ ਸ਼ਹਿਰ ਦੀ ਅਧਿਕਾਰਤ ਪੁਲਿਸ ਫੋਰਸ ਹੈ, ਤੋਂ ਵਿਧੀਵਤ ਅਗਵਾਈ ਦਾ ਚਾਰਜ ਸਰੀ ਪੁਲਿਸ ਨੇ ਲੈ ਲਿਆ। ਸਰੀ ਪੁਲਿਸ ਵਿਚ ਇਸ ਸਮੇਂ  446 ਅਫਸਰ ਅਤੇ 73 ਹੋਰ ਸਿਵਲੀਅਨ ਕਰਮਚਾਰੀ ਕਾਰਜਸ਼ੀਲ ਹਨ।
ਸਰੀ ਪੁਲਿਸ ਦੇ  ਚੀਫ  ਨੌਰਮ ਲਿਪਿੰਸਕੀ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਨਵੀਂ ਪੁਲਿਸ ਫੋਰਸ ਵਲੋਂ ਸ਼ਹਿਰ ਦੀ ਸੁਰੱਖਿਆ ਅਤੇ ਸੇਵਾ ਦੇ ਸੰਕਲਪ ਨੂੰ ਦੁਹਰਾਇਆ। ਇਸ ਮੌਕੇ ਸਰੀ ਮੇਅਰ ਬਰੈਂਡਾ ਲੌਕ ਸਮੇਤ ਹੋਰ ਕਈ ਬੁਲਾਰਿਆਂ ਨੇ ਸਰੀ ਪੁਲਿਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ 5 ਨਵੰਬਰ, 2018 ਨੂੰ ਆਪਣੀ ਸ਼ੁਰੂਆਤੀ ਮੀਟਿੰਗ ਵਿੱਚ ਸਾਬਕਾ ਮੇਅਰ ਡੱਗ ਮੈਕਲਮ ਦੀ ਅਗਵਾਈ ਵਾਲੀ ਸਰੀ ਕੌਂਸਲ ਨੇ ਸੂਬਾਈ ਅਤੇ ਸੰਘੀ ਸਰਕਾਰ ਨੂੰ ਨੋਟਿਸ ਦਿੱਤਾ ਸੀ ਕਿ ਉਹ ਆਪਣੀ ਖੁਦ ਦੀ ਪੁਲਿਸ ਫੋਰਸ ਸਥਾਪਤ ਕਰਨ ਲਈ ਆਰ ਸੀ ਐਮ ਪੀ  ਨਾਲ ਆਪਣਾ ਇਕਰਾਰਨਾਮਾ ਖਤਮ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਛੇ ਸਾਲਾਂ ਦੇ ਤਿੱਖੇ ਸੰਘਰਸ਼ ਉਪਰੰਤ ਅੱਜ ਸਰੀ ਪੁਲਿਸ ਸ਼ਹਿਰ ਦੀ ਬਾਕਾਇਦਾ ਪੁਲਿਸ ਫੋਰਸ ਬਣੀ ਹੈ।