Headlines

ਗ਼ਜ਼ਲ ਮੰਚ ਸਰੀ ਵੱਲੋਂ 8 ਦਸੰਬਰ ਦੇ ਕਾਵਿ-ਸ਼ਾਰ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਜਗਜੀਤ ਨੌਸ਼ਹਿਰਵੀ ਤੇ ਦਲਵੀਰ ਕੌਰ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ-

ਸਰੀ,  (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੰਚ ਵੱਲੋਂ 8 ਦਸੰਬਰ (ਐਤਵਾਰ) ਨੂੰ ਕਰਵਾਏ ਜਾ ਰਹੇ ਕਾਵਿ-ਸ਼ਾਰ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ ਤੇ ਇਸ ਦੀਆਂ ਤਿਆਰੀਆਂ ਸਬੰਧੀ ਮੰਚ ਦੇ ਸ਼ਾਇਰਾਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

ਇਹ ਜਾਣਕਾਰੀ ਦਿੰਦਿਆਂ ਗ਼ਜ਼ਲ ਮੰਚ ਸਰੀ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ 8 ਦਸੰਬਰ 2024 ਨੂੰ ਗ਼ਜ਼ਲ ਮੰਚ ਵੱਲੋਂ ਫਲੀਟਵੁਡ ਕਮਿਊਨਟੀ ਸੈਂਟਰ ਸਰੀ ਵਿਖੇ ਕਾਵਿ-ਸ਼ਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 35 ਦੇ ਕਰੀਬ ਨਵੇਂ ਅਤੇ ਪੁਰਾਣੇ ਸ਼ਾਇਰ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕਰਨਗੇ। ਉਹਨਾਂ ਦੱਸਿਆ ਕਿ ਇਸ ਕਾਵਿ-ਸ਼ਾਰ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਜ਼ਿਆਦਾਤਰ ਨੌਜਵਾਨ ਅਤੇ ਉੱਭਰ ਰਹੇ ਕਵੀ ਆਪਣਾ ਕਲਾਮ ਪੇਸ਼ ਕਰਨਗੇ।

ਮੀਟਿੰਗ ਦੌਰਾਨ ਅਮਰੀਕਾ ਵਸਦੇ ਸ਼ਾਇਰ ਜਗਜੀਤ ਨੌਸ਼ਹਿਰਵੀ ਦੀ ਕਾਵਿ ਪੁਸਤਕ ‘ਹਾਲ ਉਥਾਈਂ ਕਹੀਏ’ ਅਤੇ ਇੰਗਲੈਂਡ ਦੀ ਕਵਿੱਤਰੀ ਦਲਵੀਰ ਕੌਰ ਦਾ ਕਾਵਿ-ਨਿਬੰਧ ‘ਮਨ ਕਸੁੰਭਾ’ ਰਿਲੀਜ਼ ਕੀਤੀਆਂ ਗਈਆਂ। ਜਗਜੀਤ ਨੌਸ਼ਹਿਰਵੀ ਦੀ ਪੁਸਤਕ ਬਾਰੇ ਬੋਲਦਿਆਂ ਜਸਵਿੰਦਰ ਨੇ ਕਿਹਾ ਕਿ ਜਗਜੀਤ ਨੌਸ਼ਹਿਰਵੀ ਦੀ ਸ਼ਾਇਰੀ, ਜ਼ਿੰਦਗੀ ਦੇ ਅਨੇਕ ਪਸਾਰਾਂ ਦੀ ਭਾਵਪੂਰਤ ਤਰਜਮਾਨੀ ਕਰਦੀ ਹੈ। ਉਹਦੀਆਂ ਗ਼ਜ਼ਲਾਂ, ਕਵਿਤਾਵਾਂ ਵਿਚ ਪੰਜਾਬੀ ਰਹਿਤਲ ਦੇ ਗੁਆਚੇ ਰੰਗਾਂ ਦਾ ਵਿਗੋਚਾ ਵੀ ਹੈ ਤੇ ਇਸ ਦੇ ਕਣ ਕਣ ਨੂੰ ਘੁੱਟ ਕੇ ਗਲਵਕੜੀ ਪਾਈ ਰੱਖਣ ਦਾ ਮਲਾਰ ਵੀ ਹੈ। ਫੇਰ ਵੀ ਉਹਦੀ ਅਸੀਮ ਤੜਪ ਤਾਂਘ ਵਿਚ ਰੁਦਨ ਨੂੰ ਕੋਈ ਥਾਂ ਨਹੀਂ। ਉਹ ਜ਼ਿੰਦਗੀ ਦਾ ਆਸ਼ਕ ਹੈ ਤੇ ਉਹਦੀ ਕਾਵਿਕਤਾ ਹਰ ਪਲ ਹਰ ਸਾਹ ਨੂੰ ਕਲਾਵੇ ਵਿਚ ਲੈ ਲੈਂਦੀ ਹੈ। ਉਪਰੰਤ ਰਾਜਵੰਤ ਰਾਜ, ਕ੍ਰਿਸ਼ਨ ਭਨੋਟ, ਦਸ਼ਮੇਸ਼ ਗਿੱਲ ਫਿਰੋਜ਼, ਗੁਰਮੀਤ ਸਿੱਧੂ ਅਤੇ ਪ੍ਰੀਤ ਮਨਪ੍ਰੀਤ ਨੇ ਇਹਨਾਂ ਦੋਹਾਂ ਪੁਸਤਕਾਂ ਵਿਚਲੀਆਂ ਕੁਝ ਕਾਵਿ-ਰਚਨਾਵਾਂ ਸਾਂਝੀਆਂ ਕੀਤੀਆਂ।