Headlines

ਜਦੋਂ ਨਿਮਾਣੇ ਜਿਹੇ ਪੱਤਰਕਾਰ ਨੇ ‘ਬਣਾਉਟੀ ਚਤਰਾਈ’ ਪੜ੍ਹਨੇ ਪਾਈ

 

ਬਖ਼ਸ਼ਿੰਦਰ-
ਇਕ ਦਿਨ ਨਿਊ ਯਾਰਕ ਦੀਆਂ ਸੜਕਾਂ ਉੱਤੇ ਫਿਰਦਿਆਂ ਥੱਕ ਕੇ, ਆਪਣੇ ਹੋਟਲ ਤਕ ਜਾਣ ਖ਼ਾਤਰ ਕੋਈ ਟੈਕਸੀ ਲੱਭ ਰਿਹਾ ਸਾਂ ਕਿ ਮੇਰੀ ਨਜ਼ਰ, ਬੁੱਤ ਵਰਗੀ ਲੱਗਦੀ ਇਕ ਬਹੁਮੰਜ਼ਿਲੀ ਇਮਾਰਤ ਵੱਲ ਚਲੀ ਗਈ। ਮੈਂ ਉਸ ਦੀਆਂ ਕੁੱਝ ਤਸਵੀਰਾਂ ਖਿੱਚਣ ਲਈ ਤੇ ਉਸ ਨੂੰ ਨੇੜਿਓਂ ਦੇਖਣ ਦੀ ਤਲਬ ਸ਼ਾਂਤ ਕਰਨ ਲਈ, ਉਸ ਵੱਲ ਨੂੰ ਹੋ ਤੁਰਿਆ। ਟੈਕਸੀ ਲੱਭਣੀ ਭੁੱਲ ਕੇ, ਮੈਂ ਉਸ ਇਮਾਰਤ ਦੀ ਪਰਿਕਰਮਾ ਕਰਨ ਲੱਗ ਪਿਆ। ਇਸ ਦੌਰਾਨ ਹੀ ਉਸ ਦੀ ਇਕ ਕੰਧ ਉੱਤੇ ਮੈਂ, ਅੰਗਰੇਜ਼ੀ ਵਿਚ ਲਿਖਿਆ ਹੋਇਆ ‘ਲਾਅ ਸਕੂਲ ਔਫ ਨਿਊ ਯਾਰਕ’ ਪੜ੍ਹ ਲਿਆ। ਮੈਨੂੰ ਇਹ ਪਤਾ ਲੱਗ ਗਿਆ ਕਿ ਇਹ ਅੰਬਰੀ ਇਮਾਰਤ ਕੀ ਹੈ, ਪਰ ਅਜੇ ਉਸ ਬਾਰੇ ਜਾਨਣ ਵਾਲ਼ਾ ਹੋਰ ਵੀ ਬੜਾ ਕੁੱਝ ਬਾਕੀ ਸੀ, ਜਿਸ ਨੂੰ ਜਾਨਣ ਖ਼ਾਤਰ ਮੈਂ ਉਸ ਇਮਾਰਤ ਦੀ ਦੂਜੀ ਬਾਹੀ ਨਾਲ਼ ਲੱਗਦੀ ਸੜਕੇ ਮੁੜ ਚੁੱਕਾ ਸਾਂ।
ਉਸ ਸੜਕ ਦੇ ਅਗਲੇ ਸਿਰੇ ’ਤੇ ਇਕ ਚੌਰਾਹਾ ਸੀ, ਜਿਸ ਵੱਲ ਉਸ ਇਮਾਰਤ ਦਾ ਅਗਲਾ ਹਿੱਸਾ ਸੀ। ਮੈਂ ਦੇਖਿਆ ਕਿ ਜਿੱਦਰਲੇ ਪਾਸੇ ਮੈਂ ਉਸ ਇਮਾਰਤ ਦਾ ਮੁੱਖ ਦਰਵਾਜ਼ਾ ਹੋਣ ਬਾਰੇ ਸੋਚ ਰਿਹਾ ਸਾਂ, ਉਸ ਦੀ ਉਸ ਨੁੱਕਰ ਉੱਤੇ ਛੱਡੇ ਹੋਏ ਬਰਾਂਡੇ ਜਿਹੇ ਵਿਚ, ਦੋ-ਢਾਈ ਮੰੰਜ਼ਿਲਾਂ ਜਿੰਨਾ ਉੱਚਾ ਇਕ ਭਰਿਆ ਹੋਇਆ ਲੱਗਦਾ ਗੁਬਾਰਾ ਜਿਹਾ ਫਸਾਇਆ ਹੋਇਆ ਸੀ। ਉਸ ਗੁਬਾਰੇ ਦੇ ਬਾਹਰਲੇ ਤਲ ਤੋਂ ਉਹ, ਇਕ ਅਕਸ ਦਿਖਾਊ ਸ਼ੀਸ਼ਾ ਲੱਗਦਾ ਸੀ। ਮੈਂ ਉਸ ਦੇ ਸੀਸ਼ੇ ਵਰਗੇ ਤਲ ਉੱਤੇ ਠੋਲਾ ਮਾਰ ਕੇ ਦੇਖਿਆ ਤਾਂ ਉਹ ਕਿਸੇ ਧਾਤ ਵਾਂਗ ਟੁਣਕਿਆ। ਉਸ ਤੋਂ ਉਸ ਦੇ ਗੁਬਾਰਾ ਜਾਂ ਸ਼ੀਸ਼ਾ ਹੋਣ ਦਾ ਸ਼ੱਕ ਤਾਂ ਮਿਟ ਗਿਆ ਕਿਉਂ ਕਿ ਉਹ ਤਲ ਤਕਰੀਬਨ ਇਕ ਇੰਚ ਮੋਟਾ ਤਾਂ ਲੱਗਿਆ ਹੀ ਸੀ। ਮੈਂ ਕੁੱਝ ਹੋਰ ਸੋਚਣ-ਵਿਚਾਰਨ ਤੋਂ ਪਹਿਲਾਂ ਉਸ ਗੁਬਾਰੇ ਜਿਹੇ ਦੀਆਂ ਦੋ ਕੁ ਫੋਟੋ ਖਿੱਚ ਲਈਆਂ, ਜੋ ਨਾ ਚਾਹੁਣ ’ਤੇ ਵੀ ‘ਸੈਲਫੀਆਂ ਜਿਹੀਆਂ’ ਹੀ ਬਣ ਗਈਆਂ ਕਿਉਂ ਕਿ ਮੇਰਾ, ਫੋਟੋ ਖਿੱਚਦੇ ਦਾ ਅਕਸ ਵੀ ਫੋਟੋ ਵਿਚ ਦਿਸ ਰਿਹਾ ਸੀ।
ਮੈਂ ਉੱਥੇ ਖੜ੍ਹੇ-ਖੜ੍ਹੇ ਨੇ ਆਪਣੇ ਸੈੱਲ ਫੋਨ ਦੇ ‘ਗੂਗਲ ਸਰਚ’ ਦੇ ਖਾਨੇ ਵਿਚ ‘ਲਾਅ ਸਕੂਲ ਔਫ ਨਿਊ ਯਾਰਕ’ ਟਾਈਪ ਕੀਤਾ ਤਾਂ ਉਸ ਅੰਬਰੀ ਇਮਾਰਤ ਦੀਆਂ ਤੇ ਉਸ ਗੁਬਾਰੇ ਵਰਗੇ ਦਿਸਦੇ ਬੁੱਤ ਦੀਆਂ ਕਈ ਤਸਵੀਰਾਂ ਦੇ ਨਾਲ਼ ਹੀ ਉਨ੍ਹਾਂ ਦੋਹਾਂ ਸਬੰਧੀ ਜਾਣਕਾਰੀ ਵੀ ਸਾਹਮਣੇ ਆ ਗਈ। ਮੋਟੀ-ਮੋਟੀ ਜਾਣਕਾਰੀ ਇਸ ਤਰ੍ਹਾਂ ਸੀ:
“ਬੁੱਤਸਾਜ਼ ਅਨੀਸ਼ ਕੁਮਾਰ ਵੱਲੋਂ ਬਣਾਇਆ ਹੋਇਆ ਇਹ ਗੋਲਾਈਦਾਰ ਬੁੱਤ, 2008 ਵਿਚ ਲੋਅਰ ਮਨਹੱਟਨ ਦੀਆਂ ਦੋ ਸੜਕਾਂ ਦੇ ਚੌਰਾਹੇ ਦੇ ਇਕ ਖੂੰਜੇ ਵਿਚ ਲਗਾਇਆ ਗਿਆ ਸੀ। ਭਾਵੇਂ ਇਸ ਬੁੱਤ ਦਾ ਕੋਈ ਨਾਂ ਨਹੀਂ ਰੱਖਿਆ ਗਿਆ, ਪਰ ਇਸ ਵਿਚੋਂ, ਸ਼ਿਕਾਗੋ ਵਿਖੇ ਲਗਾਏ ਹੋਏ ਇਸੇ ਹੀ ਤਰ੍ਹਾਂ ਦੇ ਇਕ ਵੱਡੇ ਬੁੱਤ ‘ਕਲਾਊਡ ਗੇਟ’ ਦੇ ਬਹੁਤ ਸਾਰੇ ਨਕਸ਼ਾਂ ਦਾ ਝਾਉਲਾ ਪੈਂਦਾ ਹੈ। ਉੱਝ, ਨਿਊ ਯਾਰਕ ਵਿਚ ਇਸ ਬੁੱਤ ਨੂੰ ‘ਦ ਬੀਨ’ ਕਿਹਾ ਜਾਣ ਲੱਗ ਪਿਆ ਹੈ। ਨਿਊ ਯਾਰਕ ਵਿਚ ਇਹ ਬੁੱਤ, ਚਰਚ ਸਟਰੀਟ ਅਤੇ ਲਿਓਨਾਰਡ ਸਟਰੀਟ ਦੇ ਚੌਹਾਹੇ ਦੇ ਇਕ ਖੂੰਜੇ ਵਿਚ ਲੱਗਿਆ ਹੋਇਆ ਹੈ। ਇਸ ਇਲਾਕੇ ਨੂੰ ‘ਟ੍ਰੀਬੇਕਾ’ ਕਿਹਾ ਜਾਂਦਾ ਹੈ ਤੇ ਬੁੱਤ ਦਾ ਸਿਰਨਾਵਾਂ ‘56 ਲਿਓਨਾਰਡ ਸਟਰੀਟ, ਮਨਹੱਟਨ’ ਹੈ।”
ਗੱਲ ਵਧਣੋਂ ਰੋਕਦਿਆਂ ਦੱਸਣਾ ਬਣਦਾ ਹੈ ਕਿ ਉਸੇ ਹੀ ਰਾਤ, ਆਪਣੇ ਹੋਟਲ ਦੇ ਕਮਰੇ ਵਿਚ ਮੈਂ, ਫੇਰ ‘ਗੂਗਲ’ ਦਾ ਖੀਸਾ ਫਰੋਲ ਕੇ ਇਸ ਬੁੱਤ ਦੇ ਇਤਿਹਾਸ ਦੀਆਂ ਗੁੱਝੀਆਂ ਪਰਤਾਂ ਉਘਾੜਨ ਦੇ ਹੀਲੇ ਵਿੱਢੇ ਹੀ ਸਨ ਕਿ ਇੰਟਰਨੈੱਟ ਦੇ ਮਾਹਰਾਂ ਦੀ ਜਾਈ ‘ਬਣਾਉੁਟੀ ਚਤਰਾਈ’ ਯਾਨੀ ‘ਆਰਟੀਫੀਸ਼ੀਅਲ ਇੰਟੇਲੀਜੈਂਸ’ ਨੇ ਮੇਰੇ ਨਾਲ਼ ਮੱਥਾ ਲਾ ਲਿਆ। ਉਸ ਨੇ ‘ਗੁਬਾਰਾਨੁਮਾ ਇਸ ਬੁੱਤ’ ਦੇ ਸਬੰਧ ਪਹਿਲਾ ਫ਼ਤਵਾ ਇਹ ਦਿੱਤਾ ਕਿ ਇਹ ਬੁੱਤ ਨਿਊ ਯਾਰਕ ਵਿਚ ਨਹੀਂ ਹੈ, ਸਗੋਂ ਸ਼ਿਕਾਗੋ ਦੇ ਇਲੀਨੋਇਸ ਇਲਾਕੇ ਵਿਚ ਲੱਗਿਆ ਹੋਇਆ ਹੈ।
ਮੈਂ ਆਪਣੇ ਨਾਲ਼ ‘ਚੈਟ’ ਕਰ ਰਹੇ ਉਸ ਸ਼ਖ਼ਸ ਨੂੰ ਇਸ ਦਾ ਜੁਆਬ ਇਹ ਦਿੱਤਾ, “ਨਹੀਂ ਜਨਾਬ, ਤੁਸੀਂ ਕੁੱਝ ਬਹੁਤੇ ਹੀ ਬਣਾਉਟੀ ਜਿਹੇ ਲੱਗਦੇ ਹੋ। ਮੈਂ, ਨਿਊ ਯਾਰਕ ਵਿਚ ਇਸ ਬੁੱਤ ਦੇ ਸਾਹਮਣੇ ਖੜ੍ਹਾ ਹਾਂ ਤੇ ਜੇ ਮੈਂ ਇਸ ਨਾਲ਼ ਇਕ ਸੈਲਫੀ ਖਿੱਚ ਕੇ ਜਨਾਬ ਨੂੰ ਭੇਜਾਂ ਫੇਰ ਤਾਂ ਇਹ ਯਕੀਨ ਹੋ ਹੀ ਜਾਊਗਾ ਨਾ ਕਿ ਇਹ ਬੁੱਤ ਨਿਊ ਯਾਰਕ ਵਿਚ ਲੱਗਿਆ ਹੋਇਆ ਹੈ?”
ਮੇਰੇ ਵੱਲੋਂ ਇਹ ਕਹਿਣ ’ਤੇ ਉਸ ‘ਬਣਾਉੇਟੀ ਚਤਰ ਸਿਹੁੰ’ ਨੇ ਕਿਹਾ, “ਤੁਸੀਂ ਇਹ ਸਹੀ ਫ਼ਰਮਾਇਆ ਹੈ। ਮੈਂ ਤਾਂ ਇਕ ਮਸ਼ੀਨ ਹੀ ਹਾਂ ਜੀ। ਜੇ ਤੁਸੀਂ ਸੈਲਫੀ ਭੇਜੋਗੇ ਤਾਂ ਤੁਹਾਡਾ ਦਾਅਵਾ ਸਹੀ ਮੰਨ ਲਵਾਂਗੇ ਜੀ। ਇਸ ਤਰ੍ਹਾਂ ਕਰਨਾ ਠੀਕ ਰਹੇਗਾ ਤਾਂ ਕਿ ਭਲਕ ਨੂੰ ਇਸ ਤਰ੍ਹਾਂ ਦੀ ਗ਼ਲਤੀ ਦੁਬਾਰਾ ਨਾ ਹੋਵੇ।”
ਜਦੋਂ ਮੈਂ ਉਸ ਨੂੰ ਇਹ ਪੱਛਿਆ ਕਿ ਮੈਂ ਉਸ ਨਾਲ਼ ਹੋਈ ਇਹ ਗੱਲ-ਬਾਤ ਕਿਤੇ ਸਾਂਝੀ ਕਰ ਸਕਦਾ ਹਾਂ ਤਾਂ ਉਸ ਨੇ ਮੈਨੂੰ ਸਲੀਕੇ, ਅਦਬ ਅਤੇ ਸ਼ਾਇਸਤਗੀ ਦਾ ਸਬਕ ਦੇਣ ਵਿਚ ਕਸਰ ਨਾ ਛੱਡੀ ਤੇ ਨਾਲ਼ ਹੀ ਕਿਹਾ ਕਿ ਇਸ ਚੈਟ ਵਿਚਲੀ ਸਮੱਗਰੀ ਸਾਡੀ ਮਾਲਕਣ ਕੰਪਨੀ ਦੀ ਮਲਕੀਅਤ ਹੈ। ਮੈਂ, ਫੋਨ ਰਾਹੀਂ ‘ਬਣਾਉਟੀ ਚਤਰਾਈ’ ਦੀ ਤਹਿ ਲਗਾਉਣ ਦੀ ਇਹ ਦਾਸਤਾਨ, ਜਲੰਧਰ ਵਿਚ ਆਪਣੇ ਸਾਬਕਾ ਸਹਿਕਰਮੀ ਤੇ ਮੌਜੂਦਾ ਮਿੱਤਰ ਜਸਵਿੰਦਰ ‘ਆਨੰਦ’ ਨਾਲ਼ ਸਾਂਝੀ ਕਰ ਲਈ। ਅਗਲੇ ਹੀ ਦਿਨ, ਸ਼੍ਰੀ ਆਨੰਦ ਨੇ ਗੂਗਲ ਉੱਤੇ ਆਈ ਹੋਈ ਇਕ ਖ਼ਬਰ ਮੈਨੂੰੰ ਭੇਜ ਕੇ ਇਹ ਪੁੱਛਿਆ, “ਇਸੇ ਗੁਬਾਰੇ ਜਿਹੇ ਦੀ ਗੱਲ ਕਰਦਾ ਸੀ ਨਾ ਭਾਅ ਤੂੰ ਰਾਤੀਂ?” ਉਸ ਖ਼ਬਰ ਦਾ ਸਾਰ ਇਸ ਤਰ੍ਹਾਂ ਹੈ:
“ਬਰਤਾਨਵੀ ਬੁੱਤਸਾਜ਼ ਅਨੀਸ਼ ਕਪੂਰ ਵੱਲੋਂ ਸ਼ਿਕਾਗੋ ਵਿਚ ਲਗਾਏ ਹੋਏ ਇਕ ਵੱਡੇ ਬੁੱਤ ‘ਕਲਾਊਡ ਗੇਟ’ ਦਾ ਇਕ ਛੋਟਾ ਰੂਪ, ਨਿਊ ਯਾਰਕ ਦੇ ਮਨਹੱਟਨ ਇਲਾਕੇ ਵਿਚ ਲੱਗੇ ਹੋਏ ਹੋਣ ਦਾ ਪਤਾ ਲੱਗਿਆ ਹੈ।” ਇਸ ਤੋਂ ਮਗਰੋਂ ਇਸ ਖ਼ਬਰ ਵਿਚ ਇਸ ਤਰ੍ਹਾਂ ਦੇ ਵੇਰਵੇ ਸਨ, ਜਿਨ੍ਹਾਂ ਤੋਂ ਇਹ ਲੱਗਦਾ ਸੀ ਕਿ ਇਹ ਜਾਣਕਾਰੀ ‘ਬਣਾਉਟੀ ਚਤਰਾਈ’ ਦੇ ਸੂਹੀਆਂ ਨੇ ਮੌਕੇ ਊੱਤੇ ਪਹੁੰਚ ਕੇ ਹਾਸਲ ਕੀਤੀ ਹੋਈ ਹੈ। ਇਸ ਖ਼ਬਰ ਵਿਚ ਉਸ ‘ਚੈਟ’ ਦਾ ਕੋਈ ਨਾਂ-ਭੋਗ ਨਹੀਂ ਪਾਇਆ ਗਿਆ ਸੀ, ਜਿਸ ਦਾ ਜ਼ਿਕਰ ਮੈਂ ਇਸ ਲੇਖ ਵਿਚ ਕਰ ਆਇਆ ਹਾਂ।
ਇਨ੍ਹੀਂ ਦਿਨੀਂ, ਇੰਟਰਨੈੱਟ ਦੇ ਦੀਵਾਨਿਆਂ ਵੱਲੋਂ ਇਸ ‘ਬਣਾਉਟੀ ਚਤਰਾਈ’ ਦੀ ਬਹੁਤੀ ਹੀ ਲਲਾ-ਲਲਾ ਕਰਾਈ ਜਾ ਰਹੀ ਹੋਣ ਦੀ ਵਜ੍ਹਾ ਨਾਲ਼ ਇਸ ਲੇਖ ਲੜੀ ਦਾ ਇਹ ਲੇਖ ਹੋਰ ਵੀ ਸਾਰਥਕ ਹੋ ਜਾਂਦਾ ਹੈ ਕਿ ਇਹ ‘ਬਣਉਟੀ ਚਤਰਾਈ’ ਕਿਸ ਹੱਦ ਤਕ ਬਣਾਉਟੀ ਹੈ, ਜਿਸ ਨੇ ਆਪਣੀ ਜਾਣਕਾਰੀ ਸਾਂਝੀ ਕਰਨ ਲੱਗਿਆਂ ਆਪਣਾ ਸੂਤਰ ਵੀ ਨਿਗਲ ਲਿਆ ਹੈ। ਇਹ ਲੇਖ, ਇਸ ਗੱਲ ਦਾ ਪ੍ਰਮਾਣ ਹੀ ਨਹੀਂ ਸਨਦ ਵੀ ਸਮਝਿਆ ਜਾ ਸਕਦਾ ਹੈ।
ਉਂਝ, ਆਪਣੇ ਵੱਲੋਂ ਲੱਭੇ ਗਏ, ਗੁਬਾਰੇ ਵਰਗੇ ਇਸ ਬੁੱਤ ਬਾਰੇ ਇਹ ਦੱਸਣਾ ਕਿਤੇ ਰਹਿ ਹੀ ਨਾ ਜਾਵੇ ਕਿ ਇਸ ਬੁੱਤ ਦੀ ਉਚਾਈ 19 ਫੁੱਟ ਹੈ ਅਤੇ ਇਸ ਨੂੰ ਬਣਾ ਕੇ ਲਾਉਣ ਵਿਚ 8 ਮਿਲੀਅਨ ਡਾਲਰ ਤੋਂ 10 ਮਿਲੀਅਨ ਡਾਲਰ ਤਕ ਖ਼ਰਚ ਆਇਆ ਸੀ।#

ਨਿਊ ਯਾਰਕ ਵਿਚ ਲੱਗੇ ਹੋਏ ਗੁਬਾਰਾਨੁਮਾ ਬੁੱਤ ਦੀ, ਇਸ ਲੇਖਕ ਵੱਲੋਂ ਖਿੱਚੀ ਹੋਈ ਤਸਵੀਰ
ਫੋਟੋ ਖਿਚਦੇ ਲੇਖਕ ਦਾ, ਗੁਬਾਰੇ ਵਿਚ ਦਿਸਦਾ ਅਕਸ
ਸ਼ਿਕਾਗੋ ਵਿਚ ਲੱਗੇ ਹੋਏ ਹੋਏ ‘ਕਲਾਊਡ ਗੇਟ’ ਬੁੱਤ ਦੀ ਇਕ ਝਲਕ