Headlines

ਮਜੀਠੀਆ ਨੇ ਸੁਖਬੀਰ ਤੇ ਹਮਲੇ ਦੀ ਸਾਜਿਸ਼ ਵਿਚ ਪੰਜਾਬ ਪੁਲਿਸ ਤੇ ਉਂਗਲ ਉਠਾਈ

ਸਬੂਤ ਵਜੋਂ ਕਈ ਵੀਡੀਓ ਫੁਟੇਜ ਦਿਖਾਈਆਂ-

ਚੰਡੀਗੜ  7 ਦਸੰਬਰ ( ਭੰਗੂ)-

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਲਈ ਪੰਜਾਬ ਪੁਲੀਸ ’ਤੇ ਉਂਗਲ ਉਠਾਈ। ਉਨ੍ਹਾਂ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਰਬਾਰ ਸਾਹਿਬ ਦੀਆਂ ਕਈ ਵੀਡੀਓਜ਼ ਦਿਖਾਈਆਂ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਹਮਲਾਵਰ ਨਰਾਇਣ ਸਿੰਘ ਚੌੜਾ ਅਤੇ ਐੱਸਪੀ ਹਰਪਾਲ ਸਿੰਘ ਰੰਧਾਵਾ ਦਰਮਿਆਨ ਲਗਾਤਾਰ ਸੰਪਰਕ ਰਿਹਾ। ਉਹਨਾਂ ਦੋਸ਼ ਲਗਾਇਆ ਕਿ ਵੀਡੀਓਜ ਵਿਚ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਕਿਵੇਂ ਪੰਜਾਬ ਪੁਲਿਸ ਦੇ ਅਧਿਕਾਰੀ ਹਮਲਾਵਰ ਨੂੰ ਹਮਲੇ ਦੀ ਤਿਆਰੀ ਵਿਚ ਸਹਿਯੋਗੀ ਬਣੇ ਰਹੇ।  ਸ੍ਰੀ ਮਜੀਠੀਆ ਨੇ ਦਿਖਾਇਆ ਕਿ ਨਰਾਇਣ ਸਿੰਘ ਚੌੜਾ ਘਟਨਾ ਵਾਲੇ ਦਿਨ ਕਰੀਬ ਚਾਰ ਵਾਰ ਸ੍ਰੀ ਦਰਬਾਰ ਸਾਹਿਬ ਅੰਦਰ ਆਇਆ ਤੇ ਬਾਹਰ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਹਮਲੇ ਦੀ ਸਕ੍ਰਿਪਟ ਭਗਵੰਤ ਮਾਨ ਸਰਕਾਰ ਨੇ ਹੀ ਲਿਖੀ ਸੀ। ਉਨ੍ਹਾਂ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਨਰਾਇਣ ਸਿੰਘ ਚੌੜਾ ਦੇ ਪਾਕਿਸਤਾਨ ਨਾਲ ਸਬੰਧਾਂ ਬਾਰੇ ਸੁਆਲ ਕੀਤੇ। ਉਨ੍ਹਾਂ ਕਿਹਾ ਕਿ ਵਿਦੇਸ਼ ਬੈਠੇ ਕੁਝ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਸ੍ਰੀ ਮਜੀਠੀਆ ਨੇ ਕਿਹਾ ਕਿ ਜਦੋਂ ਨਰੈਣ ਸਿੰਘ ਚੌੜਾ ਕਈ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਵਾਰ-ਵਾਰ ਆ ਰਿਹਾ ਸੀ ਤਾਂ ਪੁਲੀਸ ਨੇ ਇਸ ’ਤੇ ਕੋਈ ਨਿਗ੍ਹਾ ਕਿਉਂ ਨਹੀਂ ਰੱਖੀ। ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ  ਪੰਜਾਬ ਪੁਲੀਸ ਦੀ ਜਾਂਚ ਨੂੰ ਰੱਦ ਕਰ ਦਿੱਤਾ। ਬਿਕਰਮ ਸਿੰਘ ਮਜੀਠੀਆ ਨੇ  ਕਿਹਾ ਕਿ ਅਕਾਲੀ ਦਲ ਦਾ ਵਫ਼ਦ ਛੇਤੀ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਮਿਲਣ ਲਈ ਸਮਾਂ ਮੰਗੇਗਾ ਤੇ ਨਿਰਪੱਖ ਤੇ ਆਜ਼ਾਦ ਜਾਂਚ ਦੀ ਮੰਗ ਕਰੇਗਾ। ਇਸ ਦੌਰਾਨ ਉਹਨਾਂ ਨੇ ਚੌੜਾ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਬਰਫੀ ਲੈਕੇ ਪੁੱਜੀ ਇਕ ਔਰਤ ਵਲੋਂ ਉਹਨਾਂ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਉਪਰ ਵੀ ਸਵਾਲ ਚੁੱਕੇ। ਉਹਨਾਂ ਪੁੱਛਿਆ ਕਿ ਪੁਲਿਸ ਦੀ ਹਾਜ਼ਰੀ ਵਿਚ ਉਕਤ ਔਰਤ ਨੇ ਇਹ ਸਭ ਕਰਨ ਦਾ ਮੌਕਾ ਕਿਵੇਂ ਦਿੱਤਾ ਗਿਆ।ਉਹਨਾਂ ਹੋਰ ਕਿਹਾ ਕਿ ਉਸ ਔਰਤ ਪਿੱਛੇ ਕੰਮ ਕਰਨ ਵਾਲੀਆਂ ਤਾਕਤਾਂ ਨੂੰ ਵੀ ਜਲਦ ਬੇਪਰਦ ਕਰਨਗੇ।