Headlines

ਅਕਾਲੀ ਦਲ ਨੇ ਸੁਖਬੀਰ ਬਾਦਲ ਉਪਰ ਹਮਲੇ ਲਈ ਕਾਂਗਰਸ ਤੇ ਮੁੱਖ ਮੰਤਰੀ ਮਾਨ ਨੂੰ ਘੇਰਿਆ

ਹਾਈ ਕੋਰਟ ਦੀ ਨਿਗਰਾਨੀ ਹੇਠ ਘਟਨਾ ਦੀ ਜਾਂਚ ਮੰਗੀ-
ਕਾਂਗਰਸ ਪਾਰਟੀ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੁਲਜ਼ਮ ਦੀ ਪੁਸ਼ਤਪਨਾਹੀ ਕੀਤੀ-

ਮੁੱਖ ਮੰਤਰੀ ਭਗਵੰਤ ਮਾਨ ’ਤੇ ਝੂਠ ਬੋਲਣ ਅਤੇ ਦੋਸ਼ੀਆਂ ਨੂੰ ਫੜਨ ਦੇ ਝੂਠੇ ਦਾਅਵੇ ਕਰਨ ਦਾ  ਦੋਸ਼-

ਅੰਮ੍ਰਿਤਸਰ, 4 ਦਸੰਬਰ ( ਦੇ ਪ੍ਰ ਬਿ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਹੋਏ ਕਾਤਲਾਨਾ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਪਾਰਟੀ ਨੇ ਕਾਂਗਰਸ ਪਾਰਟੀ ਤੇ ਇਸਦੇ ਸੀਨੀਅਰ ਆਗੂ ਸ ਸੁਖਜਿੰਦਰਸਿੰਘ  ਰੰਧਾਵਾ ’ਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਿਤ ਹਮਲਾਵਰ ਨਰਾਇਣ ਸਿੰਘ ਚੌੜਾ ਦੀ ਪੁਸ਼ਤ-ਪਨਾਹੀ ਕਰਨ ਅਤੇ ਆਮ ਆਦਮੀ ਪਾਰਟੀ (ਆਪ) ’ਤੇ ਇਹ ਹਮਲਾ ਹੋਣ ਦੇਣ ਦੇ ਦੋਸ਼ ਲਗਾਏ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਸ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਕਾਤਲਾਨਾ ਹਮਲੇ ਦਾ ਮਕਸਦ ਪੰਜਾਬ ਵਿਚ ਆਧੁਨਿਕ ਅਕਾਲੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਅਤੇ ਸਰਹੱਦੀ ਸੂਬੇ ਵਿਚ ਫਿਰਕੂ ਵੱਖਰੇਵੇਂ ਪਾ ਕੇ ਸਰਹੱਦੀ ਸੂਬੇ ਦੀ ਸ਼ਾਂਤੀ ਭੰਗ ਕਰਨਾ ਸੀ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਸਾਰੀ ਕਾਰਵਾਈ ਪਿੱਛੇ ਸਾਜ਼ਿਸ਼ ਬੇਨਕਾਬ ਕਰਨ ਲਈ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਰਾਮਦਾਸ ਦੀ ਅਪਾਰ ਬਖਸ਼ਿਸ਼ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਬਚ ਗਏ ਹਨ ਤੇ ਉਹ ਗੋਲੀ ਚੱਲਣ ਦੇ ਬਾਵਜੂਦ ਆਪਣੀ ਸੇਵਾ ਸੰਪੂਰਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਇਹ ਸੇਵਾ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਬੁਜ਼ਦਿਲ ਹਮਲਿਆਂ ਨਾਲ ਡਰਨ ਵਾਲੇ ਨਹੀਂ ਹਾਂ।
ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਤੇ ਮੁਲਜ਼ਮ ਨੂੰ ਫੜਨ ਦੇ ਝੂਠੇ ਦਾਅਵੇ ਕਰਨ ਦੀ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਵੀਡੀਓ ਸਬੂਤ ਵੀ ਪੇਸ਼ ਕੀਤੇ ਕਿ ਸੂਬਾ ਪੁਲਿਸ ਤਾਂ ਅਪਰਾਧ ਵਾਲੀ ਥਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਤੇ ਹਮਲਾਵਰ ਅਤਿਵਾਦੀ ਨੂੰ ਅਕਾਲੀ ਆਗੂ ਦੇ ਨੇੜੇ ਢੁਕਣ ਦਿੱਤਾ ਗਿਆ ਹਾਲਾਂਕਿ ਪੰਜਾਬ ਪੁਲਿਸ ਦਾਅਵੇ ਕਰ ਰਹੀ ਹੈ ਕਿ ਹਮਲਾਵਰ ਪੁਲਿਸ ਦੀ ਨਿਗਰਾਨੀ ਹੇਠ ਸੀ।  ਉਹਨਾਂ ਕਿਹਾ ਕਿ ਇਸ ਸਭ ਤੋਂ ਸੰਕੇਤ ਮਿਲਦੇ ਹਨ ਕਿ ਇਹ ਹਮਲਾ ਗਿਣੀ ਮਿਥੀ ਯੋਜਨਾ ਦਾ ਹਿੱਸਾ ਸੀ ਤੇ ਹਮਲਾਵਰ ਆਈ ਐਸ ਆਈ ਤੇ ਏਜੰਸੀਆਂ ਦਾ ਬੰਦਾ ਹੈ ਜੋ ਸੁਖਜਿੰਦਰ ਸਿੰਘ ਰੰਧਾਵਾ ਦਾ ਨਜ਼ਦੀਕੀ ਹੈ। ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸੁਰੱਖਿਆ ਅਫਸਰ ਜਸਬੀਰ ਸਿੰਘ ਵੱਲੋਂ ਹਮਲੇ ਨੂੰ ਅਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਦਾਰ ਜਸਬੀਰ ਸਿੰਘ ਪਿਛਲੇ 20 ਸਾਲਾਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਦਸਤੇ ਦਾ ਹਿੱਸਾ ਹਨ ਤੇ ਬਾਦਲ ਪਰਿਵਾਰ ਦੇ ਮੈਂਬਰ ਹਨ।
ਹਮਲਾਵਰ ਨਰਾਇਣ ਸਿੰਘ ਚੌੜਾ ਦੇ ਵੇਰਵੇ ਸਾਂਝੇ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਚੌੜਾ ਇਕ ਖ਼ਤਰਨਾਕ ਅਤਿਵਾਦੀ ਹੈ ਜਿਸ ਕੋਲੋਂ ਬੰਬ, ਐਮ ਪੀ 5 ਮਸ਼ੀਨ ਗੰਨ ਤੇ ਏ ਕੇ 47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਸਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਰਾਇਣ ਸਿੰਘ ਚੌੜਾ ਜੋ ਨਰਿੰਦਰ ਸਿੰਘ ਚੌੜਾ ਦਾ ਭਰਾ ਹੈ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਨਰਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪੰਚਾਇਤ ਸੰਮਤੀ ਦਾ ਚੇਅਰਮੈਨ ਬਣਵਾਇਆ ਸੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜਕਾਲ ਵੇਲੇ ਨਰਾਇਣ ਚੌੜਾ ਦੇ ਖਿਲਾਫ ਦੋ ਕੇਸ ਰੱਦ ਕੀਤੇ ਗਏ ਸਨ ਤੇ ਉਸਨੂੰ 2018 ਵਿਚ ਉਦੋਂ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ ਸੀ ਜਦੋਂ ਰੰਧਾਵਾ ਕਾਂਗਰਸ ਪਾਰਟੀ ਦੇ ਮੰਤਰੀ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਰੰਧਾਵਾ ਨੇ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਦੇ ਨਜ਼ਦੀਕੀਆਂ ਨੂੰ ਉਤਸ਼ਾਹਿਤ ਕੀਤਾ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਸੂਬੇ ਦੇ ਡੀਜੀ  ਪੀ ਤੇ ਅੰਮ੍ਰਿਤਸਰ ਦੇ ਪੁਲਿਸ ਮੁਖੀ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਹਨਾਂ ਕਿਹਾ ਕਿ ਪੁਲਿਸ ਇਸ ਗੱਲ ਦਾ ਜਵਾਬ ਦੇਵੇ ਕਿ ਇਕ ਖ਼ਤਰਨਾਕ ਅਤਿਵਾਦੀ ਨੂੰ ਦੋ ਦਿਨਾਂ ਤੱਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਕਿਵੇਂ ਘੁੰਮਣ ਦਿੱਤਾ ਗਿਆ ਅਤੇ ਉਸਨੂੰ ਪਹਿਲਾਂ ਕਿਉਂ ਨਹੀਂ ਫੜਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਇਹ ਵੀ ਦੱਸੇ ਕਿ ਉਸਨੇ ਹਮਲਾਵਰ ਨੂੰ ਸਰਦਰ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕ ਆ ਕੇ ਨੇੜਿਓਂ ਗੋਲੀ ਮਾਰਨ ਲਈ ਮੌਕਾ ਕਿਉਂ ਦਿੱਤਾ ? ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਸਕੀ ਸੀ ਤੇ ਇਸ ਵੱਲੋਂ ਇੰਟੈਲੀਜੈਂਸ ਹੈਡਕੁਆਰਟਰ ’ਤੇ ਹਮਲੇ ਦੇ ਨਾਲ-ਨਾਲ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਵਿਚ ਇੰਟਰ‌ਵਿਊ ਦੇ ਮਾਮਲੇ ਵਿਚ ਵੀ ਕਿਉਂ ਕਾਰਵਾਈ ਨਹੀਂ ਕੀਤੀ ਜਾ ਸਕੀ। ਉਹਨਾਂ ਕਿਹਾ ਕਿ ਹੁਣ ਹਾਲਾਤ ਇਹ ਹੈ ਕਿ ਅੱਜ ’ਗੁਰੂ ਦੇ ਸਿੱਖ’  ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਗੁਰੂ ਘਰ ਦੀ ਸੇਵਾ ਕਰ ਰਹੇ ਹਨ, ਨੂੰ ਇਹ ਸੇਵਾ ਕਰਨ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਫਿਰ ਅਜਿਹੇ ਹਾਲਾਤ ਪੰਜਾਬੀ ਕਿਵੇਂ ਸੁਰੱਖਿਅਤ ਹੋਣਗੇ ?
ਸਰਦਾਰ ਮਜੀਠੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ੍ਰੀ ਹਰਿਮੰਦਿਰ ਸਾਹਿਬ ਵਿਚ ਅਜਿਹਾ ਹਮਲਾ ਕਰਨ ਵਾਲੇ ਨੂੰ ਸਿੱਖ ਨਹੀਂ ਆਖਿਆ ਜਾ ਸਕਦਾ। ਉਹਨਾਂ ਕਿਹਾ ਕਿ ਅਜਿਹੇ ਗਲਤ ਅਨਸਰਾਂ ਨੂੰ ਮੁੜ ਸਿਰ ਚੁੱਕਣ ਦੀ ਆਗਿਆ ਦੇਣ ਨਾਲ ਸਾਡੇ ਸਰਹੱਦੀ ਸੂਬੇ ਲਈ ਖ਼ਤਰਨਾਕ ਹਾਲਾਤ ਸਾਬਤ ਹੋਣਗੇ।