Headlines

ਸ੍ਰੀ ਅਕਾਲ ਤਖ਼ਤ ਦਾ ਇਤਿਹਾਸਕ ਫ਼ੈਸਲਾ

ਉਜਾਗਰ ਸਿੰਘ-

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਸਿੱਖ ਸੰਗਤ ਬਾਗੋ ਬਾਗ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਕੁਝ ਜਥੇਦਾਰ ਸਾਹਿਬਾਨ ਵੱਲੋਂ ਸਿੱਖਾਂ ਦੀ ਸਰਵੋਤਮ ਸੰਸਥਾ ਦੇ ਵਕਾਰ ਨੂੰ ਠੇਸ ਪਹੁੰਚਾਈ ਜਾ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ/ਬਜ਼ਰ ਗੁਨਾਹਾਂ ਸੰਬੰਧੀ ਦਿੱਤੇ ਗਏ ਫ਼ੈਸਲਿਆਂ ਨੇ ਅਕਾਲੀ ਫੂਲਾ ਸਿੰਘ ਦੇ ਫ਼ੈਸਲਿਆਂ ਦੀ ਯਾਦ ਮੁੜ ਤਾਜਾ ਕਰਵਾ ਦਿੱਤੀ ਹੈ।  ਇਹ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਨੇ ਸੁਣਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਮਿਸਾਲੀ ਇਤਿਹਾਸਕ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਖੁੱਸੀ ਮਾਣ ਮਰਿਆਦਾ ਨੂੰ ਬਹਾਲ ਕਰਨ ਵਿੱਚ ਵੱਡਾ ਕਦਮ ਹੈ। ਇਸ ਫ਼ੈਸਲੇ ਤੋਂ ਬਾਅਦ ਭਵਿਖ ਵਿੱਚ ਅਕਾਲੀ ਦਲ ਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨੇਤਾ ਪੰਥ ਵਿਰੋਧੀ  ਗ਼ਲਤ ਫ਼ੈਸਲੇ ਨਾ ਤਾਂ ਕਰਵਾ ਸਕਣਗੇ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਠੋਕੇ ਬਣਨ ਦਾ ਹੌਸਲਾ ਕਰਨਗੇ। ਇਸ ਇਤਿਹਾਸਕ ਫ਼ੈਸਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦਾ ਵਕਾਰ ਅਤੇ ਮਾਣ ਮਰਿਆਦਾ ਨੂੰ ਬਰਕਰਾਰ ਕਰ ਦਿੱਤਾ ਹੈ। ਇਨ੍ਹਾਂ ਫ਼ੈਸਲਿਆਂ ਕਰਕੇ ਜਥੇਦਾਰ ਸਾਹਿਬਾਨ ਵਧਾਈ ਦੇ ਪਾਤਰ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੰਚ ਪ੍ਰਧਾਨੀ ਪ੍ਰਣਾਲੀ ਨੂੰ ਹੋਏ ਨੁਕਸਾਨ ਦੀ ਭਰਪਾਈ ਹੋ ਵੀ ਗਈ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਹਮੋ ਸਾਹਮਣੇ  ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਕੇ ਉਨ੍ਹਾਂ ਵੱਲੋਂ ਕੀਤੇ ਗ਼ਲਤ ਫ਼ੈਸਲਿਆਂ/ਬਜ਼ਰ ਗੁਨਾਹਾਂ ਨੂੰ ਸਿੱਧੇ ਸਵਾਲ ਕਰਕੇ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਲਈ ਕਿਹਾ ਹੋਵੇ। ਕੋਈ ਵੀ ਸਿਆਸੀ ਨੇਤਾ ਆਪਣੇ ਗੁਨਾਹਾਂ ਬਾਰੇ ਸਚਾਈ ਮੰਨਣ ਲਈ ਝਿਜਕਿਆ ਨਹੀਂ। ਇਸ ਤੋਂ ਪਹਿਲਾਂ ਇਨ੍ਹਾਂ ਨੇਤਾਵਾਂ ਨੇ ਕਦੀਂ ਵੀ ਆਪਣੀਆਂ ਗ਼ਲਤੀਆਂ ਨਹੀਂ ਮੰਨੀਆਂ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਪੂਰਾ ਹੋਮ ਵਰਕ ਕੀਤਾ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇਤਾਵਾਂ ਦੀਆਂ ਗ਼ਲਤੀਆਂ ਦੇ ਤੱਥਾਂ ਸਮੇਤ ਪੂਰੇ ਸਬੂਤ ਉਨ੍ਹਾਂ ਕੋਲ ਮੌਜੂਦ ਸਨ। ਇਸ ਲਈ ਕੋਈ ਨੇਤਾ ਝੂਠ ਦਾ ਸਹਾਰਾ ਨਹੀਂ ਲੈ ਸਕਿਆ। ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਕਾਨਫਰੰਸ ਦੌਰਾਨ ਅਕਾਲੀ ਦਲ ਨੇ ਪੰਥਕ ਹਿੱਤਾਂ ਤੋਂ ਦੂਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦਾ ਰੂਪ ਦੇ ਦਿੱਤਾ ਤਾਂ ਜੋ ਸਿਆਸੀ ਤਾਕਤ ਸਦਾ ਉਨ੍ਹਾਂ ਦੀ ਝੋਲੀ ਵਿੱਚ ਪੈਂਦੀ ਰਹੇ। ਭਗਤੀ ਤੇ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਨਾ, ਜਥੇਦਾਰ ਸਾਹਿਬਾਨ ਨੂੰ ਆਪਣੇ ਘਰ ਬੁਲਾਉਣਾ ਬਾਦਲ ਪਰਿਵਾਰ ਦੀ ਸਿਆਸੀ ਤਾਕਤ ਨੂੰ ਖੋਖਲਾ ਕਰਨ ਵਿੱਚ ਕਾਰਗਰ ਸਾਬਤ ਹੋਇਆ ਹੈ। ਪੰਥਕ ਵਿਚਾਰਧਾਰਾ ਤੋਂ ਕਿਨਾਰਾ ਕਰਨ ਕਰਕੇ ਸ੍ਰ.ਪਰਕਾਸ਼ ਸਿੰਘ ਬਾਦਲ ਕੌਮੀ ਨੇਤਾ ਬਣਨਾ ਚਾਹੁੰਦੇ ਸਨ ਤੇ ਬਣ ਵੀ ਗਏ ਸਨ ਪ੍ਰੰਤੂ ਫਿਰ ਵੀ ਫ਼ਖ਼ਰੇ ਕੌਮ ਪੰਥਕ ਸੋਚ ਨੂੰ ਤਿਲਾਂਜ਼ਲੀ ਦੇਣ ਕਰਕੇ ਤੱਤਕਾਲੀ ਜਥੇਦਾਰ ਸਾਹਿਬਾਨ ਦੀ ਕ੍ਰਿਪਾ ਨਾਲ ਪ੍ਰਾਪਤ ਕੀਤਾ। ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। 2007 ਤੋਂ 2017 ਤੱਕ ਦੇ ਸਮੇਂ ਦੌਰਾਨ ਮਰਹੂਮ ਸ੍ਰ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਸ ਸਮੇਂ ਦੌਰਾਨ ਸਰਕਾਰ ਦੀਆਂ ਕਾਰਵਾਈਆਂ ਪੰਥਕ ਸੋਚ ਨੂੰ ਖ਼ੋਰਾ ਲਗਾਉਂਦੀਆਂ ਰਹੀਆਂ। ਸ੍ਰ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਅਕਾਲੀ ਨੇਤਾ ਉਸ ਸਰਕਾਰ ਵਿੱਚ ਹਿੱਸੇਦਾਰ ਸਨ ਅਤੇ ਉਹ ਪੰਥਕ ਵਿਚਾਰਧਾਰਾ ਨੂੰ ਛਿੱਕੇ ‘ਤੇ ਟੰਗ ਕੇ ਸਿਆਸੀ ਤਾਕਤ ਦਾ ਆਨੰਦ ਮਾਣਦੇ ਰਹੇ। ਪੰਥ ਦੇ ਹਿੱਤਾਂ ਨੂੰ ਅੱਖੋਂ ਪ੍ਰੋਖੇ ਕਰਦੇ ਰਹੇ। ਸਿਰਸਾ ਡੇਰੇ ਦੇ ਮੁੱਖੀ ਰਾਮ ਰਹੀਮ ਨੂੰ ਮੁਆਫੀ ਦੇਣਾ, ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ 90 ਲੱਖ ਤੋਂ ਉਪਰ ਦੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾ ਕੇ ਨਕਲ ਕਰਨਾ, ਉਸ ਵਿਰੁੱਧ ਕੇਸ ਕੋਰਟ ਵਿੱਚੋਂ ਵਾਪਸ ਲੈਣਾ, ਸੁਮੇਧ ਸਿੰਘ ਸੈਣੀ ਨੂੰ ਡੀ.ਜੀ.ਪੀ.ਲਗਾਉਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਈ ਸਾਰਥਕ ਫ਼ੈਸਲਾ ਨਾ ਕਰਨਾ , ਕੋਟਕਪੂਰਾ ਤੇ ਬਹਿਬਲ ਕਲਾਂ ਦੇ ਕਾਂਡ ਹੋਏ, ਪੰਜਾਬ ਪੁਲਿਸ ਨੇ ਗੋਲੀਆਂ ਚਲਾਕੇ ਦੋ ਨੌਜਵਾਨ ਸ਼ਹੀਦ ਕੀਤੇ ਪ੍ਰੰਤੂ ਸਰਕਾਰ ਨੇ ਕੋਈ ਇਨਸਾਫ਼ ਨਹੀਂ ਦਿੱਤਾ। ਇਹ ਸਾਰੇ ਕੰਮ ਪੰਥ ਵਿਰੋਧੀ ਸਨ। ਸਰਕਾਰ ਗੁਨਾਹ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਦੀ ਰਹੀ। ਬਾਦਲ ਪਰਿਵਾਰ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਆਪਣੀ ਮਰਜ਼ੀ ਅਨੁਸਾਰ ਸਿਆਸੀ ਹਿੱਤਾਂ ਲਈ ਵਰਤਦੇ ਰਹੇ। ਜਥੇਦਾਰ ਸਾਹਿਬਾਨ ਨੇ ਪੰਥਕ ਹਿੱਤਾਂ ‘ਤੇ ਪਹਿਰਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਜਿਹੜੇ ਨੇਤਾਵਾਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਦੇ ਤਿੰਨ ਦਿਨਾ ਵਿੱਚ ਅਸਤੀਫ਼ੇ ਮਨਜ਼ੂਰ ਕਰਕੇ ਸ੍ਰੀ ਅਕਾਲ ਤਖ਼ਤ ਨੂੰ ਜਾਣਕਾਰੀ ਭੇਜਣ ਦੇ ਆਦੇਸ਼ ਦਿੱਤੇ। ਸਾਰੇ ਧੜੇ ਖ਼ਤਮ ਹੋਣਗੇ, ਦਾਗੀ ਤੇ ਬਾਗੀ ਇਕੱਠੇ ਹੋਣਗੇ ਤਾਂ ਪੰਥ ਦੇ ਸੁਨਹਿਰੇ ਭਵਿਖ ਦੀ ਆਸ ਕੀਤੀ ਜਾ ਸਕਦੀ ਹੈ। ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ 7 ਮੈਂਬਰੀ ਕਮੇਟੀ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬਣਾਕੇ 6 ਮਹੀਨੇ ਦੇ ਅੰਦਰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਕਮੇਟੀ ਦੇ ਬਾਕੀ ਮੈਂਬਰ ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ,  ਸੰਤਾ ਸਿੰਘ ਉਮੈਦਪੁਰੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਮਾਇੰਦੇ ਵੱਜੋਂ ਬੀਬੀ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ) ਹਨ। ਇਹ ਕਮੇਟੀ ਵੀ ਨਿਰਪੱਖ ਹੋ ਕੇ ਦੋਵੇਂ ਧੜਿਆਂ ਦੇ ਬਾਰਾਬਰ ਮੈਂਬਰ ਰੱਖ ਕੇ ਬਣਾਈ ਗਈ ਹੈ। ਅਕਾਲੀ ਦਲ ਦੀ ਅਸਲੀ ਮੈਂਬਰਸ਼ਿਪ ਆਧਾਰ ਕਾਰਡ ਦੇ ਸਬੂਤਾਂ ਅਨੁਸਾਰ ਹੋਣ ਨੂੰ ਯਕੀਨੀ ਬਣਾਉਣਾ ਹੋਵੇਗਾ। ਅਖ਼ਬਾਰਾਂ ਲਈ ਦਿੱਤੇ ਇਸ਼ਤਿਹਾਰਾਂ ਦੀ ਰਕਮ ਨੇਤਾਵਾਂ ਤੋਂ ਵਿਆਜ ਸਮੇਤ ਵਾਪਸ ਲੈਣ ਦਾ ਹੁਕਮ ਸ਼ਲਾਘਾਯੋਗ ਹੈ। ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ, ਸੁਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਣੀਕੇ ਤੇ ਡਾ.ਦਲਜੀਤ ਸਿੰਘ ਚੀਮਾ ਅਖ਼ਬਾਰਾਂ ਦੇ ਬਿਲਾਂ ਦੀ ਰਕਮ ਵਿਆਜ਼ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੁੰਧਕ ਕਮੇਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣਗੇ। ਸ੍ਰੀ ਅਕਾਲ ਤਖ਼ਤ ਦੇ ਇਨ੍ਹਾਂ ਫ਼ੈਸਲਿਆਂ ਨਾਲ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ ਹੈ। ਮਰਹੂਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਜਿਸਨੂੰ ਅਕਾਲੀ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ, ਉਸ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਦਿੱਤਾ ਗਿਆ ਫ਼ਖ਼ਰੇ-ਏ-ਕੌਮ ਦਾ ਖ਼ਿਤਾਬ ਵਾਪਸ ਲੈਣਾ ਵਿਲੱਖਣ ਫ਼ੈਸਲਾ ਹੈ, ਇਸ ਫ਼ੈਸਲੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜੇ ਤਖ਼ਤਾਂ ਦੀ ਪ੍ਰਭੁਸਤਾ ਦਾ ਪ੍ਰਗਟਾਵਾ ਕੀਤਾ ਹੈ।

ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਬਾਗੀ ਤੇ ਦਾਗੀ ਨੇਤਾਵਾਂ ਨੂੰ ਦਿੱਤੀ ਗਈ ਮਿਸਾਲੀ ਧਾਰਮਿਕ ਸਜਾ ਦਰਬਾਰ ਸਾਹਿਬ ਅਧੀਨ ਸੰਗਤ ਲਈ ਬਣੇ ਬਾਥਰੂਮਾਂ ਦੀ ਸਫ਼ਾਈ ਕਰਨਾ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਨਿਗਰਾਨੀ ਕਰਨਾ ਆਪਣੇ ਆਪ ਵਿੱਚ ਨੇਤਾਵਾਂ ਲਈ ਸ਼ਰਮਨਾਕ ਹੈ। ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਚੋਲਾ ਪਾ ਕੇ ਬਰਛਾ ਲੈ ਕੇ ਇੱਕ ਘੰਟਾ ਸ੍ਰੀ ਦਰਬਾਰ ਸਾਹਿਬ ਦੀ ਡਿਊਡੀ ਸਾਹਮਣੇ ਬੈਠਣਾ ਵੀ ਕੀਤੀਆਂ ਗ਼ਲਤੀਆਂ ਦਾ ਅਹਿਸਾਸ ਕਰਵਾਏਗਾ। ਇਹ ਸਾਰੇ ਨੇਤਾ ਗਿਆਰਾਂ ਦਿਨ ਬਰਤਨ ਸਾਫ ਕਰਨਗੇ, ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਕੀਰਤਨ ਸਰਵਣ ਕਰਨਗੇ। ਧਾਰਮਿਕ ਸਜਾ ਦੌਰਾਨ ਸਾਰੇ ਨੇਤਾ ਆਪਣੇ ਗਲਾਂ ਵਿੱਚ ਤਖ਼ਤੀਆਂ ਪਾਉਣਗੇ। ਇਹ ਸਜਾ ਦੋ ਦਿਨ ਸ੍ਰੀ ਹਰਿਮੰਦਰ ਸਾਹਿਬ, ਦੋ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ,  ਦੋ ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਦੋ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਭੁਗਤਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਿਹੜੇ ਤਖ਼ਤਾਂ ਦੇ ਜਥੇਦਾਰਾਂ ਨੇ ਡੇਰਾ ਸਿਰਸਾ ਨੂੰ ਮੁਆਫ਼ੀ ਦੇਣ ਸੰਬੰਧੀ ਆਪਣੇ ਸ਼ਪਸ਼ਟੀਕਰਨ ਭੇਜੇ ਸਨ, ਉਨ੍ਹਾਂ ਦੇ ਸ਼ਪਸ਼ਟੀਕਰਨ  ਰੱਦ ਕਰ ਦਿੱਤੇ ਤੇ ਉਨ੍ਹਾਂ ਤਿੰਨਾ ਨੂੰ ਸ੍ਰੀ ਅਕਾਲ ਤਖ਼ਤ ਦੇ ਪੇਸ਼ ਹੋ ਕੇ ਮੁਆਫ਼ੀ ਮੰਗਣ ਦਾ ਹੁਕਮ ਕੀਤਾ ਗਿਆ ਹੈ, ਜਿਤਨੀ ਦੇਰ ਇਹ ਮੁਆਫੀ ਨਹੀਂ ਮੰਗਦੇ ਉਤਨੀ ਦੇਰ ਪਬਲਿਕ ਸਮਾਗਮਾ ਵਿੱਚ ਬੋਲਣ ‘ਤੇ ਰੋਕ ਲਗਾ ਦਿੱਤੀ ਹੈ। ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ 3 ਦਸੰਬਰ 12 ਵਜੇ ਤੱਕ ਵਾਪਸ ਲੈਣ ਲਈ ਵੀ ਕਿਹਾ ਗਿਆ ਹੈ। ਗਿਆਨੀ ਗੁਰਮੁੱਖ ਸਿੰਘ ਦੀ ਬਦਲੀ ਸ੍ਰੀ ਅਕਾਲ ਤਖ਼ਤ ਤੋਂ ਬਾਹਰ ਕਰਨ ਅਤੇ ਕਿਸੇ ਵੀ ਤਖ਼ਤ ‘ਤੇ ਲਗਾਉਣ ਦੀ ਮਨਾਹੀ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਜਿਹੜੇ ਜਥੇਦਾਰ ਪਹਿਲਾਂ ਧਾਰਮਿਕ ਸਜਾਵਾਂ ਲਗਾਉਂਦੇ ਸਨ, ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਨੂੰ ਵੀ ਉਨ੍ਹਾਂ ਤਖ਼ਤਾਂ ਤੋਂ ਸਜਾ ਲਗਾਈ ਜਾ ਸਕਦੀ ਹੈ। ਹਰਵਿੰਦਰ ਸਿੰਘ ਸਰਨਾਂ ਨੂੰ ਗ਼ਲਤ ਬਿਆਨੀ ਕਰਕੇ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਹੈ। ਵਿਰਸਾ ਸਿੰਘ ਵਲਟੋਹਾ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਬਿਆਨਬਾਜ਼ੀ ਤੋਂ ਬਾਜ਼ ਨਾ ਆਇਆ ਤਾਂ ਧਾਰਮਿਕ ਸਜ਼ਾ ਦਿੱਤੀ ਜਾਵੇਗੀ। ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਪਤਿਤ ਹੋਣ ਕਰਕੇ ਮੀਟਿੰਗ ‘ਚੋਂ ਬਾਹਰ ਭੇਜ ਦਿੱਤਾ ਗਿਆ। ਅਕਾਲੀ ਨੇਤਾਵਾਂ ਨੂੰ ਪਹਿਲੀ ਮਾਰਚ ਤੋਂ 30 ਅਪ੍ਰੈਲ 2025 ਤੱਕ 125000 ਬੂਟੇ ਲਗਾਉਣ ਲਈ ਵੀ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਦੇ ਫ਼ੈਸਲੇ ਤੋਂ ਬਾਅਦ ਸਿੱਖ ਜਗਤ ਵਿੱਚ ਸੰਤੁਸ਼ਟੀ ਆ ਗਈ ਹੈ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com