Headlines

ਕੌਂਸਲਰ ਰਾਜ ਧਾਲੀਵਾਲ ਨੇ ਟਰੱਕਾਂ ਵਾਲਿਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਟਰੇਡ ਮਨਿਸਟਰ ਨੂੰ ਪੱਤਰ ਲਿਖਿਆ

ਡਰਾਈਵਰਾਂ ਲਈ ਲੋੜੀਂਦੀਆਂ ਥਾਵਾਂ ਤੇ ਵਾਸ਼ਰੂਮ ਬਣਾਉਣ ਦੀ ਮੰਗ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਲਗਪਗ 14 ਲੱਖ ਦੀ ਆਬਾਦੀ ਵਾਲੇ ਕੈਲਗਰੀ ਸ਼ਹਿਰ ਵਿਚ ਪੰਜਾਬੀਆਂ ਦੀ ਭਾਰੀ ਵਸੋਂ ਆਬਾਦ ਹੈ। ਪੰਜਾਬੀਆਂ ਦੀ ਇਸ ਵਸੋਂ ਵਿਚੋਂ ਇਕ ਅਨੁਮਾਨ ਮੁਤਾਬਿਕ  25 ਕੁ ਹਜ਼ਾਰ ਦੇ ਲਗਪਗ ਲੋਕ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਹਨ।  ਇਹਨਾਂ ਟਰੱਕਾਂ ਵਾਲੇ ਵੀਰਾਂ ਦੀਆਂ ਆਪਣੀਆਂ ਕਾਰੋਬਾਰੀ ਸਮੱਸਿਆਵਾਂ ਦੇ ਨਾਲ ਉਹਨਾਂ ਨੂੰ ਢੋਆ ਢੁਆਈ ਦੇ ਦੌਰਾਨ ਸਫਰ ਵਿਚ ਵਾਸ਼ਰੂਮਾਂ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਥਾਈਂ ਕਸਟਮਰ ਵੀ ਉਹਨਾਂ ਨੂੰ ਵਾਸ਼ਰੂਮ ਵਰਤਣ ਦੇਣ ਤੋਂ ਨਾਂਹ ਕਰ ਦਿੰਦੇ ਹਨ। ਟਰੱਕਿੰਗ ਵਿਚ ਲੱਗੇ ਡਰਾਈਵਰਾਂ ਤੇ ਹੋਰ ਸਹਾਇਕ ਸਟਾਫ ਲਈ ਵਾਸ਼ਰੂਮ ਦੀ ਸਹੂਲਤ ਅਤੇ ਉਹਨਾਂ ਦੇ ਇਜਤ ਸਨਮਾਨ ਲਈ ਮਾਹੌਲ ਦੇਣਾ ਸਰਕਾਰਾਂ ਦੀ ਵੱਡੀ ਜਿੰਮੇਵਾਰੀ ਹੈ। ਇਸ ਗੰਭੀਰ ਸਮੱਸਿਆ ਨੂੰ ਸਮਝਦੇ ਹੋਏ ਕੈਲਗਰੀ ਵਾਰਡ ਨੰਬਰ 5 ਦੇ ਕੌਂਸਲਰ ਰਾਜ ਧਾਲੀਵਾਲ ਨੇ ਅਲਬਰਟਾ ਦੇ ਰੋਜ਼ਗਾਰ ਅਤੇ ਟਰੇਡ ਮਨਿਸਟਰ ਨੂੰ ਇਕ ਪੱਤਰ ਲਿਖਦਿਆਂ ਡਰਾਈਵਰਾਂ ਲਈ ਇਜਤ ਸਨਮਾਨ ਦਾ ਮਾਹੌਲ ਤਿਆਰ ਕਰਨ ਅਤੇ ਲੋੜੀਂਦੀਆਂ ਥਾਵਾਂ ਉਪਰ ਵਾਸ਼ਰੂਮ ਬਣਾਏ ਜਾਣ ਦੀ ਮੰਗ ਕੀਤੀ ਹੈ। ਉਹਨਾਂ ਮਨਿਸਟਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਉਸਦੇ ਆਪਣੇ ਵਾਰਡ ਵਿਚ ਵੱਡੀ ਗਿਣਤੀ ਵਿਚ ਟਰੱਕਿੰਗ ਕਾਰੋਬਾਰ ਨਾਲ ਜੁੜੇ ਲੋਕ ਵਸਦੇ ਹਨ। ਇਹਨਾਂ ਚੋ ਬਹੁਤ ਸਾਰੇ ਡਰਾਈਵਰ ਤੇ ਹੋਰ ਉਹਨਾਂ ਨੂੰ ਆਪਣੇ ਕੰਮ ਦੌਰਾਨ ਆਊਂਦੀਆਂ ਮੁਸ਼ਕਲਾਂ ਬਾਰੇ ਦੱਸਦੇ ਹਨ। ਸਭ ਤੋਂ ਵੱਡੀ ਸਮੱਸਿਆ ਉਹਨਾਂ ਲਈ ਕਈ ਥਾਵਾਂ ਉਪਰ ਵਾਸ਼ਰੂਮਾਂ ਦੀ ਘਾਟ ਹੈ। ਉਹਨਾਂ ਕਿਹਾ ਕਿ ਟਰੱਕਿੰਗ ਇੰਡਸਟਰੀ ਅਲਬਰਟਾ ਅਤੇ ਕੈਨੇਡਾ ਦੀ ਆਰਥਿਕਤਾ ਦਾ ਧੁਰਾ ਹੈ। ਟਰੱਕਿੰਗ ਕਾਰੋਬਾਰ ਵਿਚ ਲੱਗੇ ਲੋਕ ਜਿਥੇ ਆਰਥਿਕਤਾ ਵਿਚ ਵੱਡਾ ਯੋਗਦਾਨ ਪਾਉਂਦੇ ਹਨ ਉਥੇ ਜ਼ਰੂਰੀ ਵਸਤਾਂ ਦੀ ਢੋਆ ਢੁਆਈ ਕਰਦਿਆਂ ਲੋਕਾਂ ਅਤੇ ਸਮਾਜ ਦੀ ਬੜੀ ਵੱਡੀ ਸੇਵਾ ਵੀ ਕਰਦੇ ਹਨ। ਉਹਨਾਂ ਆਪਣੇ ਪੱਤਰ ਵਿਚ ਮੰਗ ਕੀਤੀ ਹੈ ਕਿ ਡਰਾਈਵਰ ਭਾਈਚਾਰੇ ਨੂੰ ਬਣਦਾ ਮਾਣ ਸਤਿਕਾਰ ਦਿੰਦਿਆਂ ਉਹਨਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਲੋੜ ਹੈ। ਓਨਟਾਰੀਓ ਵਰਗਾ ਸੂਬਾ ਪਹਿਲਾਂ ਹੀ ਇਸ ਦਿਸ਼ਾ ਵਿਚ ਕਦਮ ਉਠਾ ਚੁੱਕਾ ਹੈ। ਜਿਸਨੂੰ ਵੇਖਦਿਆਂ ਅਲਬਰਟਾ ਨੂੰ ਉਚਿਤ ਕਦਮ ਉਠਾਉਣ ਚਾਹੀਦਾ ਹੈ। ਉਹਨਾਂ ਇਸ ਦੌਰਾਨ ਡਰਾਈਵਰ ਭਾਈਚਾਰੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਸਬੰਧੀ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।