Headlines

ਸੁਖ ਧਾਲੀਵਾਲ ਵਲੋਂ ਕੈਨੇਡੀਅਨ ਸੰਸਦ ਵਿਚ ਸਿੱਖ ਨਸਲਕੁਸ਼ੀ ਦਾ ਮਤਾ ਵਿਰੋਧ ਕਾਰਣ ਰੱਦ

ਕੱਟੜਪੰਥੀ ਐਮ ਪੀ ਚੰਦਰ ਆਰੀਆ ਵਲੋਂ ਮਤੇ ਦੇ ਵਿਰੋਧ ਉਪਰੰਤ ਧਮਕਾਏ ਜਾਣ ਦੇ ਦੋਸ਼-

ਵਿੰਨੀਪੈਗ ( ਸੁਰਿੰਦਰ ਮਾਵੀ)-

ਕੈਨੇਡੀਅਨ ਸੰਸਦ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਐਲਾਨਣ ਦੇ ਮਤੇ ਨੂੰ ਰੱਦ ਕਰ ਦਿੱਤਾ ਹੈ ਜਿਸ ਨੂੰ ਲਿਬਰਲ  ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਹਾਊਸ ਆਫ਼ ਕਾਮਨਜ਼ ਦੀ ਸਥਾਈ ਕਮੇਟੀ ਸਾਹਮਣੇ ਪੇਸ਼ ਕੀਤਾ ਸੀ। ਧਾਲੀਵਾਲ ਨੇ ਆਪਣਾ ਮਤਾ ਰੱਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਅੱਜ ਸੰਸਦ ਵਿੱਚ ਸਰਬਸੰਮਤੀ ਨਾਲ ਸਹਿਮਤੀ ਮਤਾ ਪੇਸ਼ ਕੀਤਾ ਕਿ 1984 ਦੌਰਾਨ ਅਤੇ ਉਸ ਤੋਂ ਬਾਅਦ ਭਾਰਤ ਵਿੱਚ ਸਿੱਖਾਂ ਵਿਰੁੱਧ ਕੀਤੇ ਗਏ ਅਪਰਾਧਾਂ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਵੇ ਪਰ ਕੁਝ ਕੰਸਰਵੇਟਿਵ ਸੰਸਦ ਮੈਂਬਰਾਂ ਅਤੇ ਇਕ ਲਿਬਰਲ ਸੰਸਦ ਮੈਂਬਰ ਨੇ ਇਸ ਦਾ ਵਿਰੋਧ ਕੀਤਾ।

ਸੁਖ ਧਾਲੀਵਾਲ ਵੱਲੋਂ ਜਿਉਂ ਹੀ 1984 ਦੇ ਸਿੱਖ ਕਤਲੇਆਮ ਨੂੰ ਸਰਬਸੰਮਤੀ ਨਾਲ ਸਿੱਖ ਨਸਲਕੁਸ਼ੀ ਐਲਾਨੇ ਜਾਣ ਦਾ ਮਤਾ ਪੇਸ਼ ਕੀਤਾ ਗਿਆ ਤਾਂ ਹਾਊਸ ਆਫ਼ ਕਾਮਨਜ਼ ਵਿਚੋਂ ਕਈਆਂ ਨੇ ਵਿਰੋਧ ਕੀਤਾ ਜਿਸ ਮਗਰੋਂ ਸਪੀਕਰ ਨੇ ਮਤੇ ਨੂੰ ਸਿੱਧੇ ਤੌਰ ’ਤੇ ਰੱਦ ਮੰਨ ਲਿਆ। ਇਸੇ ਦੌਰਾਨ ਐੱਮ.ਪੀ. ਚੰਦਰਾ ਆਰੀਆ ਨੇ ਹਾਊਸ ਆਫ਼ ਕਾਮਨਜ਼ ਵਿਚ ਦੋਸ਼ ਲਾਇਆ ਕਿ ਇਕ ਸਾਥੀ ਐੱਮ ਪੀ ਵੱਲੋਂ ਉਨ੍ਹਾਂ ਨੂੰ ਧਮਕਾਇਆ ਗਿਆ। ਸਦਨ ਵਿਚ ਭਾਵੇਂ ਚੰਦਰਾ ਆਰੀਆ ਵੱਲੋਂ ਕਿਸੇ ਦਾ ਨਾਂ ਨਹੀਂ ਲਿਆ ਗਿਆ ਪਰ ਆਪਣੇ ਐਕਸ ਅਕਾਊਂਟ ’ਤੇ ਅਪਲੋਡ ਵੀਡੀਓ ਵਿਚ ਉਹ ਸੁਖ ਧਾਲੀਵਾਲ ਦਾ ਨਾਂ ਲੈਂਦੇ ਸੁਣੇ ਜਾ ਸਕਦੇ ਹਨ।

ਚੰਦਰਾ ਆਰੀਆ ਵੱਲੋਂ ਦਾਅਵਾ ਕੀਤਾ ਗਿਆ ਕਿ ਸਿਰਫ਼ ਉਨ੍ਹਾਂ ਦੇ ਨਾਂਹ ਕਹਿਣ ਨਾਲ ਮਤਾ ਰੱਦ ਹੋ ਗਿਆ ਪਰ ਰਿਪੋਰਟ ਵਿਚ ਸਪਸ਼ਟ ਤੌਰ ’ਤੇ ਦੱਸਿਆ ਗਿਆ ਹੈ ਕਿ ਕਈ ਐੱਮ ਪੀਜ਼ ਨੇ ਇਸ ਮਤੇ ਦਾ ਵਿਰੋਧ ਕੀਤਾ। ਚੰਦਰਾ ਆਰੀਆ ਵੱਲੋਂ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਖ਼ਾਲਿਸਤਾਨ ਹਮਾਇਤੀਆਂ ਨਾਲ ਜੋੜਨ ਦਾ ਯਤਨ ਵੀ ਕੀਤਾ ਗਿਆ ਅਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਹਿੰਦੂ ਕੈਨੇਡੀਅਨਜ਼ ਨੂੰ ਮੈਦਾਨ ਵਿਚ ਆਉਣ ਦਾ ਸੱਦਾ ਵੀ ਦਿੱਤਾ ਗਿਆ।

ਸੰਸਦ ਮੈਂਬਰ ਨੇ ਚਿਤਾਵਨੀ ਦਿੱਤੀ ਕਿ ਖਾਲਿਸਤਾਨੀ ਲਾਬੀ ਇਕ ਵਾਰ ਫਿਰ ਸੰਸਦ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰੇਗੀ ਕਿ ਉਹ 1984 ਦੇ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਵੇ।

Leave a Reply

Your email address will not be published. Required fields are marked *