ਸਰੀ ( ਦੇ ਪ੍ਰ ਬਿ)- ਸਰੀ ਦੇ ਉਘੇ ਬਿਜਨੈਸਮੈਨ ਤੇ ਪੀਜ਼ਾ 64 ਦੇ ਮਾਲਕ ਸ ਰੁਪਿੰਦਰ ਸਿੰਘ ਢਿੱਲੋਂ ਤੇ ਲਾਡੀ ਢਿੱਲੋਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਸਤਵੰਤ ਕੌਰ ਢਿੱਲੋਂ ਜੋ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਬੀਤੇ ਦਿਨ ਧਾਰਮਿਕ ਰਸਮਾਂ ਤਹਿਤ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ। ਮਾਤਾ ਜੀ ਲਗਪਗ 77 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤੀ ਸ ਗੁਲਜ਼ਾਰ ਸਿੰਘ ਢਿੱਲੋਂ, ਦੋ ਪੁੱਤਰ ਰੁਪਿੰਦਰ ਸਿੰਘ ਢਿੱਲੋਂ, ਲਾਡੀ ਢਿੱਲੋਂ,ਬੇਟੀ ਪਰਮਜੀਤ ਕੌਰ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।
ਮਾਤਾ ਜੀ ਦੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਉਪਰੰਤ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਦੁਪਹਿਰ ਬਾਦ ਗੁਰਦੁਆਰਾ ਬਰੁੱਕਸਾਈਡ ਸਾਹਿਬ 8365-140 ਸਟਰੀਟ ਸਰੀ ਵਿਖੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ, ਸਨੇਹੀ ਤੇ ਭਾਈਚਾਰੇ ਦੇ ਲੋਕ ਹਾਜ਼ਰ ਸਨ। ਭੋਗ ਦੀ ਸਮਾਪਤੀ ਤੇ ਰਾਗੀ ਜਥੇ ਵਲੋਂ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ ਉਪਰੰਤ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ। ਪਰਿਵਾਰ ਵਲੋਂ ਰੂਪ ਢਿੱਲੋ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।