Headlines

ਸੰਪਾਦਕੀ-ਸੁਖਬੀਰ ਬਾਦਲ ਉਪਰ ਹਮਲਾ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਦਾ ਸਵਾਲ…

ਸੁਖਵਿੰਦਰ ਸਿੰਘ ਚੋਹਲਾ-

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਦੁਆਰ ਉਪਰ 4 ਦਸੰਬਰ ਬੁੱਧਵਾਰ ਦੀ ਸਵੇਰ ਨੂੰ ਜੋ ਵਾਪਰਿਆ, ਉਹ ਵਾਪਰਨਾ ਨਹੀ ਸੀ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਤਨਖਾਹ ਮੁਤਾਬਿਕ ਦਰਸ਼ਨੀ ਡਿਊੜੀ ਦੇ ਪ੍ਰਵੇਸ਼ ਦੁਆਰ ਉਪਰ ਸੇਵਾਦਾਰ ਵਾਲਾ ਚੋਲਾ ਪਹਿਨੀ,ਹੱਥ ਵਿਚ ਬਰਛਾ ਫੜਕੇ ਬੈਠੇ, ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਉਪਰ ਕਾਤਲਾਨਾ ਹਮਲਾ ਜਿਥੇ ਅਤਿ ਨਿੰਦਾਜਨਕ ਹੈ ਉਥੇ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਮਾਣ ਮਰਿਯਾਦਾ ਨੂੰ ਭੰਗ ਕਰਨ ਦੀ ਘਟਨਾ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ।  ਇਹ ਦਰਸ਼ਨੀ ਡਿਊੜੀ ਦਾ ਉਹ ਪ੍ਰਵੇਸ਼ ਦੁਆਰ ਹੈ ਜਿਥੋਂ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਤੇ  ਦਰਸ਼ਨਾਂ ਲਈ ਆਉਣ ਵਾਲੇ ਹਰ ਸ਼ਰਧਾਲੂ ਦਾ ਸਿਰ ਆਪ ਮੁਹਾਰੇ ਝੁਕ ਜਾਂਦਾ ਹੈ। ਜਿਥੇ ਜਲਕੁੰਡ ਚੋਂ ਪੈਰ ਧੋਣ ਦੇ ਨਾਲ ਹਿਰਦੇ ਦੀ ਮੈਲ ਵੀ ਉਤਰ ਜਾਂਦੀ ਹੈ ਤੇ ਸਾਹਮਣੇ ਦਾ ਮਨਮੋਹਕ ਦ੍ਰਿਸ਼ ਮਨ ਮਸਤਕ ਵਿਚ ਉਤਰਦਿਆਂ ਮਨੁੱਖ ਧੰਨ ਹੋ ਜਾਂਦਾ ਹੈ। ਹਿਰਦਾ ਨਿਰਮਲ ਤੇ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ। ਅਜਿਹੀ ਪਵਿੱਤਰ ਜਗਾ ਉਪਰ ਅਗਰ ਕੋਈ ਵਿਅਕਤੀ ਸ਼ਰਧਾ ਦੀ ਥਾਂ ਮਨ ਵਿਚ ਪਾਪ ਲੈਕੇ, ਡੱਬ ਚੋ ਰਿਵਾਲਵਰ ਕੱਢੇ ਤੇ ਸੇਵਾ ਵਿਚ ਬੈਠੇ ਕਿਸੇ ਵਿਅਕਤੀ ਉਪਰ ਗੋਲੀ ਚਲਾਵੇ,  ਜਾਨ ਲੈਣੀ ਚਾਹਵੇ ਤਾਂ ਉਹ ਕੋਈ ਸਧਾਰਣ ਵਿਅਕਤੀ ਜਾਂ ਸ਼ਰਧਾਲੂ ਨਹੀਂ ਮਾਨਸਿਕ ਰੋਗੀ ਹੀ ਹੋ ਸਕਦਾ ਹੈ।

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਕਾਲੀ ਆਗੂਆਂ ਨੂੰ 2007 ਤੋਂ 2017 ਤੱਕ ਪੰਜਾਬ ਵਿਚ ਅਕਾਲੀ ਸਰਕਾਰ ਦੇ ਹੁੰਦਿਆਂ, ਸੱਤਾ ਦੇ ਨਸ਼ੇ ਵਿਚ ਹੋਈਆਂ ਗਲਤੀਆਂ, ਭੁੱਲਾਂ ਤੇ ਬੱਜਰ ਗੁਨਾਹਾਂ ਦੀ ਤਲਾਫੀ ਲਈ ਲਗਾਈ ਗਈ ਤਨਖਾਹ ਉਪਰੰਤ ਸੁਖਬੀਰ ਸਿੰਘ ਬਾਦਲ ਵਲੋਂ ਭੁਗਤੀ ਜਾ ਰਹੀ ਸੇਵਾ ( ਤਨਖਾਹ) ਦੌਰਾਨ ਉਸ ਉਪਰ ਹੋਏ ਕਾਤਲਾਨਾ ਹਮਲੇ ਦੀ ਘਟਨਾ ਨੇ ਕਈ ਸਵਾਲ ਖੜੇ ਕੀਤੇ ਹਨ, ਜਿਹਨਾਂ ਵਿਚ ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਸਰਕਾਰ ਦੀ ਨੁਕਤਾਚੀਨੀ ਦੇ ਨਾਲ ਪੱਤਰਕਾਰੀ ਹਲਕਿਆਂ ਤੇ ਆਮ ਲੋਕਾਂ ਵਿਚ ਇਕ ਬਹਿਸ ਜਿਹੀ ਛਿੜੀ ਹੋਈ ਹੈ। ਸੋਸ਼ਲ ਮੀਡੀਆ ਉਪਰ ਜਿਵੇਂ ਦੀਆਂ ਟਿਪਣੀਆਂ ਪੜਨ ਤੇ ਵੇਖਣ ਨੂੰ ਮਿਲ ਰਹੀਆਂ ਹਨ, ਉਹ ਵੀ ਇਸ ਮੁੱਦੇ ਉਪਰ ਕੋਈ ਨਤੀਜਾਮੁਖੀ ਚਰਚਾ ਦੀ ਥਾਂ ਪ੍ਰੇਸ਼ਾਨ ਕਰਨ ਵਾਲੀਆਂ ਹੀ ਹਨ। ਸਭ ਤੋਂ ਪਹਿਲੀ ਗੱਲ, ਇਹ ਘਟਨਾ ਹੈ ਹੀ ਨਿੰਦਾਜਨਕ ਤੇ ਇਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਹਮਲਾਵਰ ਦੀ ਇਸ ਕਾਰਵਾਈ ਨੂੰ ਕਿਸੇ ਵੀ ਤਰਾਂ ਜਾਇਜ਼ ਨਹੀ ਠਹਿਰਾਇਆ ਜਾ ਸਕਦਾ। ਉਸਦੇ ਆਪਣੇ ਜ਼ਜਬਾਤ ਜਾਂ ਨਫਰਤ ਨੂੰ ਸਿੱਖ ਸਿਧਾਂਤਾਂ ਜਾਂ ਭਾਵਨਾਵਾਂ ਉਪਰ ਭਾਰੂ ਨਹੀ ਹੋਣ ਦਿੱਤਾ ਜਾ ਸਕਦਾ। ਪਰ ਇਸ ਦੌਰਾਨ ਕੁਝ ਲੋਕਾਂ ਵਲੋਂ ਹਮਲਾਵਰ ਦੀ ਉਸਤਤਿ ਕਰਨ ਦੀ ਕੋਸ਼ਿਸ਼, ਉਸ ਵਲੋਂ ਕੀਤੇ ਹਮਲੇ ਨੂੰ ਸਿੱਖ ਭਾਵਨਾਵਾਂ ਨਾਲ ਜੋੜਨ ਤੇ ਪਗੜੀ ਉਛਾਲੇ ਜਾਣ ਨੂੰ ਚਰਚਾ ਵਿਚ ਭਾਰੂ ਪਾਉਣ ਦੀਆਂ ਕੋਸ਼ਿਸ਼ਾਂ ਗੰਭੀਰ ਸਵਾਲ ਖੜੇ ਕਰਦੀਆਂ ਹਨ। ਉਸਦੀ ਤਰਫਦਾਰੀ ਕਰਨ ਵਾਲੇ ਲੋਕ ਸਮਝਦੇ ਹਨ ਕਿ ਹਮਲਾਵਰ ਕਿਸੇ ਇਕ ਵਿਚਾਰਧਾਰਾ ਦੀ ਨੁਮਾਇੰਦਗੀ ਕਰਦਾ ਹੈ। ਉਹ ਲੋਕ ਜੀਅ ਸਦਕੇ ਆਪਣੀ ਵਿਚਾਰਧਾਰਾ ਪ੍ਰਤੀ ਸੁਹਿਰਦ ਹੋਣ ਦੇ ਦਾਅਵੇ ਜਿਤਾਉਣ ਪਰ ਉਹਨਾਂ ਨੂੰ ਅਜਿਹਾ ਕਰਦਿਆਂ ਇਹ ਹਰਗਿਜ਼ ਨਹੀਂ ਭੁਲਣਾ ਚਾਹੀਦਾ ਹੈ ਕਿ ਜਿਸ ਹਮਲਾਵਰ ਨੂੰ ਉਹ ਵਿਦਵਾਨ ਤੇ ਵਿਚਾਰਧਾਰਾ ਨੂੰ ਸਮਰਪਿਤ ਵਿਅਕਤੀ ਵਜੋਂ ਪ੍ਰਚਾਰਨ ਦਾ ਯਤਨ ਕਰ ਰਹੇ ਹਨ, ਉਸਨੇ ਜੋ ਕਾਰਵਾਈ ਕੀਤੀ ਹੈ, ਉਹ ਗੁਰੂ ਘਰ ਦੇ ਦੋਖੀਆਂ ਵਾਲੀ ਹੈ, ਸ਼ਰਧਾਲੂਆਂ ਵਾਲੀ ਨਹੀ। ਉਸਦੀ ਇਸ ਕਾਰਵਾਈ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਸੋਚ ਜੋ 40 ਸਾਲ ਪਹਿਲਾਂ ਜਿਥੇ ਸੀ, ਅੱਜ ਵੀ ਉਥੇ ਹੀ ਖੜੀ ਹੈ। ਉਸਨੇ ਤੇ ਉਸਦੇ ਹਮਖਿਆਲ ਲੋਕਾਂ ਨੇ ਬੀਤੇ ਦੇ ਨਫੇ ਨੁਕਸਾਨ ਦਾ ਕੋਈ ਮੰਥਨ ਕਰਨ ਦਾ ਯਤਨ ਨਹੀ ਕੀਤਾ। ਸ਼ਾਇਦ ਇਸੇ ਲਈ ‘ਦਾਨਿਸ਼ਵਰ ਹਮਲਾਵਰ’ ਨੇ ਆਪਣੇ ‘ਦੁਸ਼ਮਣ’ ਖਿਲਾਫ ਐਕਸ਼ਨ ਦੀ ਹੜਬੜੀ ਵਿਚ ਸਮਾਂ ਤੇ ਸਥਾਨ ਦੀ ਚੋਣ ਕਰਦਿਆਂ ਸਚਖੰਡ ਦੀ ਪਵਿੱਤਰਤਾ ਨੂੰ ਵੀ ਟਿਚ ਜਾਣਿਆ।

ਹਮਲਾਵਰ ਦਾ ਪੱਖ ਪੂਰਨ ਵਾਲੇ ਕੁਝ ਵਿਚਾਰਕਾਂ ਦਾ ਮਤ  ਹੈ ਕਿ ਉਹ ਅਕਾਲ ਤਖਤ ਵਲੋਂ ਗੁਰੂ ਦੇ ਗੁਨਾਹਗਾਰਾਂ ਨੂੰ ਲਗਾਈ ਤਨਖਾਹ ਤੋਂ ਸੰਤੁਸ਼ਟ ਨਹੀ ਸੀ, ਇਸ ਲਈ ਉਸਨੇ ਜਜਬਾਤੀ ਹੁੰਦਿਆਂ ਇਹ ਵੱਡਾ ਕਾਂਡ ਕਰ ਦਿੱਤਾ। ਕੌਣ ਜਾਣੇ ਕਿ ਹਮਲਾਵਰ ਦੇ ਇਸ ਜਜ਼ਬਾਤੀ ਫੈਸਲੇ ਪਿੱਛੇ ਉਸਦੀ ਆਪਣੀ ਸੋਚ ਸੀ ਜਾਂ ਕੁਝ ਹੋਰ। ਕੀ ਉਹ ਦੱਸ ਸਕਦੇ  ਹਨ ਕਿ ਅਕਾਲ ਤਖਤ ਦੇ ਜਥੇਦਾਰ ਕਿਸੇ ਗੁਨਾਹਗਾਰ ਨੂੰ ਧਾਰਮਿਕ ਸਜ਼ਾ ਤੋਂ ਬਿਨਾਂ ਕਿਸੇ ਜਿਸਮਾਨੀ ਤਸ਼ੱਦਦ ਦਾ ਵੀ ਫਤਵਾ ਲਗਾ ਸਕਦੇ ਹਨ? ਅਕਾਲ ਤਖਤ ਉਪਰ ਕਿਸੇ ਗੁਨਾਹਗਾਰ ਵਲੋਂ ਪੇਸ਼ ਹੋਣਾ ਤੇ ਮੁਆਫੀ ਲਈ ਜੋਦੜੀ ਕਰਨਾ ਹੀ ਅਹਿਮ ਹੈ, ਆਪਣੇ ਗੁਨਾਹਾਂ ਨੂੰ ਕਬੂਲ ਲੈਣਾ ਹੀ ਗੁਰੂ ਦੀ ਸ਼ਰਨ ਵਿਚ ਆਉਣਾ ਹੈ। ਅਕਾਲੀ ਲੀਡਰਸ਼ਿਪ ਵਲੋਂ ਅਜਿਹਾ ਕਰਦਿਆਂ ਉਸ ਮਹਾਨ ਸੰਸਥਾ ਦੀ ਪ੍ਰਤਿਸ਼ਠਾ ਤੇ ਸ਼ਾਨ ਵਿਚ ਵਾਧਾ ਹੋਇਆ ਹੈ। ਪਰ ਹਮਲਾਵਰ ਦੀ ਇਸ ਹਰਕਤ ਨੇ ਮਹਾਨ ਸੰਸਥਾ ਦੇ ਮਾਣ ਸਨਮਾਨ ਨੂੰ ਵੱਡੀ ਠੇਸ ਪਹੁੰਚਾਈ ਹੈ। ਸਿੱਖ ਪੰਥ ਵਿਚ ਵਿਚਾਰਧਾਰਕ ਵਖਰੇਵਿਆਂ ਉਪਰ ਬਹਿਸ ਦੇ ਕਈ ਪੱਖ ਹੋ ਸਕਦੇ ਹਨ ਪਰ ਇਸ ਘੜੀ ਦਰਬਾਰ ਸਾਹਿਬ ਵਿਖੇ ਵਾਪਰੀ ਇਸ ਘਟਨਾ ਨੂੰ ਇਹਨਾਂ ਵਖਰੇਵਿਆਂ ਤੋਂ ਉਪਰ ਗੁਰੂ ਘਰ ਦੀ ਮਾਣ ਮਰਿਯਾਦਾ ਨਾਲ ਜੋੜਕੇ ਹੀ ਵੇਖਿਆ ਜਾਣਾ ਬਣਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਵਲੋਂ ਇਸ ਘਟਨਾ ਦੀ ਪ੍ਰਸਾਸ਼ਨਿਕ ਪੱਧਰ ਤੇ ਜਾਂਚ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਤੇ ਅਕਾਲੀ ਆਗੂ ਦੇ ਜਾਨੀ ਨੁਕਸਾਨ ਤੋਂ ਬਚਾਅ ਲਈ ਪੁਲਿਸ ਤੰਤਰ ਦੀ ਪਿੱਠ ਵੀ ਥਾਪੜੀ ਹੈ। ਦੂਸਰੇ ਪਾਸੇ ਅਕਾਲੀ ਦਲ ਨੇ ਇਸ ਹਮਲੇ ਦੀ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਇਸ ਪਿੱਛੇ ਗਹਿਰੀ ਸਾਜਿਸ਼ ਹੋਣ ਦੇ ਦੋਸ਼ ਲਗਾਏ ਹਨ। ਘਟਨਾ ਤੋਂ ਇਕ ਦਿਨ ਪਹਿਲਾਂ ਹਮਲਾਵਰ ਵਲੋਂ ਇਕ ਪੁਲਿਸ ਅਧਿਕਾਰੀ ਨਾਲ ਬਗਲਗੀਰ ਹੋਣ ਦੀ ਵੀਡੀਓ ਇਹ ਦੱਸਣ ਲਈ ਕਾਫੀ ਹੈ ਕਿ ਪੁਲਿਸ ਨੂੰ ਉਸਦੀ ਮੌਜੂਦਗੀ ਦੀ ਜਾਣਕਾਰੀ ਸੀ ਪਰ ਉਹ ਅਕਾਲੀ ਆਗੂ ਦੇ ਨੇੜੇ ਆਟੋਮੈਟਿਕ ਹਥਿਆਰ ਲੈਕੇ ਕਿਵੇਂ ਪੁੱਜਾ, ਇਸਦਾ ਜਵਾਬ ਲੱਭਣ ਦੀ ਲੋੜ ਹੈ। ਖੁਫੀਆ ਤੰਤਰ ਹਮਲਾਵਰ ਦੀਆਂ ਪੁਰਾਣੀਆਂ ਵੀਡੀਓਜ਼ ਜਿਹਨਾਂ ਵਿਚ ਉਹ ਆਪਣੇ ਦੁਸ਼ਮਣਾਂ ਨੂੰ ਸਿੱਝਣ ਦੀਆਂ ਸ਼ਰੇਆਮ ਗੱਲਾਂ ਕਰਦਾ ਹੈ, ਆਪਣੇ ਦਾਅਵਿਆਂ ਉਪਰ ਕਾਇਮ ਹੋਣ ਦੀ ਰੱਟ ਲਗਾਉਂਦਾ ਹੈ, ਪ੍ਰਤੀ ਪੁਲਿਸ ਦਾ ਖੁਫੀਆ ਤੰਤਰ ਅਵੇਸਲਾ ਕਿਵੇਂ ਹੋ ਸਕਦਾ ਹੈ। ਪੁਲਿਸ ਤੇ ਖੁਫੀਆ ਤੰਤਰ ਦੇ ਇਸ ਅਵੇਸਲੇਪਣ ਦਾ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ। ਇਹ ਤਾਂ ਉਹ ਜਾਂਬਾਜ ਸੁਰੱਖਿਆ ਕਰਮੀ ਸੀ ਜਿਸ ਦੀ ਦਲੇਰੀ ਨੇ ਇਸ ਘਟਨਾ ਨੂੰ ਟਾਲਣ ਦਾ ਵੀ ਇਕ ਇਤਿਹਾਸ ਸਿਰਜ ਦਿੱਤਾ। ਗੁਰੂ ਦੀ ਬਖਸ਼ਿਸ਼ ਰਹੀ ਕਿ ਜਥੇਦਾਰਾਂ ਦੇ ਫੈਸਲੇ ਨੂੰ ਕੋਈ ਆਂਚ ਨਹੀ ਆਈ,  ਵਰਨਾ ਦਰਸ਼ਨੀ ਡਿਊੜੀ ਦਾ ਛੱਜਾ ਵਿੰਨਣ ਵਾਲੀ ਗੋਲੀ, ਕੋਈ ਵੀ ਭਾਣਾ ਵਰਤਾ ਸਕਦੀ ਸੀ। ਕੁਝ ਲੋਕ ਇਸ ਸਾਰੇ ਘਟਨਾਕ੍ਰਮ ਨੂੰ ਧਰਮ ਦੀ ਆੜ ਹੇਠ ਇਕ ਸਿਆਸੀ ਡਰਾਮਾ ਵੀ ਕਰਾਰ ਦਿੰਦੇ ਹਨ ਪਰ ਇਹ ਯਾਦ ਰੱਖਣ ਯੋਗ ਹੈ ਕਿ ਜਿੰਦਗੀ ਦੇ ਰੰਗਮੰਚ ਉਪਰ ਕੋਈ ਵੀ ਸੰਵੇਦਨਸ਼ੀਲ ਘਟਨਾ ਡਰਾਮਾ ਨਹੀ ਹੁੰਦੀ। ਲੋਕ ਸਿਆਣੇ ਦਰਸ਼ਕ ਹਨ, ਇਸਦਾ ਫੈਸਲਾ ਵੀ ਉਹ ਜ਼ਰੂਰ ਕਰ ਲੈਣਗੇ।