ਅੰਮ੍ਰਿਤਸਰ ( ਭੰਗੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2015 ਵਿੱਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ’ਤੇ ਫੌਰੀ ਅਮਲ ਕਰਦਿਆਂ ਤਿੰਨ ਤਤਕਾਲੀ ਜਥੇਦਾਰਾਂ ਖਿਲਾਫ਼ ਕਾਰਵਾਈ ਤਹਿਤ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ, ਜਦੋਂਕਿ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ, ਜੋ ਇਸ ਸਮੇਂ ਸ੍ਰੀ ਅਕਾਲ ਤਖਤ ਦੇ ਹੈੱਡ ਗ੍ਰੰਥੀ ਹਨ, ਦਾ ਤਬਾਦਲਾ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਕਰ ਦਿੱਤਾ ਹੈ।
ਗਿਆਨੀ ਗੁਰਬਚਨ ਸਿੰਘ ਜੋ ਇਸ ਸਮੇਂ ਹਰਿਮੰਦਰ ਸਾਹਿਬ ਸਮੂਹ ਵਿਖੇ ਬਣੇ ਰਿਹਾਇਸ਼ੀ ਘਰਾਂ ਵਿੱਚ ਰਹਿ ਰਹੇ ਹਨ, ਨੂੰ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਵਹੀਰ ਦੇ ਕੋਆਰਡੀਨੇਟਰ ਵਜੋਂ ਦੋ ਵਾਹਨ ਅਤੇ ਪੰਜ ਸੇਵਾਦਾਰ ਦਿੱਤੇ ਹੋਏ ਸਨ। ਉਨ੍ਹਾਂ ਕੋਲੋਂ ਦੋ ਵਾਹਨ ਤੇ ਸੇਵਾਦਾਰ ਵਾਪਸ ਬੁਲਾ ਲਏ ਗਏ ਹਨ। ਧਰਮ ਪ੍ਰਚਾਰ ਵਹੀਰ ਦੇ ਕੋਆਰਡੀਨੇਟਰ ਦੀ ਸੇਵਾ ਵੀ ਵਾਪਸ ਲੈ ਲਈ ਹੈ। ਇਸੇ ਤਰ੍ਹਾਂ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦਾ ਫੌਰੀ ਤਬਾਦਲਾ ਕਰਦਿਆਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਤੋਂ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਵੱਲੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਿੰਘ ਸਾਹਿਬਾਨ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਤਤਕਾਲੀ ਤਿੰਨ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਭੇਜੇ ਗਏ ਸਪਸ਼ਟੀਕਰਨ ਨੂੰ ਗੈਰ-ਤਸੱਲੀਬਖਸ਼ ਕਰਾਰ ਦਿੰਦਿਆਂ ਆਦੇਸ਼ ਕੀਤਾ ਸੀ ਕਿ ਜਦੋਂ ਤੱਕ ਇਹ ਤਿੰਨੋਂ ਇੱਥੇ ਪੇਸ਼ ਹੋ ਕੇ ਗੁਰੂ ਪੰਥ ਕੋਲੋਂ ਮੁਆਫ਼ੀ ਨਹੀਂ ਮੰਗਦੇ, ਇਨ੍ਹਾਂ ’ਤੇ ਜਨਤਕ ਸਮਾਗਮਾਂ ਵਿੱਚ ਬੋਲਣ ਉੱਤੇ ਰੋਕ ਲਾਈ ਜਾਂਦੀ ਹੈ। ਗਿਆਨੀ ਇਕਬਾਲ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੇ ਹਨ। ਇਸ ਮਾਮਲੇ ਵਿੱਚ ਸ਼ਾਮਲ ਸਾਬਕਾ ਜਥੇਦਾਰ ਮਰਹੂਮ ਗਿਆਨੀ ਮੱਲ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ।