Headlines

ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਬਾਹਰ ਸੇਵਾ ਨਿਭਾਅ ਰਹੇ ਸੁਖਬੀਰ ਬਾਦਲ ਤੇ ਕਾਤਲਾਨਾ ਹਮਲਾ

ਬਾਡੀਗਾਰਡਾਂ ਨੇ ਹਮਲਾਵਾਰ ਕਾਬੂ ਕੀਤਾ- ਹਮਲਾਵਰ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ-

ਅੰਮ੍ਰਿਤਸਰ (ਭੰਗੂ)-ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹੀਆ ਕਰਾਰ ਦਿੱਤੇ ਤੇ ਲਗਾਈ ਗਈ ਸੇਵਾ ਨਿਭਾਅ ਰਹੇ ਅਕਾਲੀ ਆਗੂ  ਸੁਖਬੀਰ ਸਿੰਘ ਬਾਦਲ ਉਸ ਵੇਲੇ ਵਾਲ-ਵਾਲ ਬਚੇ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਹਿਰੇਦਾਰ ਦੀ ਸੇਵਾ ਕਰ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਕੁਝ ਕਦਮਾਂ ਦੀ ਦੂਰੀ ਤੋਂ ਗੋਲੀ ਚਲਾ ਦਿੱਤੀ। ਪਰ ਉਨ੍ਹਾਂ ਦੇ ਕੋਲ ਖੜ੍ਹੇ ਸਿਵਲ ਕਪੜਿਆਂ ਵਾਲੇ ਬਾਡੀਗਾਰਡਾਂ ਨੇ ਹਮਲਾਵਰ ਨੂੰ ਪਿਸਤੌਲ ਤਾਣਦਿਆ ਦੇਖ ਲਿਆ ਅਤੇ ਤੁਰੰਤ ਫੜ ਲਿਆ।ਜਾਣਕਾਰੀ ਅਨੁਸਾਰ ਕਾਬੂ ਕੀਤਾ ਗਿਆ ਵਿਅਕਤੀ ਅਕਾਲ ਫੈਡਰੇਸ਼ਨ ਦਾ ਆਗੂ ਤੇ ਸਾਬਕਾ ਖਾੜਕੂ ਨਰਾਇਣ ਸਿੰਘ ਚੌੜਾ ਹੈ ਜੋ ਕਿ ਪਹਿਲਾਂ ਵੀ ਕੁਝ ਮਾਮਲਿਆਂ ਵਿੱਚ ਜੇਲ੍ਹ ਵਿੱਚ ਰਹਿ ਚੁੱਕਾ ਹੈ। ਇਸ ਦੀ ਖ਼ਬਰ ਮਿਲਦਿਆਂ ਹੀ ਕਈ ਹੋਰ ਅਕਾਲੀ ਆਗੂ ਮੌਕੇ ’ਤੇ ਪੁੱਜ ਗਏ ਸਨ। ਸੁਰੱਖਿਆ ਘੇਰੇ ਨੇ ਤੁਰੰਤ ਸੁਖਬੀਰ ਸਿੰਘ ਬਾਦਲ ਨੂੰ ਘੇਰ ਲਿਆ ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਗੁਰੂ ਚਰਨਾਂ ਵਿੱਚ ਸੇਵਾ ਕਰ ਰਹੇ ਇੱਕ ਵਿਅਕਤੀ ’ਤੇ ਗੋਲੀ ਚਲਾਉਣ ਵਰਗੀ ਅਜਿਹੀ ਕਾਇਰਾਨਾ ਕਾਰਵਾਈ ਕੋਈ ਸਿੱਖ ਨਹੀਂ ਕਰ ਸਕਦਾ ਅਤੇ ਅਜਿਹੇ ਵਿਅਕਤੀ ਨੂੰ ਸਿੱਖ ਕਹਿਣਾ ਗਲਤ ਹੋਵੇਗਾ। ਉਨ੍ਹਾਂ ਕਿਹਾ ਕਿ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ।

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੋਹਾਂ ਆਗੂਆਂ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਪਹਿਰੇਦਾਰ ਵੱਜੋਂ ਸੇਵਾ ਲਾਈ ਗਈ ਸੀ। ਅੱਜ ਉਹ ਦੂਜੇ ਦਿਨ ਇਸ ਸੇਵਾ ਲਈ ਇੱਥੇ ਪੁੱਜੇ ਸਨ।ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਹਮਲੇ ਦੀ ਨਿੰਦਾ ਕਰਦਿਆਂ ਇਸ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਹਮਲਾਵਰ ਬੀਤੇ ਦਿਨ ਤੋਂ ਉੱਥੇ ਘੁੰਮ ਰਿਹਾ ਹੈ ਤਾਂ ਇਸ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਕੌਣ ਹੈ ਨਾਰਾਇਣ ਸਿੰਘ ਚੌੜਾ-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਡਿਊਟੀ ਨਿਭਾਉਣ ਦੌਰਾਨ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ, ਜੋ ਕਿ ਇਕ ਗਰਮ ਖਿਆਲੀ ਫੈਡਰੇਸ਼ਨ ਨਾਲ ਸਬੰਧਤ ਹੈ। ਪੁਲੀਸ ਸੂਤਰਾਂ ਅਨੁਸਾਰ ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਅਕਾਲ ਫੈਡਰੇਸ਼ਨ ਦੇ ਸਾਬਕਾ ਮੁਖੀ ਚੌੜਾ ਨੇ ਸਿੱਖ ਖਾੜਕੂਵਾਦ ਬਾਰੇ ਕਿਤਾਬਾਂ ਲਿਖੀਆਂ ਹਨ। ਚੌੜਾ 1995 ਵਿੱਚ ਭਾਰਤ ਪਰਤਣ ਤੋਂ ਪਹਿਲਾਂ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਹੈ। ਚੌੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਵੀ ਸ਼ੱਕੀ ਸੀ। ਉਹ ਕਥਿਤ ਤੌਰ ’ਤੇ 2004 ਦੇ ਬੁੜੈਲ ਜੇਲ੍ਹ ਭੱਜਣ ਦੇ ਕੇਸ ਵਿੱਚ ਵੀ ਸ਼ਾਮਲ ਸੀ ਜਿੱਥੋਂ ਬੇਅੰਤ ਸਿੰਘ ਦੇ ਕਾਤਲ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਸਮੇਤ ਚਾਰ ਅੰਡਰ ਟਰਾਇਲ ਜੇਲ੍ਹ ਦੀ ਬੈਰਕ ਨੰਬਰ 7 ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਇਹ ਘਟਨਾ 21 ਜਨਵਰੀ 2004 ਦੀ ਰਾਤ ਨੂੰ ਵਾਪਰੀ ਸੀ।

Leave a Reply

Your email address will not be published. Required fields are marked *