Headlines

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਵਿਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਮੁੱਦਾ ਉਠਾਇਆ

ਨਵੀਂ ਦਿੱਲੀ, 7 ਦਸੰਬਰ ( ਦਿਓਲ)- ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮੁੱਦਾ ਉਠਾਉਂਦਿਆਂ ਸਰਕਾਰ ਤੋਂ ਇਸ ਦੁਰਲਭ ਖਜ਼ਾਨੇ ਦੇ ਗੁੰਮ ਹੋਣ ਬਾਰੇ ਜਾਣਕਾਰੀ ਮੰਗੀ ਹੈ। ਉਹਨਾਂ ਸਦਨ ਵਿਚ ਬੋਲਦਿਆਂ ਕਿਹਾ ਕਿ ਜੂਨ  1984 ਵਿੱਚ ਸ੍ਰੀ ਹਰਮੰਦਿਰ ਸਾਹਿਬ ’ਤੇ ਹੋਏ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ। ਲਾਇਬ੍ਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਅਤੇ ਦੁਰਲੱਭ ਰਚਨਾਵਾਂ ਤੋਂ ਇਲਾਵਾ ਹੋਰ ਧਾਰਮਿਕ ਤੇ ਸਾਹਿਤ ਭੰਡਾਰ ਵੀ ਮੌਜੂਦ ਸੀ।

 ਸ ਸੰਧੂ ਨੇ ਸਦਨ ’ਚ ਕਿਹਾ ਕਿ 40 ਸਾਲ ਪਹਿਲਾਂ ਕਾਂਗਰਸ ਹਕੂਮਤ ਨੇ ਸ੍ਰੀ ਹਰਮਿੰਦਰ ਸਾਹਿਬ ’ਤੇ ਹਮਲਾ ਕੀਤਾ ਸੀ ਅਤੇ ਇਸ ਹਮਲੇ ’ਚ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਨੁਕਸਾਨ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਗੁਰੂਆਂ ਅਤੇ ਸੰਤਾਂ ਤੋਂ ਇਲਾਵਾ ਭਗਤਾਂ ਦੀਆਂ ਦੁਰਲੱਭ ਰਚਨਾਵਾਂ ਸਣੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਵੀ ਨੁਕਸਾਨੇ ਗਏ ਜਾਂ ਫਿਰ ਏਜੰਸੀਆਂ ਵੱਲੋਂ ਜ਼ਬਤ ਕਰ ਲਏ ਗਏ। ਸ੍ਰੀ ਸੰਧੂ ਨੇ ਇਸ ਮਾਮਲੇ ’ਤੇ ਸਪੱਸ਼ਟੀਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਇਹ ਵੀ ਮੰਗ ਉਠਾਈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ’ਚੋਂ ਗ਼ਾਇਬ ਸਾਰੀਆਂ ਅਹਿਮ ਹੱਥ ਲਿਖਤਾਂ ਉਸੇ ਰੂਪ ਵਿੱਚ ਮੁੜ ਤੋਂ ਸਥਾਪਿਤ ਕੀਤੀਆਂ ਜਾਣ।

ਸੰਸਦ ਮੈਂਬਰ ਸੰਧੂ ਨੇ ਇਸ ਮਾਮਲੇ ’ਤੇ ਚਰਚਾ ਕਰਦਿਆਂ ਨਾਲੰਦਾ ਯੂਨੀਵਰਸਿਟੀ ਬਾਰੇ 13ਵੀਂ ਸਦੀ ਵਿੱਚ ਫ਼ਾਰਸੀ ਇਤਿਹਾਸਕਾਰ ਮਿਨਹਾਸ ਅਲ-ਸਿਰਾਜ ਦੇ ਹਵਾਲੇ ਨਾਲ ਕਿਹਾ ਕਿ ਖਿਲਜੀ ਨੇ ਗਿਆਨ ਦੀ ਪੂਰੀ ਪ੍ਰਥਾ ਦੇ ਖ਼ਾਤਮੇ ਲਈ ਨਾਲੰਦਾ ਨੂੰ ਤਬਾਹ ਕਰ ਦਿੱਤਾ ਗਿਆ ਸੀ ਕਿਉਂਕਿ ਪੁਸਤਕਾਂ ਮਾਨਵਤਾ ਲਈ ਰਾਹ ਦਸੇਰਾ ਬਣਦੀਆਂ ਹਨ। ਉਨ੍ਹਾਂ ਮੀਡੀਆ ਤੇ ਐੱਸਜੀਪੀਸੀ ਦੀ ਇੱਕ ਰਿਪੋਰਟ ਦੇ ਵੇਰਵੇ ਪੇਸ਼ ਕਰਦਿਆਂ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ 12,613 ਦੁਰਲੱਭ ਪੁਸਤਕਾਂ ਅਤੇ 512 ਹੱਥ ਲਿਖਤ ਬੀੜ, 2500 ਦੇ ਕਰੀਬ ਹੱਥ ਲਿਖਤ ਸਿੱਖ ਧਾਰਮਿਕ ਗ੍ਰੰਥ ਤੇ 20-25 ਹੁਕਮਨਾਮੇ ਸਨ। 1984 ਤੋਂ ਲੈ ਕੇ ਹੁਣ ਤੱਕ ਐੱਸਜੀਪੀਸੀ ਸਣੇ ਸਿੱਖਾਂ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਇਹ ਮੁੱਦਾ ਉਠਾਉਂਦਿਆਂ ਰਹੀਆਂ ਹਨ, ਪਰ ਹਾਲੇ ਤੱਕ ਇਸ ਦਾ ਹੱਲ ਨਹੀਂ ਹੋ ਸਕਿਆ ਹੈ।