ਵਾਸ਼ਿੰਗਟਨ-
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤੀ-ਅਮਰੀਕੀ ਹਰਮੀਤ ਕੌਰ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ’ਤੇ ਟਰੰਪ ਨੇ ਲਿਖਿਆ ਕਿ, ‘‘ਮੈਂ ਹਰਮੀਤ ਕੇ. ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ ਹਾਂ।’’
ਟਰੰਪ ਨੇ ਕਿਹਾ ਕਿ ਹਰਮੀਤ ਦੇਸ਼ ਦੇ ਚੋਟੀ ਦੇ ਚੋਣ ਵਕੀਲਾਂ ਵਿੱਚੋਂ ਇੱਕ ਹੈ, ਜੋ ਇਹ ਯਕੀਨੀ ਬਣਾਉਣ ਲਈ ਲੜ ਰਹੀ ਹੈ ਕਿ ਸਾਰੀਆਂ ਅਤੇ ਸਿਰਫ਼ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਵੇ। ਉਹ ਡਾਰਟਮਾਊਥ ਕਾਲਜ ਅਤੇ ਯੂਨੀਵਰਸਿਟੀ ਆਫ ਵਰਜੀਨੀਆ ਲਾਅ ਸਕੂਲ ਦੀ ਗ੍ਰੈਜੂਏਟ ਹੈ ਅਤੇ ਯੂਐਸ ਫੋਰਥ ਸਰਕਟ ਕੋਰਟ ਆਫ ਅਪੀਲਜ਼ ਵਿੱਚ ਕਲਰਕ ਹੈ
ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ ’ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਅਰਦਾਸ ਕਰਨ ਤੋਂ ਬਾਅਦ ਢਿੱਲੋਂ ’ਤੇ ਨਸਲੀ ਟਿੱਪਣੀਆਂ ਹੋਈਆਂ ਸੀ। ਪਿਛਲੇ ਸਾਲ ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਅਸਫਲ ਰਹੀ ਸੀ। ਚੰਡੀਗੜ੍ਹ ’ਚ ਜਨਮੀ 54 ਸਾਲਾ ਢਿੱਲੋਂ ਆਪਣੇ ਮਾਤਾ-ਪਿਤਾ ਨਾਲ ਬਚਪਨ ’ਚ ਹੀ ਅਮਰੀਕਾ ਚਲੀ ਗਈ ਸੀ।